SIT ਵੱਲੋਂ SSP ਚਰਨਜੀਤ ਸ਼ਰਮਾਂ ਨੂੰ ਗ੍ਰਿਫਤਾਰ ਕੀਤੇ ਜਾਣ ‘ਤੇ ਬੋਲੇ ਬੈਂਸ, ਕਹਿੰਦੇ ਇਹ ਸਭ ਤਾਂ ਪਹਿਲਾਂ ਤੋਂ ਹੀ ਪਲਾਨ ਸੀ

Prabhjot Kaur
3 Min Read

ਲੁਧਿਆਣਾ : ਲੋਕ ਸਭਾ ਚੋਣਾਂ ਨੇੜੇ ਨੇ ਤੇ ਚੋਣਾਂ ਦੇ ਇਸ ਸੋਹਣੇ ਮੌਸਮ ਵਿੱਚ ਹਰ ਸਿਆਸੀ ਆਗੂ ਵੱਲੋਂ ਆਪਣੇ ਵਿਰੋਧੀਆਂ ‘ਤੇ ਤਿੱਖੇ ਬਿਆਨਾਂ ਰੂਪੀ ਮੀਂਹ ਵਰ੍ਹਾਇਆ ਜਾ ਰਿਹਾ ਹੈ। ਇਸ ਵਾਰ ਇਹ ਮੀਂਹ ਵਰ੍ਹਾਇਆ ਹੈ ‘ਲੋਕ ਇੰਨਸਾਫ ਪਾਰਟੀ’ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ। ਬੈਂਸ ਨੇ ਐਸ ਐਸ ਪੀ ਚਰਨਜੀਤ ਸ਼ਰਮਾ ਨੂੰ ਐਸ ਆਈ ਟੀ ਵੱਲੋਂ ਗ੍ਰਿਫਤਾਰ ਕੀਤੇ ਜਾਣ ‘ਤੇ ਕਈ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਬਹੁਤ ਸਮਾਂ ਪਹਿਲਾਂ ਹੀ ਮੀਡੀਆਂ ਨੂੰ ਦੱਸ ਦਿੱਤਾ ਸੀ ਕਿ ਐਸ ਆਈ ਟੀ ਨੂੰ ਕੈਪਟਨ ਵੱਲੋਂ ਖੁਦ ਰਿਪੋਰਟ ਤਿਆਰ ਕਰਕੇ ਦਿੱਤੀ ਗਈ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਐਸ ਆਈ ਟੀ ਭਾਵੇਂ ਐਸ ਐਸ ਪੀ ਚਰਨਜੀਤ ਸ਼ਰਮਾਂ ਤੋਂ ਬਾਅਦ ਕੁਝ ਇੱਕ ਦੋ ਹੋਰ ਪੁਲਿਸ ਮੁਲਾਜ਼ਮਾਂ ‘ਤੇ ਵੀ ਕਾਰਵਾਈ ਕਰੇਗੀ, ਪਰ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਮਾਮਲੇ ਦੇ ਅਸਲ ਦੋਸ਼ੀ, ਜਿੰਨ੍ਹਾਂ ਕਰਕੇ ਇਹ ਜਿਲ੍ਹਿਆਂ ਵਾਲੇ ਬਾਗ ਵਰਗਾ ਸ਼ਾਕਾ ਮੁੜ ਤੋਂ ਵਾਪਰਿਆ ਹੈ, ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ।

ਇਸ ਸਬੰਧੀ  ਉਨ੍ਹਾਂ ਨੇ ਐਸ ਆਈ ਟੀ ਦੇ ਪੱਖ ‘ਚ ਬੋਲਦਿਆਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਇਮਾਨਦਾਰ ਪੁਲਿਸ ਅਧਿਕਾਰੀ ਹੈ ਪਰ ਉਹ ਵੀ ਸਰਕਾਰ ਦੇ ਅਧੀਨ ਹਨ। ਇਸ ਲਈ ਉਨ੍ਹਾਂ ਨੂੰ ਹੁਕਮ ਦੀ ਪਾਲਣਾ ਕਰਨੀ ਹੀ ਪੈਣੀ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਦੀ ਅਧੀਨਗੀ ਕਾਰਨ ਇਸ ਕੇਸ ਦੇ ਅਸਲ ਦੋਸ਼ੀਆਂ ਤੱਕ ਐਸ ਆਈ ਟੀ ਦਾ ਪਹੁੰਚਣਾ ਮੁਸ਼ਕਲ ਹੈ। ਬੈਂਸ ਨੇ ਅਕਾਲੀਆਂ ਦੇ ਹੱਢ ‘ਤੇ ਮਾਰੂ ਬਿਆਨ ਸੁੱਟਦਿਆਂ ਕਿਹਾ ਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਉਸ ਸਮੇਂ ਦਾ ਮੁੱਖ ਮੰਤਰੀ ਹੈ।

ਇੱਥੇ ਬੋਲਦਿਆਂ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ  ਬੈਂਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨਹੀਂ ਬਖ਼ਸ਼ਿਆ ਇਸ ਅੰਦਰ ਵੀ ਭ੍ਹਿਸ਼ਟਾਚਾਰ ਹੋਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਗੁਰੂਧਾਮਾਂ ‘ਚ ਸੰਗਤਾਂ ਦੀ ਮਿਹਨਤ ਦੀ ਕਮਾਈ ਆਉਂਦੀ ਹੈ, ਫਿਰ ਭਾਵੇਂ ਉਹ ਦਿੱਲੀ ਗੁਰਦੁਆਰਾ ਪ੍ਬੰਧਕ ਕਮੇਟੀ ਹੋਵੇ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਕਮੇਟੀਆਂ ਸੰਗਤ ਦੇ ਪੈਸੇ ਦੀ ਦੁਰਵਰਤੋਂ ਕਰ ਰਹੀਆਂ ਨੇ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਠੱਗੀ ਦਾ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਾ ਹੈ ਪਰ ਇਹੋ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਹੈ ਕਿਉਂਕਿ ਇੱਥੇ ਉਸ ਤੋਂ ਵੱਡੀਆਂ ਵੱਡੀਆਂ ਵੱਜ ਰਹੀਆਂ ਹਨ। ਇਸ ਦੇ ਲਈ ਉਨ੍ਹਾਂ ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੇ ਇਸ਼ਾਰੇ ‘ਤੇ ਹੀ ਹੋ ਰਿਹਾ ਹੈ।

Share this Article
Leave a comment