ਸਿੱਖ ਪਰਿਵਾਰ ਦੇ ਚਾਰ ਜੀਆਂ ਦਾ ਰਿਹਾਇਸ਼ੀ ਕੰਪਲੈਕਸ ‘ਚ ਗੋਲੀਆਂ ਮਾਰ ਕੇ ਕਤਲ

TeamGlobalPunjab
3 Min Read

ਓਹਾਇਓ: ਵੈਸਟ ਚੈਸਟਰ ਦੇ ਇੱਕ ਰਿਹਾਇਸ਼ੀ ਕੰਪਲੈਕਸ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਚਾਰ ਵਿਅਕਤੀਆ ਦੇ ਮਾਰੇ ਜਾਨ ਦੀ ਖਬਰ ਮਿਲੀ ਹੈ। ਇਨ੍ਹਾਂ ਵਿੱਚੋਂ ਪੰਜਾਬੀ ਮੂਲ ਦਾ ਹਕੀਕਤ ਪਨਾਗ, ਉਨ੍ਹਾਂਦੀ ਪਤਨੀ, ਧੀ ਤੇ ਸਾਲੀ ਸ਼ਾਮਲ ਸਨ। ਪਰ ਸੋਮਵਾਰ ਨੂੰ ਪੁਲਿਸ ਵੱਲੋਂ ਕੀਤੀ ਕਾਨਫਰੰਸ ‘ਚ ਮ੍ਰਿਤਕਾਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ।

ਗ੍ਰੇਟਰ ਸਿਨਸਿਨਾਟੀ ਵੈਸਟ ਚੈਸਟਰ ਦੀ ਗੁਰੂ ਨਾਨਕ ਸੁਸਾਇਟੀ ਦੀ ਐਗਜ਼ੀਕਿਉਟਿਵ ਕਮੇਟੀ ਦੇ ਪ੍ਰੈਜ਼ੀਡੈਂਟ ਜਸਮਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਹੀ ਉਨ੍ਹਾਂ ਨੇ ਪਨਾਗ ਨਾਲ ਬੈਠ ਕੇ ਚਾਹ ਪੀਤੀ ਸੀ। ਉਸੇ ਰਾਤ ਉਸ ਸਮੇਤ ਪਰਿਵਾਰ ਦੇ ਚਾਰ ਜੀਆਂ ਦੇ ਮਾਰੇ ਜਾਣ ਦੀ ਖਬਰ ਆ ਗਈ। ਉਨ੍ਹਾਂ ਦੱਸਿਆ ਕਿ ਪਨਾਗ ਨੂੰ ਉਹ ਪਿਛਲੇ 11 ਸਾਲਾਂ ਤੋਂ ਜਾਣਦੇ ਸਨ। ਉਨ੍ਹਾਂ ਦੱਸਿਆ ਕਿ ਪਨਾਗ ਤੇ ਉਨ੍ਹਾਂ ਦਾ ਪਰਿਵਾਰ ਹਰ ਐਤਵਾਰ ਨੂੰ ਗੁਰਦੁਆਰੇ ਵਿੱਚ ਸੇਵਾ ਕਰਨ ਆਉਂਦਾ ਸੀ।

ਜਸਮਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਪਨਾਗ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਹੁਣ ਉਸ ਨੂੰ ਵੀਕੈਂਡ ਉੱਤੇ ਹੋਰ ਕੰਮ ਨਹੀਂ ਕਰਨਾ ਹੋਵੇਗਾ। ਗੁਰਦੁਆਰੇ ਵਿੱਚ ਹੋਈ ਇਸ ਗੱਲਬਾਤ ਤੋਂ ਕਿਤੇ ਵੀ ਹੋਣ ਵਾਲੀ ਤ੍ਰਾਸਦੀ ਦੀ ਝਲਕ ਨਜ਼ਰ ਨਹੀਂ ਸੀ ਆ ਰਹੀ। ਜਸਮਿੰਦਰ ਸਿੰਘ ਨੇ ਦੱਸਿਆ ਕਿ ਉਹ ਬਹੁਤ ਖੁਸ਼ ਸੀ। ਪਰ ਇੱਕਠਿਆਂ ਚਾਹ ਪੀਣ ਤੋਂ ਕੁੱਝ ਘੰਟੇ ਬਾਅਦ ਹੀ ਪਨਾਗ ਤੇ ਉਨ੍ਹਾਂ ਦਾ ਪਰਿਵਾਰ ਦਾ ਕਤਲ ਹੋ ਗਿਆ।

ਵੈਸਟ ਚੈਸਟਰ ਦੇ ਪੁਲਿਸ ਚੀਫ ਜੋਇਲ ਹਰਜੌ਼ਗ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਿਨ੍ਹਾਂ ਚਾਰ ਵਿਅਕਤੀਆਂ ਦਾ ਕਤਲ ਹੋਇਆ ਹੈ ਉਹ ਇੱਕਠੇ ਇੱਕ ਰਿਹਾਇਸ਼ੀ ਅਪਾਰਟਮੈਂਟ ਵਿੱਚ ਹੀ ਰਹਿੰਦੇ ਸਨ। ਹਰਜ਼ੌਗ ਨੇ ਕਿਹਾ ਕਿ ਘਰ ਵਿੱਚ ਬੱਚੇ ਵੀ ਰਹਿੰਦੇ ਸਨ ਪਰ ਇਸ ਘਟਨਾ ਸਮੇਂ ਘਰ ਵਿੱਚ ਮੌਜੂਦ ਨਹੀਂ ਸਨ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਉਹ ਸੁਰੱਖਿਅਤ ਹਨ।

ਉਨ੍ਹਾਂ ਦੱਸਿਆ ਕਿ ਕਤਲ ਕਰਨ ਵਾਲਾ ਮ੍ਰਿਤਕਾਂ ਵਿੱਚੋਂ ਨਹੀਂ ਲੱਗਦਾ। ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਦਾ ਵੀ ਕੋਈ ਸੰਕੇਤ ਨਹੀਂ ਮਿਲਦਾ। ਹਰਜ਼ੌਗ ਨੇ ਕਿਹਾ ਕਿ ਪੁਲਿਸ ਅਜੇ ਵੀ ਹੋਰਨਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਜ਼ ਨਾਲ ਰਲ ਕੇ ਮਸ਼ਕੂਕ ਦੀ ਭਾਲ ਕਰਨ ਦੀ ਕੋਸਿ਼ਸ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕਮਿਊਨਿਟੀ ਨੂੰ ਡਰਨ ਦੀ ਲੋੜ ਨਹੀਂ ਸਗੋਂ ਚੌਕਸ ਰਹਿਣਾ ਚਾਹੀਦਾ ਹੈ। ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

Share this Article
Leave a comment