• 12:29 pm
Go Back

ਕੈਨੇਡਾ ਦੇ ਸ਼ਹਿਰ ਕਾਮਲੂਪਸ ‘ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉਹ ਆਪਣੇ ਤਿੰਨ ਦੋਸਤਾਂ ਨਾਲ ਥੋਮਪਸਨ ਨਦੀ ‘ਚ ਤੈਰਾਕੀ ਕਰਨ ਲਈ ਗਿਆ ਸੀ ਅਤੇ ਇੱਥੇ ਡੁੱਬ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਐਮਰਜੈਂਸੀ ਕਰਿਊ ਵੀ ਉਸ ਨੂੰ ਲੱਭਦਾ ਰਿਹਾ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਪੁਲਸ ਕਿਸ਼ਤੀਆਂ ਅਤੇ ਡਰੋਨ ਦੀ ਸਹਾਇਤਾ ਨਾਲ ਉਸ ਨੂੰ ਲੱਭਦੀ ਰਹੀ ਅਤੇ ਸ਼ਨੀਵਾਰ ਸਵੇਰੇ 11 ਵਜੇ ਉਸ ਦੀ ਲਾਸ਼ ਮਿਲੀ। ਫਿਲਹਾਲ ਉਸ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਕਾਮਲੂਪਸ ਸ਼ਹਿਰ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਹੈ, ਜਿੱਥੇ ਕਾਫੀ ਭਾਰਤੀ ਰਹਿੰਦੇ ਹਨ।

ਪੁਲਿਸ ਨੇ ਕਿਹਾ ਕਿ ਇਹ ਸ਼ੱਕੀ ਮਾਮਲਾ ਨਹੀਂ ਹੈ ਸਗੋਂ ਲੱਗਦਾ ਹੈ ਕਿ ਉਹ ਨਦੀ ‘ਚ ਤਸਵੀਰਾਂ ਲੈ ਰਿਹਾ ਸੀ ਤੇ ਉਸ ਦਾ ਪੈਰ ਫਿਸਲ ਗਿਆ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਦੀਆਂ ਕੋਲ ਜਾਣ ਸਮੇਂ ਪੂਰਾ ਧਿਆਨ ਰੱਖਣ। ਜਿਨ੍ਹਾਂ ਲੋਕਾਂ ਨੂੰ ਤੈਰਾਕੀ ਕਰਨੀ ਨਹੀਂ ਆਉਂਦੀ ਉਹ ਵੀ ਨਦੀਆਂ ‘ਚ ਤੈਰਨ ਦੀ ਕੋਸ਼ਿਸ਼ ਕਰਦੇ ਹਨ ਤੇ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ। ਕਾਮਲੂਪਸ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਬਹੁਤ ਦਰਦਨਾਕ ਹਾਦਸਾ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਥੋਮਪਸਨ ਰਿਵਰ ਯੂਨੀਵਰਸਿਟੀ ‘ਚ ਪੜ੍ਹਦਾ ਸੀ। ਪੁਲਸ ਨੇ ਦੱਸਿਆ ਕਿ ਨੌਜਵਾਨ ਦਾ ਪਰਿਵਾਰ ਭਾਰਤ ‘ਚ ਰਹਿੰਦਾ ਹੈ।

Facebook Comments
Facebook Comment