• 2:15 pm
Go Back
teej celebration 2018

ਸਾਉਂਣ ਦਾ ਮਹੀਨਾ ਬੜਾ ਹੀ ਖ਼ਾਸ ਹੁੰਦਾ ਹੈ ਕਿਉਂਕਿ ਮੌਸਮ ਆਵਦੀ ਮਸਤੀ ‘ਚ ਹੁੰਦਾ ਜਿਸ ਕਰਕੇ ਸੱਭ ਦੇ ਚਿਹਰੇ ਖੁਸ਼ੀ ਨਾਲ ਖਿੜ ਜਾਂਦੇ ਨੇ।ਕੁਦਰਤ ਦਾ ਖਾਸ ਨਜ਼ਾਰਾ ਪੇਸ਼ ਕਰਦਾ ਸਾਉਣ ਮਹੀਨੇ ਦਾ ਮੌਸਮ ਸੁਹਾਵਣਾ ਹੁੰਦਾ ਹੈ, ਮਨ ਲਈ ਵੀ, ਤਨ ਲਈ ਵੀ। ਅਸਮਾਨੀਂ ਉੱਡਦੇ ਬੱਦਲ, ਘਟਾਵਾਂ ਅਤੇ ਕਿਣ ਮਿਣ ਅਜੀਬ ਕਿਸਮ ਦਾ ਹੁਲਾਸ ਅਤੇ ਹੁਲਾਰਾ ਦਿੰਦੇ ਹਨ। ਘਰਾਂ ਵਿੱਚ ਬਣਦੇ ਖੀਰ ਪੂੜੇ, ਗੁਲਗੁਲੇ ਅਤੇ ਹੋਰ ਖਾਣ ਪੀਣ ਦਾ ਬੱਚਿਆਂ ਅਤੇ ਸਿਆਣਿਆਂ, ਸਭ ਨੂੰ ਚਾਅ ਹੁੰਦਾ ਹੈ।
ਸੌਣ ਮਹੀਨੇ ਬੱਦਲ ਪੈਂਦਾ
ਨਿੰਮੀਆਂ ਪੈਣ ਫੁਹਾਰਾਂ।
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇਕੋ ਜਿਹੀਆਂ ਮੁਟਿਆਰਾਂ।
ਗਿੱਧੇ ਦੇ ਵਿੱਚ ਏਦਾਂ ਲਿਸ਼ਕਣ
ਜਿਉਂ ਸੋਨੇ ਦੀਆਂ ਤਾਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂ
ਜਿਉਂ ਕੂੰਜਾਂ ਦੀਆਂ ਡਾਰਾਂ।
ਜ਼ੋਰ ਜੁਆਨੀ ਦਾ
ਲੁੱਟ ਲਉ ਮੌਜ ਬਹਾਰਾਂ।

ਪੁਰਾਣੇ ਸਮੇਂ ‘ਚ ਕੁੜੀਆਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ।ਜਿਸ ਕਰ ਕੇ ਸਾਉਣ ਮਹੀਨੇ ਦਾ ਕੁੜੀਆਂ ਨੂੰ ਵਿਆਹ ਜਿਨ੍ਹਾਂ ਚਾਅ ਹੁੰਦਾ ਸੀ।ਕਿਉਂਕਿ ਇਸ ਬਹਾਨੇ ਲਗਾਤਾਰ ਕੁੜੀਆਂ ਪੰਦਰਾਂ ਦਿਨ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਸਨ।ਖਾਸਕਰ ਸਹੁਰੇ ਗਈ ਕੁੜੀ ਨੂੰ ਵੀ ਉੜੀਕ ਹੁੰਦੀ ਸੀ ਕਿ ਸਾਉਂਣ ਮਹੀਨਾ ਆਵੇਗਾ ਪੇਕਿਆਂ ਤੋਂ ਕੋਈ ਲੈਣ ਆਉਗਾ।ਆਪਣੀਆਂ ਸਹੇਲੀਆਂ ਨੂੰ ਮਿਲਾਂਗੀਆਂ।ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੀਆਂ।ਕਈ ਵਾਰ ਜੇ ਕੋਈ ਲੈਣ ਨਾ ਆਉਂਦਾ ਤਾਂ ਸੱਸਾਂ ਵੀ ਤਾਹਨਾ ਦੇਣ ਲੱਗ ਜਾਂਦੀਆਂ।

ਤੈਨੂੰ ਤੀਆਂ ਨੂੰ ਲੈਣ ਨਾ ਆਏ,
ਬਹੁਤਿਆਂ ਭਰਾਵਾਂ ਵਾਲੀਏ
ਅਜਿਹੇ ਟੋਂਟ ਸੁਣ ਕੁੜੀ ਨੂੰ ਦੁੱਖ ਹੁੰਦਾ।ਮਨ ਹੀ ਮਨ ਉਹ ਵੀ ਆਪਣੇ ਭਰਾਵਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀ ਅਤੇ ਗਾਉਂਦੀ

ਛੇਤੀ ਆਜਾ ਵੱਡੇ ਵੀਰਨਾ,
ਨਾਲੇ ਕਤੂੰਗੀ ਖਿੜਾਊਂ ਤੇਰਾ ਬੂਜਾ

ਕਈ ਦਿਨਾਂ ਤੱਕ ਵੀਰ ਲੈਣ ਆਉਂਦਾ।ਭੈਣ ਨੂੰ ਚਾਅ ਚੜ੍ਹ ਜਾਂਦਾ।ਪੇਕੇ ਆ ਸਹੇਲੀਆਂ ਨੂੰ ਮਿਲਦੀਆਂ।ਗਿੱਧੀਆਂ ‘ਚ ਬੋਲੀਆਂ ਪੈਂਦੀਆਂ।ਓਧਰੋਂ ਸਾਉਣ ਦੇ ਮੌਸਮ ਦਾ ਸਹੁਪੱਣ ਰੂਹਾਂ ਤੇ ਜਾਦੂ ਕਰਦਾ ਹੈ। ਮੁਟਿਆਰਾਂ ਦੇ ਅੰਦਰੋਂ ਨੱਚਣ ਦੀ ਉਮੰਗ ਜਾਗਦੀ ।ਜਿਵੇਂ ਕਹਿੰਦੇ ਹੁੰਦੇ ਆ ਕਿ ‘ਸਾਉਣ ਸੈਨਤਾਂ ਮਾਰੇ, ਨੱਚ ਲੈ ਹਾਣਦੀਏ’। ਸੱਚ ਮੁੱਚ ਨਸ਼ਿਆਈਆਂ ਰੂਹਾਂ ਨੂੰ ਮਹੌਲ ਦੇ ਇਸ਼ਾਰੇ ਸੋਨੇ ‘ਤੇ ਸੁਹਾਗੇ ਵਾਂਗ ਬੋਲੀਆਂ ਪਾਉਣ ਤੇ ਨੱਚਣ ਦਾ ਬਲ ਬਖ਼ਸ਼ਦੇ ਨੇ।

ਸਾਉਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ,
ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟਾ ਚੜ ਆਈਆਂ।

ਨੱਚਣ ਟੱਪਣ, ਹੱਸਣ ਖੇਡਣ ਦੇ ਨਾਲ ਨਾਲ ਚਾਵਾਂ, ਰੀਝਾਂ, ਉਮੰਗਾਂ ਭਰੀ ਸਹੇਲਪੁਣੇ ਦੀ ਗੁਫ਼ਤਗੂ ਦਾ ਸਰੂਰ ਵੀ ਸਖ਼ੀਆਂ ਸਹੇਲੀਆਂ ਲਈ ਇਸ ਤਿਉਹਾਰ ਦੇ ਅਰਥ ਦੁੱਗਣੇ ਕਰ ਦਿੰਦਾ ਹੈ। ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜੀ ਤਿੱਥ ਨੂੰ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਕਰਕੇ ‘ਤੀਆਂ ਤੀਜ ਦੀਆਂ’ ਬਣੀਆਂ। ਮੁਟਿਆਰਾਂ ਪ੍ਰਾਕ੍ਰਿਤੀ ਨਾਲ ਇੱਕ ਮਿੱਕ ਹੋਕੇ ਪੀਂਘਾਂ ਝੂਟਦੀਆਂ, ਹੱਸਦੀਆਂ ਖੇਡਦੀਆਂ, ਗਿੱਧੇ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਉਹ ਇਸ ਮੌਸਮ ਨੂੰ ਰੂਹ ਤੋਂ ਹੰਢਾਉਂਦੀਆਂ ਨਜ਼ਰ ਆਉਂਦੀਆਂ ਹਨ, ਮਨਾ ਦੀਆਂ ਤਰੰਗਾਂ ਅਸਮਾਨੀ ਉਡਾਰੀ ਭਰਦੀਆਂ ਹਨ।ਸੁਭਾਅ, ਬਣਤਰ ਅਤੇ ਪੇਸ਼ਕਾਰੀ ਪੱਖ ਤੋਂ ਤੀਆਂ ਸ਼ੁੱਧ ਰੂਪ ਵਿੱਚ ਸਿਰਫ਼ ਕੁੜੀਆਂ ਦਾ ਤਿਉਹਾਰ ਹੈ, ਮਰਦਾਂ ਦਾ ਤੀਆਂ ਵਿੱਚ ਜਾਣਾ ਵਰਜਤ ਵੀ ਹੁੰਦਾ ਤੇ ਮੇਹਨਾ ਵੀ। ਇਸੇ ਕਰਕੇ ਤੀਆਂ ਦੇ ਪਿੜ ਲਈ ਪਿੰਡ ਦੀ ਵਸੋਂ ਤੋਂ ਥੋੜ੍ਹਾ ਦੂਰ ਜਗ੍ਹਾ ਨਿਸ਼ਚਤ ਕੀਤੀ ਜਾਂਦੀ ਹੈ, ਜਿੱਥੋਂ ਨੱਚਣ ਟੱਪਣ, ਰੋਲੇ ਰੱਪੇ ਦੀ ਅਵਾਜ਼ ਵੀ ਘਰਾਂ ਤੱਕ ਨਾ ਪਹੁੰਚ ਸਕੇ ਅਤੇ ਉਸ ਪਾਸੇ ਵੱਲ ਮੁੰਡੇ ਜਾਣ ਵੀ ਨਾ। ਪਿੰਡ ਦੀ ਕੋਈ ਸਾਂਝੀ, ਪਿੰਡੋਂ ਬਾਹਰ ਦੀ ਜਗ੍ਹਾ ਵਿੱਚ, ਪਿੱਪਲਾਂ ਬੋਹੜਾਂ, ਟਾਹਲੀਆਂ ਵਰਗੇ ਦਰਖਤਾਂ ਦੀ ਛਾਂ ਹੇਠ ਕਈ ਕਈ ਦਿਨ ਰੰਗਲਾ ਮਹੌਲ ਬਣਿਆ ਰਹਿੰਦਾ। ਗਿੱਧੇ ਦੇ ਰੂਪ ਵਿੱਚ ਬੋਲੀਆਂ, ਤਮਾਸ਼ਿਆਂ ਰਾਹੀਂ ਮਨ ਦਾ ਗੁੱਬ-ਗੁਹਾਟ ਨਿਕਲਦਾ। ਕਈ ਗੱਲਾਂ ਜਿਹੜੀਆਂ ਸਿੱਧੇ ਵਾਰਤਾਲਾਪ ਵਿੱਚ ਨਹੀਂ ਹੋ ਸਕਦੀਆਂ ਉਨ੍ਹਾਂ ਲਈ ਬੋਲੀਆਂ ਅਤੇ ਤਮਾਸ਼ੇ ਸਹਾਈ ਹੋ ਜਾਂਦੇ ਹਨ। ਮਨ ਵਿਚਲੀਆਂ ਗੱਲਾਂ ਨੂੰ ਹਾਣ ਦੀਆਂ ਸਖ਼ੀਆਂ ਨਾਲ ਸਾਂਝਾਂ ਕਰਕੇ ਹੌਲੀਆਂ ਫੁੱਲ ਵਰਗੀਆਂ ਹੋਈਆਂ ਕੁੜੀਆਂ ਪੇਕੇ ਘਰ, ਪੇਕੇ ਪਿੰਡ ਦੀ ਅਪਣੱਤ ਭਰੀ ਆਬੋ ਹਵਾ ਵਿੱਚ ਸੁਖਾਵਾਂ ਸਾਹ ਲੈਂਦੀਆਂ ਪ੍ਰਤੀਤ ਹੁੰਦੀਆਂ ਹਨ।ਤੀਆਂ ਵਿੱਚ ਪੈਂਦੀਆਂ ਬੋਲੀਆਂ ਦੇ ਅਰਥ ਬੜੇ ਡੂੰਘੇ ਹੁੰਦੇ ਹਨ। ਸੱਸ, ਸਹੁਰੇ, ਜੇਠ, ਦਿਉਰ, ਵੱਲੋਂ ਕਿਤੇ ਨਾ ਕਿਤੇ ਦਿਲ ਦੁਖਾਉਣ ਵਾਲੇ ਕੀਤੇ ਵਰਤਾਰੇ ਦਾ ਇਜ਼ਹਾਰ ਪੇਕੇ ਪਿੰਡ ਦੀਆਂ ਤੀਆਂ ਵਿੱਚ ਬੋਲੀਆਂ ਪਾਕੇ ਹੁੰਦਾ ਹੈ।

ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ
ਮੈਂਨੂੰ ਕਹਿੰਦਾ ਫੋਟ
ਜੇਠ ਨੂੰ ਅੱਗ ਲੱਗਜੇ ਸਣੇ ਪਜ਼ਾਮੇ ਕੋਟ

ਸੱਸ ਪ੍ਰਤੀ ਮਨ ਦੀ ਘ੍ਰੋੜਾਂ ਨੂੰ ਬਾਹਰ ਕੱਢਣ ਦਾ ਇੱਕੋ ਇੱਕ ਹੱਲ ਹੈ ਗਿੱਧੇ ਦੀਆਂ ਬੋਲੀਆਂ ਅਤੇ ਤੀਆਂ ਇਸ ਲਈ ਬਹੁਤ ਹੀ ਢੁਕਵਾਂ ਸਮਾਂ ਹੁੰਦਾ। ਇਸੇ ਕਰਕੇ ਤੀਆਂ ਵਿੱਚ ਵਿਆਹੀਆਂ ਕੁੜੀਆਂ ਦੇ ਨਿਸ਼ਾਨੇ ‘ਤੇ ਸੱਸ ਜ਼ਿਆਦਾ ਹੁੰਦੀ ਹੈ

ਸੱਸ ਮੇਰੀ ਨੇ ਗੰਢੇ ਤੜਕੇ, ਵੀਰ ਮੇਰੇ ਨੂੰ ਭੂਕਾਂ
ਪੇਕੇ ਸੁਣਦੀ ਸੀ, ਸੱਸੇ ਤੇਰੀਆਂ ਕਰਤੂਤਾਂ।

ਪੰਜਾਬੀ ਜਨ ਜੀਵਨ ਵਿੱਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ, ਸਲਾਹੁਣਯੋਗ ਅਤੇ ਸਤਿਕਾਰਣਯੋਗ ਹੈ। ਔਰਤਾਂ ਆਪਣੇ ਹਰ ਚਾਅ, ਹਰ ਖ਼ੁਸ਼ੀ, ਹਰ ਖਾਹਸ਼ ਵਿੱਚ ਮਰਦ ਦੀ ਸੁੱਖ ਮੰਗਦੀਆਂ ਹਨ। ਵਿਲੱਖਣ ਗੱਲ ਇਹ ਹੈ ਕਿ ਤੀਆਂ ਦੇ ਤਿਉਹਾਰ ਵਿੱਚ ਪੈਂਦੀਆਂ ਬੋਲੀਆਂ ਸਿੱਧੇ, ਅਸਿੱਧੇ ਰੂਪ ਵਿੱਚ ਮਰਦ ਦੀ ਖ਼ੁਸ਼ੀ ਲਈ ਦੁਆਵਾਂ ਵਰਗੀਆਂ ਹੀ ਹੁੰਦੀਆਂ ਹਨ। ਲੱਖ ਮਿਹਣੇ ਤਾਹਨੇ ਮਾਰ ਕੇ ਵੀ ਅੰਤ ਉਹ ਆਪਣੇ ਰਿਸ਼ਤਿਆਂ ਵਿਚਲੇ ਮਰਦਾਂ ਦੀ ਚੜ੍ਹਦੀ ਕਲਾ ਲਈ ਬਚਨਬੱਧ ਹੁੰਦੀਆਂ ਹਨ। ਇਹ ਔਰਤ ਮਨ ਦੀ ਕੋਮਲਤਾ ਦਾ ਪ੍ਰਮਾਣ ਹੈ।

ਜੁੱਗ ਜੁੱਗ ਰਵੇ ਵੱਸਦਾ,
ਮੇਰੇ ਧਰਮੀ ਬਾਬਲ ਦਾ ਵਿਹੜਾ।

ਸਾਉਣ ਦੇ ਮਹੀਨੇ ਇਕੱਠੀਆਂ ਹੋਈਆਂ ਕੁੜੀਆਂ ਭਾਦੋਂ ਚੜ੍ਹਦਿਆਂ ਹੀ ਤੀਆਂ ਦੀ ‘ਬੱਲੋ’ ਪਾਕੇ ਸਹੁਰਿਆਂ ਦੀ ਤਿਆਰੀ ਕਰਦੀਆਂ । ਬੱਲੋ ਤੋਂ ਭਾਵ, ਤੀਆਂ ਦੀ ਸਮਾਪਤੀ, ਆਪਣੇ ਪੇਕੇ ਪਿੰਡ, ਬਾਬਲ ਦੇ ਘਰ, ਭੈਣਾਂ ਭਰਾਵਾਂ ਭਤੀਜਿਆਂ ਦੀ ਸੁੱਖ ਮੰਗਦੀਆਂ ਕੁੜੀਆਂ ਗਿੱਧੇ ਦੇ ਸਿਖਰ ‘ਤੇ ਪਹੁੰਚ ਕੇ ਤੀਆਂ ਦੀ ਸਮਾਪਤੀ ਕਰਦੀਆਂ ਹਨ। ਪੇਕੇ ਆਈਆਂ ਕੁੜੀਆਂ ਨੂੰ ਪੇਕਾ ਘਰ ਛੱਡ ਕੇ ਸਹੁਰੇ ਵਾਪਸ ਜਾਣ ਦੀ ਉਦਾਸੀ ਹੋਣਾ ਸੁਭਾਵਕ ਹੈ। ਉਨ੍ਹਾਂ ਦੇ ਜਾਣ ਦੀ ਉਦਾਸੀ ਪਿੰਡ ਦੀਆਂ ਕੁਆਰੀਆਂ ਕੁੜੀਆਂ ਨੂੰ ਵੀ ਹੁੰਦੀ ਹੈ। ਸਿਖਰ ਦੇ ਮੇਲ ਮਿਲਾਪੀ ਧਮੱਚੜ ਤੋਂ ਬਾਅਦ ਵਿਛੋੜਾ ਡਾਹਢਾ ਹੁੰਦਾ ਇਸ ਲਈ ਮਿਲਾਪ ਦਾ ਸੇਹਰਾ ਸਾਉਣ ਮਹੀਨੇ ਨੂੰ ਤੇ ਵਿਛੋੜੇ ਦਾ ਭਾਂਡਾ ਭਾਦੋਂ ਮਹੀਨੇ ਦੇ ਸਿਰ ਭੰਨਿਆ ਜਾਂਦਾ।

ਸਾਉਣ ਵੀਰ ਕੱਠੀਆ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।

ਅਖੀਰ ਬੋਲੀਆਂ ਪਾਉਂਦੀਆਂ, ਨੱਚਦੀਆਂ-ਟੱਪਦੀਆਂ ਇਹ ਕਹਿੰਦੀਆਂ ‘ਤੀਆਂ ਤੀਜ ਦੀਆਂ – ਵਰ੍ਹੇ ਦਿਨਾਂ ਨੂੰ ਫੇਰ’ ਤੀਆਂ ਦੀ ਸਮਾਪਤੀ ਕਰ ਦਿੰਦੀਆਂ।
ਨਵਦੀਪ ਧਾਲੀਵਾਲ
[email protected]

Facebook Comments
Facebook Comment