• 1:34 pm
Go Back

ਹੁਣ ਵੱਡਾ ਸਵਾਲ ਇਹ ਕਿ, ਕੀ ਸਿੱਟ ਬਾਦਲਾਂ ਤੇ ਅਕਸ਼ੈ ਕੁਮਾਰ ਨੂੰ ਜਾਂਚ ਲਈ ਇੱਕ ਵਾਰ ਫਿਰ ਬੁਲਾਵੇਗੀ ?

ਬਰਨਾਲਾ : ਬਾਦਲਾਂ ਅਤੇ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੰਗੀ ਜਾ ਰਹੀ ਮਾਫੀ ਦੌਰਾਨ ਪੰਜਾਬ ਦੀ ਸਿਆਸਤ ਇਸ ਵੇਲੇ ਬੇਸ਼ੱਕ ਅਕਾਲੀਆਂ ‘ਤੇ ਹੀ ਕੇਂਦਰਿਤ ਹੋ ਕੇ ਰਹਿ ਗਈ ਹੋਵੇ ਪਰ ਦੂਜੇ ਪਾਸੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਆਪਣੀ ਰਫਤਾਰ ਅੱਗੇ ਵਧਦੀ ਜਾ ਰਹੀ ਹੈ । ਇਸ ਸਬੰਧ ‘ਚ ਹੁਣ ਸਾਬਕਾ ਸਾਂਸਦ ਤੇ ਸੀਨੀਅਰ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਵੀ ਸਿੱਟ ਕੋਲ ਬਿਆਨ ਦਰਜ਼ ਕਰਵਾ ਕੇ ਇਹ ਦਾਅਵਾ ਕੀਤਾ ਹੈ ਕਿ ਸੁਖਬੀਰ ਬਾਦਲ ਤੇ ਸੌਦਾ ਸਾਧ ਦੀ ਮੁਲਾਕਾਤ ਅਕਸ਼ੈ ਕੁਮਾਰ ਦੀ ਮੁੰਬਈ ਸਥਿਤ ਕੋਠੀ ਵਿੱਚ ਹੋਈ ਸੀ । ਜਿਸ ਤੋਂ ਬਾਅਦ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਤੇ ਬੇਅਦਬੀ ਕਾਂਡ ਦੀਆਂ ਘਟਨਾਵਾਂ ਵਾਪਰਣ ਤੋਂ ਬਾਅਦ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਕੇ 2 ਸਿੰਘ ਸ਼ਹੀਦ ਹੋਏ । ਖਾਲਸਾ ਵਲੋਂ ਪੇਸ਼ ਕੀਤੇ ਗਏ ਤਾਜ਼ਾ ਤੱਥਾਂ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਇਹ ਚਰਚਾ ਛਿੜ ਗਈ ਹੈ ਕਿ, ਕੀ ਹੁਣ ਸਿੱਟ ਅਧਿਕਾਰੀ ਬਾਦਲਾਂ ਤੇ ਅਕਸ਼ੈ ਕੁਮਾਰ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਇੱਕ ਵਾਰ ਫਿਰ ਸੰਮਨ ਕਰਨਗੇ ?
ਇਸ ਸਬੰਧ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਸਿੱਟ ਦੇ ਡੀ ਐਸ ਪੀ ਵਿਭੋਰ ਕੁਮਾਰ ਤੇ ਇੰਸਪੈਕਟਰ ਅਨਿਲ ਭਨੋਟ ਉਨ੍ਹਾਂ ਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਦੀ ਬਰਨਾਲਾ ਸਥਿਤ ਰਿਹਾਇਸ਼ ਤੇ ਆਏ ਸਨ । ਜਿਥੇ ਪੁਲਿਸ ਅਧਿਕਾਰੀਆਂ ਨੇ ਖਾਲਸਾ ਨਾਲ ਦੋ ਘੰਟੇ ਤੱਕ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਬਿਆਨ ਲਏ । ਖਾਲਸਾ ਅਨੁਸਾਰ ਉਨ੍ਹਾਂ ਨੇ ਸਿੱਟ ਅਧਿਕਾਰੀਆਂ ਨੂੰ ਦਿੱਤੇ 6 ਪੰਨਿਆਂ ਦੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸੌਦਾ ਸਾਧ ਨਾਲ ਮੁਲਾਕਾਤ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮੁੰਬਈ ਸਥਿਤ ਰਿਹਾਇਸ਼ ‘ਤੇ ਹੋਈ ਸੀ । ਖਾਲਸਾ ਦਾ ਦਾਅਵਾ ਹੈ ਕਿ ਇਸ ਕਰੀਬ ਸਾਢੇ ਤਿੰਨ ਘੰਟੇ ਲੰਬੀ ਚੱਲੀ ਮੁਲਾਕਾਤ ਦੌਰਾਨ ਸਾਰਿਆਂ ਨੇ ਇਕੱਠੀਆਂ ਖਾਣਾ ਖਾਧਾ । ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਵਿਚ ਸੁਖਬੀਰ ਬਾਦਲ ਨੇ ਸੌਦਾ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦੁਆਉਣ ਤੇ ਪੰਜਾਬ ‘ਚ ਸਾਧ ਦੀ ਫ਼ਿਲਮ ਐਮ ਐਸ ਜੀ-2 ਚਲਵਾਉਣ ਦਾ ਭਰੋਸਾ ਦਿੱਤਾ ।

ਜਿਸ ਦੇ ਬਦਲੇ ਸੌਦਾ ਸਾਧ ਨੇ ਸੁਖਬੀਰ ਨੂੰ ਭਰੋਸਾ ਦਿੱਤਾ ਕਿ ਆਉਂਦੀਆਂ ਚੋਣਾਂ ਦੌਰਾਨ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਅਕਾਲੀ ਦਲ ਨੂੰ ਹੀ ਪਈਆਂ ਜਾਣਗੀਆਂ । ਰਾਜਦੇਵ ਸਿੰਘ ਖਾਲਸਾ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਤੋਂ ਬਾਅਦ ਹੀ ਡੇਰਾ ਮੁਖੀ ਦੇ ਦੋ ਮੁਆਫੀਨਾਮੇ ਸਾਹਮਣੇ ਆਏ, ਇੱਕ ਹਿੰਦੀ ‘ਚ ਤੇ ਦੂਜਾ ਗੁਰਮੁਖੀ ਵਿੱਚ । ਉਨ੍ਹਾਂ ਕਿਹਾ ਕਿ ਜਿਹੜਾ ਹਿੰਦੀ ‘ਚ ਲਿਖਿਆ ਗਿਆ ਸੀ ਉਹ ਦਿੱਲੀ ਤੋਂ ਜਾਰੀ ਕੀਤਾ ਗਿਆ ਤੇ ਜੋ ਪੰਜਾਬੀ ‘ਚ ਲਿਖਿਆ ਗਿਆ ਸੀ ਉਹ ਮਾਫੀਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਭੇਜਿਆ ਗਿਆ । ਖਾਲਸਾ ਅਨੁਸਾਰ ਉਨ੍ਹਾਂ ਨੇ ਆਪਣੇ ਵਲੋਂ ਕੀਤੇ ਗਏ ਦਾਵਿਆਂ ਦੇ ਸਾਰੇ ਸਬੂਤ ਵੀ ਸਿੱਟ ਅਧਿਕਾਰੀਆਂ ਦੇ ਸਪੁਰਦ ਕਰ ਦਿੱਤੇ ਹਨ । ਉਨ੍ਹਾਂ ਕਿਹਾ ਕਿ ਉਸ ਵੇਲੇ ਸਿੱਖ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਸੀ ਕਿ ਕੋਈ ਗੁਨਾਹਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਨਾ ਹੋਇਆ ਹੋਵੇ ‘ਤੇ ਜਥੇਦਾਰਾਂ ਨੇ ਉਸ ਨੂੰ ਮਾਫ ਕਰ ਦਿੱਤਾ ਹੋਵੇ । ਇਸ ਸਾਬਕਾ ਸਾਂਸਦ ਨੇ ਦੋਸ਼ ਲਾਇਆ ਕਿ ਇਹ ਸਭ ਸੁਖਬੀਰ ਦੇ ਇਸ਼ਾਰਿਆਂ ‘ਤੇ ਵਾਪਰਿਆ ਸੀ ਜਿਸ ਦਾ ਬਾਅਦ ‘ਚ ਵਿਰੋਧ ਹੋਣ ‘ਤੇ ਮਾਫੀਨਾਮਾ ਵਾਪਸ ਲੈ ਲਿਆ ਗਿਆ । ਇਸ ਦਾ ਨਤੀਜਾ ਬਰਗਾੜੀ ‘ਚ ਵਾਪਰੇ ਬੇਅਦਬੀ ਕਾਂਡ ਦੀ ਘਟਨਾ ਤੋਂ ਬਾਅਦ ਗੋਲੀਕਾਂਡ ‘ਚ ਸਿੰਘਾਂ ਦੀ ਸ਼ਹਾਦਤ ਦੇ ਰੂਪ ‘ਚ ਸਾਹਮਣੇ ਆਇਆ ।
ਇਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਹਰਬੰਸ ਜਲਾਲ, ਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵਲੋਂ ਵੀ ਸਿੱਟ ਅਧਿਕਾਰੀਆਂ ਕੋਲ ਇਹੋ ਬਿਆਨ ਦਰਜ਼ ਕਰਵਾਏ ਜਾ ਚੁੱਕੇ ਹਨ ਕਿ ਸੁਖਬੀਰ ਦੀ ਸੌਦਾ ਸਾਧ ਨਾਲ ਮੀਟਿੰਗ ਅਕਸ਼ੈ ਕੁਮਾਰ ਦੀ ਰਿਹਾਇਸ਼ ‘ਤੇ ਹੋਈ ਸੀ, ਤੇ ਹੁਣ ਵਕੀਲ ਰਾਜਦੇਵ ਸਿੰਘ ਖਾਲਸਾ ਵਲੋਂ ਵੀ ਇਸੇ ਬਿਆਨ ਨੂੰ ਦੁਹਰਾਉਣ ਦੇ ਨਾਲ ਨਾਲ ਪੁਖ਼ਤਾ ਸਬੂਤ ਪੇਸ਼ ਕਰਨ ਦੇ ਦਾਵਿਆਂ ਤੋਂ ਬਾਅਦ ਸਿਆਸੀ ਹਲਕਿਆਂ ‘ਚ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਸਿੱਟ ਅਧਿਕਾਰੀ ਹੁਣ ਇੱਕ ਵਾਰ ਫਿਰ ਬਾਦਲਾਂ ਤੇ ਅਕਸ਼ੈ ਕੁਮਾਰ ਨੂੰ ਜਾਂਚ ਚ ਸ਼ਾਮਲ ਹੋਣ ਲਈ ਬੁਲਾਉਣ ਜਾ ਰਹੇ ਹਨ । ਪਰ ਕਦੋਂ ? ਇਹ ਅਜੇ ਭਵਿੱਖ ਦੇ ਗਰਭ ਵਿੱਚ ਹੈ ।

Facebook Comments
Facebook Comment