• 2:06 pm
Go Back

– ਕੁਲਵੰਤ ਸਿੰਘ

ਅੰਮ੍ਰਿਤਸਰ : ਸਿੱਖਾਂ ਦੀ ਸਿਰਮੌਰ ਜੱਥੇਬੰਦੀ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਖੁੱਲ ਕੇ ਸਾਹਮਣੇ ਆ ਗਈ ਹੈ। ਕਮੇਟੀ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਇੱਥੋਂ ਇੱਕ ਅਧਿਕਾਰਿਤ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ’ਤੇ ਦਿੱਤੇ ਬਿਆਨ ਨੂੰ ਦੱਬ ਕੇ ਭੰਡਿਆ ਹੈ। ਬੇਦੀ ਅਨੁਸਾਰ ਕੈਪਟਨ ਅਜਿਹੇ ਪੁੱਠੇ ਸਿੱਧੇ ਬਿਆਨ ਦੇ ਕੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ। ਜੋ ਕਿ ਲਾਂਘਾ ਖੁੱਲ੍ਹਣ ਦੇ ਰਸਤੇ ਵਿੱਚ ਰੋੜੇ ਅਟਕਾਉਣ ਦੇ ਬਰਾਬਰ ਹੈ। ਬੇਦੀ ਅਨੁਸਾਰ ਇਸ ਨਾਲ ਦੁਨੀਆਂ ਭਰ ਵਿੱਚ ਰਹਿੰਦੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਮਨਾਂ ਅੰਦਰ ਲਾਂਘੇ ਦੇ ਖੁੱਲ੍ਹਣ ਲਈ ਬੱਝੀਆਂ ਆਸਾਂ ਨੂੰ ਡੂੰਘੀ ਸੱਟ ਵੱਜੀ ਹੈ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਨੂੰ ਪਾਕਿਸਤਾਨੀ ਫੌਜ ਮੁਖੀ ਜਨਰਲ ਬਾਜਵਾ ਵਲੋਂ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਸਾਜਿਸ਼ ਕਰਾਰ ਦਿੱਤਾ ਸੀ, ਤੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੀ ਇਸ ਚਾਲ ਨੂੰ ਸਮਝ ਨਹੀਂ ਪਾਏ। ਇਸ ਤੋਂ ਬਾਅਦ ਦੁਨੀਆਂ ਭਰ ਵਿੱਚ ਰਹਿੰਦੀ ਸਿੱਖ ਸੰਗਤ ਨੇ ਇਸ ਬਿਆਨ ਦਾ ਬੁਰਾ ਮਨਾ ਕੇ ਇਸ ਦੀ ਨਿਖੇਧੀ ਕੀਤੀ ਸੀ।

ਸਖਤ ਸ਼ਬਦਾਂ ਵਿੱਚ ਲਿਖੇ ਗਏ ਇਸ ਬਿਆਨ ਵਿੱਚ ਦਲਜੀਤ ਸਿੰਘ ਬੇਦੀ ਨੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਰਹਿੰਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਸੱਤ ਦਹਾਕਿਆਂ ਦੇ ਵੱਧ ਸਮੇਂ ਤੋਂ ਆਪਣੇ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਸਵੇਰੇ ਸ਼ਾਮ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਤੇ ਇਸੇ ਦਾ ਨਤੀਜਾ ਹੈ ਕਿ ਅੱਜ ਉਹ ਦਿਨ ਦੇਖਣ ਨੂੰ ਨਸੀਬ ਹੋ ਰਹੇ ਹਨ ਜਦੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਇਹ ਲਾਂਘਾ ਖੋਲ੍ਹੇ ਜਾਣ ਲਈ ਸਿਰਫ ਰਾਜ਼ੀ ਹੀ ਨਹੀਂ ਹੋਈਆਂ ਬਲਕਿ ਇਸ ਪ੍ਰੋਜੈਕਟ ਤੇ ਕੰਮ ਵੀ ਬੜੀ ਤੇਜ਼ੀ ਨਾਲ ਜਾਰੀ ਹੈ। ਦਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਘੇ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਠੀਕ ਨਹੀਂ ਹੈ। ਬੁਲਾਰੇ ਅਨੁਸਾਰ ਮੁੱਖਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਮਨਾਉਣ ਲਈ ਜ਼ੋਰਦਾਰ ਢੰਗ ਨਾਲ ਤਿਆਰੀਆਂ ਕਰਨ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਇਹ ਪਵਿੱਤਰ ਲਾਂਘਾ ਖੋਲ੍ਹਣ ਦੇ ਰਸਤੇ ਵਿੱਚ ਅੜਿੱਕਾ ਪੈਦਾ ਕਰ ਸਕਦਾ ਹੈ।

ਇੱਥੇ ਦੱਸ ਦੇਈਏ ਕਿ ਮੁੱਖਮੰਤਰੀ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਪਾਕਿਸਤਾਨ ਦੇ ਫੌਜਮੁਖੀ ਨੇ ਨਵਜੋਤ ਸਿੱਧੂ ਨਾਲ ਇਹ ਲਾਂਘਾ ਖੋਲ੍ਹੇ ਜਾਣ ਸਬੰਧੀ ਗੱਲ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਕੀਤੀ ਸੀ ਜਿਸ ਤੋਂ ਸਾਫ ਹੁੰਦਾ ਹੈ ਕਿ ਇਸ ਪਿੱਛੇ ਕੋਈ ਵੱਡੀ ਸਾਜਿਸ਼ ਘੜੀ ਜਾ ਚੁੱਕੀ ਹੈ ਜਿਸਨੂੰ ਉਥੋਂ ਦੇ ਫੌਜਮੁਖੀ ਨੇ ਘੜਿਆ ਹੈ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਬੇਸ਼ੱਕ ਜਿੰਨਾ ਮਰਜ਼ੀ ਨੇਕ ਬਣਨ ਦੀ ਕੋਸ਼ਿਸ਼ ਕਰੀ ਜਾਵੇ ਪਰ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅਮਰਿੰਦਰ ਅਨੁਸਾਰ ਉਹ ਪਾਕਿ ਪ੍ਰਧਾਨਮੰਤਰੀ ਇਮਰਾਨ ਖਾਨ ਤੇ ਨਹੀਂ ਸਿਰਫ਼ ਉਥੋਂ ਦੇ ਫੌਜਮੁਖੀ ਤੇ ਸਵਾਲ ਕਰ ਰਹੇ ਹਨ ਕਿਉਂਕਿ ਕਸੂਰਵਾਰ ਫੌਜਮੁਖੀ ਹੈ। ਇਸ ਮੌਕੇ ਉਨ੍ਹਾਂ ਨੇ ਜਨਰਲ ਬਾਜਵਾ ਨੂੰ ਇੱਥੋਂ ਤੱਕ ਧਮਕੀ ਦੇ ਦਿੱਤੀ ਸੀ ਕਿ ਪਾਕਿ ਫੌਜ ਇਹ ਨਾ ਸਮਝੇ ਕਿ ਪੰਜਾਬ ਪੁਲਿਸ ਅੱਜ ਵੀ 1980ਵੇਂ ਦਹਾਕੇ ਵਾਲੀ ਫੋਰਸ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੀ ਪੁਲਿਸ ਕਮਾਂਡੋ ਟਰੇਨਿੰਗ ਹਾਸਲ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਜਿਸਨੇ ਕਾਂਗਰਸ ਦੇ 2017 ਤੋਂ ਬਾਅਦ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਕੁੱਲ 19 ਅੱਤਵਾਦੀ ਕਾਰਵਾਈਆਂ ਨੂੰ ਫੇਲ੍ਹ ਕੀਤਾ ਹੈ। ਇਨ੍ਹਾਂ ਕਾਰਵਾਈਆਂ ਨਾਲ ਜੁੜੇ ਹੋਏ 81 ਬੰਦਿਆਂ ਨੂੰ ਫੜ੍ਹ ਕੇ ਉਨ੍ਹਾਂ ਕੋਲੋਂ 69 ਦੇ ਕਰੀਬ ਹਥਿਆਰ ਬਰਾਮਦ ਕੀਤੇ ਹਨ। ਭਾਵੇਂ ਕਿ ਕੈਪਟਨ ਨੇ ਇਸ ਬਿਆਨ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਈ ਥਾਂਈ ਸਰਾਹਣਾ ਵੀ ਕੀਤੀ ਤੇ ਇੱਥੋਂ ਤੱਕ ਕਿਹਾ ਸੀ ਕਿ ਉਨ੍ਹਾਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਸਿੱਧੂ ਦਾ ਪਾਕਿਸਤਾਨ ਜਾਣਾ ਜਾਇਜ਼ ਸੀ ਕਿਉਂਕਿ ਸਿੱਧੂ ਅਤੇ ਇਮਰਾਨ ਖਾਨ ਦੇ ਪੁਰਾਣੇ ਦੋਸਤਾਨਾ ਸਬੰਧ ਹਨ। ਪਰ ਇਸਦੇ ਬਾਵਜੂਦ ਮੁੱਖਮੰਤਰੀ ਸਿੱਧੂ ਨੂੰ ਇਹ ਕਹਿ ਕੇ ਸਿਆਸੀ ਚੂੰਢੀ ਵਢਣੋਂ ਬਾਜ ਨਹੀਂ ਆਏ ਕਿ ਸਿੱਧੂ ਤੋਲ ਕੇ ਨਹੀਂ ਬੋਲਦੇ।

ਸਿੱਧੂ ਤੇ ਕੈਪਟਨ ਦੀ ਇਸ ਸਿਆਸੀ ਉਠਾ-ਪਟਕ ਦੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਗਏ ਉਕਤ ਬਿਆਨ ਨੂੰ ਭਾਵੇਂ ਕਿ ਸ਼੍ਰੋਮਣੀ ਕਮੇਟੀ ਨਵਜੋਤ ਸਿੱਧੂ ਨਾਲੋਂ ਵੱਖ ਕਰਕੇ ਪ੍ਰਚਾਰ ਰਹੀ ਹੈ ਪਰ ਇਸਦੇ ਬਾਵਜੂਦ ਸਮਝਣ ਵਾਲਿਆਂ ਨੇ ਆਪਣੀਆਂ ਆਪਣੀਆਂ ਸਮਝਦਾਨੀਆਂ ਖੁਰਕ ਕੇ ਉਹਦੇ ਵਿਚੋਂ ਇਹ ਮਤਲਬ ਕੱਢਿਆ ਹੈ ਕਿ ਸਿੱਧੂ ਦੀ ਹਮਾਇਤ ਕਰਨਾ ਨਾ ਚਾਹੁੰਦੇ ਹੋਏ ਵੀ ਸ਼੍ਰੋਮਣੀ ਕਮੇਟੀ ਅੱਜ ਉਨ੍ਹਾਂ ਦੇ ਹੱਕ ਵਿੱਚ ਆਣ ਖਲੋਤੀ ਹੈ। ਅਜਿਹੇ ਵਿਚ ਸਮਝਿਆ ਇਹ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਹ ਬਿਆਨ ਦਿੱਤਾ ਤਾਂ ਆਪਣੀ ਕਾਰਗੁਜ਼ਾਰੀ ਦੀ ਹਾਜਰੀ ਲਵਾਉਣ ਲਈ ਸੀ ਪਰ ਇਸਦਾ ਲਾਹਾ ਵੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਗਿਆ ਤੇ ਵਿਚਾਰੇ ਸ਼੍ਰੋਮਣੀ ਕਮੇਟੀ ਵਾਲੇ ਇੱਕ ਵਾਰ ਫਿਰ ਹੱਥ ਮਲਦੇ ਰਹੇ ਗਏ।

Facebook Comments
Facebook Comment