• 3:12 am
Go Back

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ਸਿੱਖ ਇਤਿਹਾਸ ਸੱਭਿਆਚਾਰ ਅਤੇ ਧਰਮ ‘ਤੇ ਹੋ ਰਹੇ ਹਮਲਿਆਂ ਲਈ ਸਿੱਧੇ ਤੌਰ ‘ਤੇ  ਆਰ ਐੱਸ ਐੱਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੂਵਮੈਂਟ ਦੇ ਆਗੂਆਂ ਡਾ. ਭਗਵਾਨ ਸਿੰਘ, ਕੈਪਟਨ ਚੰਨਣ ਸਿੰਘ ਅਤੇ ਸ. ਗੁਰਨਾਮ ਸਿੰਘ ਸਿਧੂ ਨੇ ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਆਰ. ਐਸ.ਐਸ. ਵਲੋਂ ਮੰਨੂਵਾਦੀ ਏਜੰਡੇ ਦੇ ਤਹਿਤ ਸਿੱਖ ਧਰਮ ਇਤਿਹਾਸ ਅਤੇ ਸਭਿਆਚਾਰ ਉਤੇ ਸਿੱਧੇ ਹਮਲੇ ਕੀਤੇ ਜਾ ਰਹੇ ਹਨ | ਭਾਵੇਂ ਕਿ ਉਹ ਸਕੂਲੀ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਨੂੰ ਹਟਾਉਣ ਦੀ ਗੱਲ ਹੋਵੇ ਜਾਂ ਨਾਗਪੁਰ ਵਲੋਂ ਸਿੱਖ ਗੁਰੂ ਸਾਹਿਬਾਨ ਬਾਰੇ ਤੋੜ ਮਰੋੜ ਕੇ ਗਲਤ ਜਾਣਕਾਰੀ ਛਾਪਣ ਬਾਰੇ ਹੋਵੇ, ਭਾਵੇਂ ਸਿੱਖ ਹੈਰੀਟੇਜ ਦੀ ਗੱਲ ਹੋਵੇ ਜਿਵੇਂ ਕਿ ਸ. ਦਿਆਲ ਸਿੰਘ ਕਾਲਜ ਦਾ ਨਾ ਵੰਦੇ ਮਾਤਰਮ ਕਰ ਦਿੱਤਾ ਗਿਆ | ਹੁਣ ਇਸ ਤੋਂ ਵੀ ਅੱਗੇ ਵਧਕੇ ਨਰਾਇਣ ਸਵਾਮੀ ਵਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਗੁਰਬਾਣੀ ਉਤੇ ਸਿੱਧਾ ਹਮਲਾ ਕਰ ਦਿੱਤਾ ਗਿਆ ਜਿਥੇ ਉਹ ਇਕ ਵੀਡੀਓ ਵਿੱਚ ਗੁਰੂ ਸਾਹਿਬ ਨੂੰ ਭਗਤ ਬਾਣੀ ਦਾ ਵਿਰੋਧੀ ਦਰਸਾਉਣ ਲਈ ਪੂਰਾ ਜੋਰ ਲਾ ਰਿਹਾ ਹੈ | ਅਜਾਦੀ ਤੋਂ ਬਾਦ ਦੇ ਸਮੇਂ ਤੋਂ ਲੈ ਕੇ ਭਾਵੇ ਆਰ.ਐਸ.ਐਸ. ਆਪਣੇ ਢੰਗ ਨਾਲ ਸਿਖਾਂ ਦੇ ਖਿਲਾਫ ਛੋਟੀਆਂ ਮੋਟੀਆਂ ਸ਼ਰਾਰਤਾਂ ਤਾਂ ਕਰਦੀ ਰਹੀ ਹੈ ਪਰ ਅਜਿਹੇ ਸਿੱਧੇ ਹਮਲੇ ਮੋਦੀ ਦੇ ਕਾਰਜ ਕਾਲ ਦੌਰਾਨ ਹੀ ਸ਼ੁਰੂ ਹੋਏ ਹਨ | ਇਹ ਸਿੱਖ ਧਰਮ ਨੂੰ ਬੁਧ ਧਰਮ ਵਾਂਗ ਹਿੰਦੁਸਤਾਨ ਵਿਚੋਂ ਖਤਮ ਕਰਨਾ ਚਾਹੁੰਦੇ ਹਨ  ਅਤੇ ਸਿੱਖ ਸੰਗਤ ਦੇ ਅਵਤਾਰ ਸ਼ਾਸ਼ਤਰੀ ਵਰਗੇ ਆਪਣੇ ਲਾਲਚ ਖਾਤਰ ਉਹਨਾਂ ਦੇ ਵਕੀਲ ਬਣੇ ਹੋਏ ਹਨ | ਪਰ ਉਹਨਾਂ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ | ਮੂਵਮੈਂਟ ਆਗੂਆਂ ਨੇ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇ 1947 ਵੇਲੇ ਦੀ ਸਿੱਖ ਲੀਡਰਸ਼ਿਪ ਨੇ ਮੁਸਲਿਮ ਲੀਗ ਆਗੂ ਮੁਹੰਮਦ ਅਲੀ ਜਿਨਾਹ ਦੇ ਵਿਚਾਰਾਂ ਨੂੰ ਡੁੰਘਾਈ ਨਾਲ ਵਿਚਾਰਿਆ ਹੁੰਦਾ ਤਾਂ ਸਿੱਖਾਂ ਨੂੰ ਅੱਜ ਆਹ ਦਿਨ ਨਾ ਵੇਖਣੇ ਪੈਂਦੇ | ਜਿਨਾਹ ਨੇ ਹਿੰਦੂ ਵਾਦੀਆਂ ਦੇ ਇਰਾਦਿਆਂ ਨੂੰ ਉਦੋਂ ਹੀ ਭਾਂਪ ਲਿਆ ਸੀ |  ਖਾਸ ਕਰ ਜਦੋਂ ਕੈਬਨਿਟ ਮਿਸ਼ਨ ਭਾਰਤ ਆਇਆ ਤਾਂ ਜਿਨਾਹ ਨੇ ਉਸ ਪਲਾਨ ਨੂੰ ਪ੍ਰਵਾਨ ਕਰਕੇ ਪਾਕਿਸਤਾਨ ਦੀ ਮੰਗ ਵੀ ਛੱਡ ਦਿਤੀ  | ਪਰ ਕਾਂਗਰਸ ਨੇ ਉਹ ਪਲਾਨ ਰਿਜੈਕਟ ਕਰ  ਦਿਤਾ ਜਿਸ ਤੋਂ ਬਾਅਦ ਜਿਨਾਹ ਸਮਝ ਗਿਆ ਕਿ ਅਜਾਦੀ ਤੋਂ ਬਾਦ ਉਹਨਾਂ ਨਾਲ ਧੋਖਾ ਹੋਵੇਗਾ ਅਤੇ ਉਹ ਪਾਕਿਸਤਾਨ ਦੀ ਮੰਗ ਉਤੇ ਅੜ ਗਿਆ | ਉਦੋਂ ਉਸਨੇ ਕਿਹਾ ਸੀ ਕਿ ਕੈਬਨਿਟ ਮਿਸ਼ਨ ਪਲਾਨ ਨੂੰ ਰਿਜੈਕਟ ਕਰਨਾ ਕਾਂਗਰਸ ਦਾ ਜਾਲ ਹੈ ਜਿਸ ਵਿਚ ਸਿੱਖ ਫਸ ਗਏ | ਜਿਨਾਹ ਨੇ ਸਿੱਖ ਲੀਡਰਾਂ ਨੂੰ ਵਾਰ-ਵਾਰ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਰਲ ਜਾਉ | ਬਹਾਦਰ ਕੌਮਾਂ ਮਿਲ ਕੇ ਸ਼ਾਂਤੀ ਨਾਲ ਰਹਿ ਸਕਦੀਆਂ ਹਨ | ਤੁਸੀਂ ਹਿੰਦੂਆਂ ਨੂੰ ਗੁਲਾਮੀ ਵਿਚ ਵੇਖਿਆ ਹੈ ਉਸ ਵੇਲੇ ਵੀ ਇਹਨਾਂ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਛੋਟੇ ਘੱਲੂਘਾਰੇ ਤੱਕ ਲੱਖਾਂ ਸਿੱਖਾਂ ਨੂੰ ਸ਼ਹੀਦ ਕਰਾਇਆ ਫਿਰ ਜਦ ਇਹ ਦੇਸ਼ ਦੇ ਹਾਕਮ ਬਣ ਗਏ ਤਾਂ ਤੁਹਾਡਾ ਜੀਣਾ ਦੁੱਬਰ ਹੋ ਜਾਵੇਗਾ’ | ਮਿਸਟਰ ਜਿਨਾਹ ਦੇ ਬੋਲ ਅੱਜ ਸੱਚ ਸਾਬਤ ਹੋ ਗਏ ਹਨ | ਜੱਦੋਂ ਤੋਂ ਮੋਦੀ ਸਰਕਾਰ ਹੋਂਦ ਵਿਚ ਆਈ ਹੈ ਉਦੋਂ ਤੋਂ ਦਲਿਤ ਅਤੇ ਘੱਟ ਗਿਣਤੀਆਂ ਉਤੇ ਹਮਲੇ ਤੇਜ ਹੋ ਗਏ ਹਨ ਜਿੰਨਾ ਵਿਚ ਸਿੱਖ ਹੁਣ ਮੁੱਖ ਨਿਸ਼ਾਨੇ ਤੇ ਆ ਗਏ ਹਨ ਜਿਸ ਤਰਾਂ ਆਰ.ਐਸ.ਐਸ ਕਾਡਰ ਨੂੰ ਹਥਿਆਰਬੰਦ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੇ ਰੱਖਿਆ ਤੰਤਰ ਤੱਕ ਨੂੰ ਚੈਲਿੰਜ ਕੀਤਾ ਜਾ ਰਿਹਾ ਹੈ ਅਤੇ ਦੇਸ਼ ਹਿੰਦੂ ਫਾਸਿਜਮ ਵੱਲ ਵੱਧ ਰਿਹਾ ਹੈ | ਇਹ ਦਲਿਤਾਂ ਅਤੇ ਘੱਟ ਗਿਣਤੀਆਂ ਲਈ ਵੱਡੀ ਖਤਰੇ ਦੀ ਘੰਟੀ ਹੈ |

ਯੁਨਾਇਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ਚਿਤਾਵਨੀ ਦਿੰਦੇ ਹੋਇਆ ਕਿਹਾ ਹੈ ਕਿ ਜੇ ਸਿੱਖ ਧਰਮ ਉਤੇ ਹਮਲੇ ਇਸੇ ਤਰ੍ਹਾਂ ਜਾਰੀ ਰਹੇ ਤਾਂ ਦੇਸ਼ ਨੂੰ ਉਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ | ਮੂਵਮੈਂਟ ਆਗੂਆਂ ਨੇ ਐਲਾਣ ਕੀਤਾ ਕਿ ਅਸੀਂ ਬੁਤ ਪੂਜਕ ਨਹੀ ਹਾਂ, ਨਾ ਹੀ ਤੇਤੀ ਕਰੋੜ ਦੇਵੀ ਦੇਵਤਿਆਂ ਦੇ ਪੁਜਾਰੀ ਹਾਂ ਇਸ ਲਈ ਅਸੀਂ ਹਿੰਦੂ ਨਹੀ ਹਾਂ | ਜਿਸ ਗੁਰੂ ਗੋਬਿੰਦ ਸਿੰਘ ਨੂੰ ਆਰ.ਐਸ.ਐਸ. ਹਿੰਦੂ ਖੂਨ ਤਸਲੀਮ ਕਰਦੀ ਹੈ ਉਹ ਜਫਰਨਾਮੇ ਵਿਚ ਖੁਦ ਲਿਖਦੇ ਹਨ |

ਮਨਮ ਕਸ਼ਤਹਅਮ ਕੋਹਿਯਾਂ ਬੁਤਪ੍ਰਸਤ ||

ਕਿ ਆਂ ਬੁਤ ਪ੍ਰਸਤੰਦੁ ਮਨ ਬੁਤਸ਼ਿਕਸਤ ||

(ਭਾਵ ਮੈਂ ਉਹਨਾਂ ਪਹਾੜੀ ਰਾਜਿਆਂ ਨੂੰ ਮਾਰਨ ਵਾਲਾ ਹਾਂ ਜੋ ਬੁਤ ਪੂਜਕ ਹਨ ਅਤੇ ਮੈਂ ਬੁਤਾਂ ਨੂੰ ਤੋੜਨ ਵਾਲਾ ਹਾਂ )

ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡਾ ਹਿੰਦੂ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀ | ਅਸੀਂ ਇਕ ਅਕਾਲ ਧਰਖ ਦੇ ਪੁਜਾਰੀ ਹਾਂ | ਇਹ ਗੱਲ ਆਰ.ਐਸ.ਐਸ. ਜਿੰਨੀ ਜਲਦੀ ਸਮਝ ਲਵੇ ਉਨਾਂ ਹੀ ਚੰਗਾ ਹੋਵੇਗਾ | ਪ੍ਰੈਸ ਕਾਨਫਰੈਂਸ ਵਿੱਚ ਡਾ. ਗੁਰਚਰਨ ਸਿੰਘ, ਜਸਵਿੰਦਰ ਸਿੰਘ ਬਰਾੜ, ਪਾਲ ਸਿੰਘ ਪਾਂਧੀ, ਹਰਪ੍ਰੀਤ ਸਿੰਘ ਆਦਿ ਵੀ ਮੋਜੂਦ ਸਨ।

Facebook Comments
Facebook Comment