• 2:15 pm
Go Back

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਇੰਡੀਆਨਾ ‘ਚ ਸੜਕ ਹਾਦਸੇ ਵਿੱਚ ਦੋ ਪੰਜਾਬੀ ਮੂਲ ਦੇ ਨੌਜਵਾਨ ਭਰਾਵਾਂ ਦੀ ਮੌਤ ਹੋ ਗਈ ਹੈ। ਦੋਵੇਂ ਇੰਡੀਆਨਾਪੋਲਿਸ ਦੇ ਉੱਪ-ਨਗਰ ਫ਼ਿਸ਼ਰਜ਼ ਸਿਟੀ ਦੇ ਰਹਿਣ ਵਾਲੇ ਸਨ ਤੇ ਮਮੇਰੇ ਭਰਾ ਸਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਵਨੀਤ ਸਿੰਘ ਚਹਿਲ (22) ਤੇ ਵਰੁਨਦੀਪ ਸਿੰਘ ਬੜਿੰਗ (19) ਵਜੋਂ ਹੋਈ ਹੈ।

ਪੁਲਿਸ ਵੱਲੋਂ ਦਿੱਤੀ ਦੇ ਜਾਣਕਾਰੀ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਦੇਰ ਰਾਤ ਢਾਈ ਵਜੇ ਵਾਪਰਿਆ, ਜਦ ਉਹ ਤਿੰਨ ਜਣੇ 2017 ਮਾਡਲ ਮਰਸਿਡੀਜ਼ ਬੈਂਜ਼ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਉਨ੍ਹਾਂ ਦੀ ਕਾਰ ਦਰੱਖ਼ਤ ਵਿੱਚ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨ ਕਾਰ ਵਿੱਚੋਂ ਬਾਹਰ ਡਿੱਗ ਪਏ ਤੇ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ 20 ਸਾਲਾ ਨੌਜਵਾਨ ਗੁਰਜੋਤ ਸਿੰਘ ਸੰਧੂ ਜ਼ਖ਼ਮੀ ਹੋਇਆ ਹੈ ਤੇ ਇਸ ਵੇਲੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਖ਼ਬਰ ਏਜੰਸੀ 13WTHR ਮੁਤਾਬਕ ਇਸ ਹਾਦਸੇ ਦੀ ਜਾਂਚ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਵਨੀਤ ਕਾਰ ਚਲਾ ਰਿਹਾ ਸੀ ਤੇ ਉਸ ਨੇ ਸੀਟ-ਬੈਲਟ ਨਹੀਂ ਲਾਈ ਹੋਈ ਸੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਹਾਦਸੇ ਨਾਲ ਜੁੜੇ ਸਾਰੇ ਤੱਥਾਂ ਦਾ ਪਤਾ ਲਾ ਲੈਣਗੇ। ਇੰਡੀਆਨਾ ‘ਚ ਸਿੱਖ ਭਾਈਚਾਰੇ ਨੇ ਪੀੜਤ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟਾਇਆ ਹੈ।

Facebook Comments
Facebook Comment