• 11:39 am
Go Back

‘ਆਪ ਡੁਬੇਂਦਿਆਂ ਬ੍ਰਾਮ੍ਹਣਾ ਜਜਮਾਨ ਵੀ ਡੋਬੇ’

ਅੰਮ੍ਰਿਤਸਰ : ਪੰਜਾਬੀ ਦੀ ਇੱਕ ਪ੍ਰਸਿੱਧ ਕਹਾਵਤ ਹੈ ‘ਆਪ ਡੁਬੇਂਦਿਆਂ ਬ੍ਰਾਮ੍ਹਣਾ ਜਜਮਾਨ ਵੀ ਡੋਬੇ’ ਜਿਸ ਵਿਚ ਬ੍ਰਾਹਮਣ ਤੋਂ ਭਾਵ ਗੁਰੂ ਹੈ ਤੇ ਜਜਮਾਨ ਚੇਲੇ ਨੂੰ ਆਖਿਆ ਗਿਆ ਹੈ। ਕੁਝ ਏਹੋ ਹਾਲ ਅੱਜਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਕੱਢੇ ਗਏ ਟਕਸਾਲੀ ਆਗੂਆਂ ਦਾ ਹੋ ਰਿਹਾ ਹੈ। ਜਿਨ੍ਹਾਂ ਨੂੰ ਆਪ ਨੂੰ ਤਾਂ ਪਾਰਟੀ ਵਿੱਚੋਂ ਬਾਹਰ ਕੱਢ ਹੀ ਦਿੱਤਾ ਗਿਆ ਹੁਣ ਪਾਰਟੀ ਆਗੂਆਂ ਦੀ ਅੱਖ ਉਨ੍ਹਾਂ ਦੇ ਸਮਰਥਕਾਂ ਤੇ ਵੀ ਆਣ ਟਿਕੀ ਹੈ। ਇਹ ਅੱਖ ਟਕਸਾਲੀਆਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਲੇ ਅਹੁਦੇਦਾਰਾਂ ਅਤੇ ਕਰਮਚਾਰੀਆਂ ਉੱਤੇ ਕੁਝ ਜ਼ਿਆਦਾ ਹੀ ਕੈੜੀ ਹੋਈ ਨਜ਼ਰ ਆ ਰਹੀ ਹੈ। ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਦੂਜੀ ਵਾਰ ਬਣੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਵਰਗੇ ਪਾਰਟੀ ’ਚੋਂ ਬਾਹਰ ਕੱਢੇ ਗਏ ਸੀਨੀਅਰ ਟਕਸਾਲੀ ਆਗੂਆਂ ਦੇ ਨੇੜਲੇ ਸਮਝੇ ਜਾਂਦੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਖੁੱਡੇ ਲਾਇਨ ਲਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਜਿਸ ਗੱਲ ਦੀ ਭਣਕ ਲਗਦਿਆਂ ਹੀ ਇਹ ਸਮਰਥਕ ਭਾਵੇਂ ਆਪਣੇ ਰਾਜਨੀਤਕ ਆਕਾਵਾਂ ਕੋਲ ਪਹੁੰਚ ਬਣਾ ਰਹੇ ਹਨ ਪਰ ਆਗੂ ਉਨ੍ਹਾਂ ਨੂੰ ਹੱਥ ਦੀ ਬਣਾਈ ਹੋਈ ‘ਡੁਗਡੁਗੀ’ ਤੋਂ ਇਲਾਵਾ ਕੁਝ ਹਾਸਲ ਨਹੀਂ ਹੋ ਰਿਹਾ।

ਸ਼੍ਰੋਮਣੀ ਕਮੇਟੀ ਦੇ ਸੂਤਰਾਂ ਅਨੁਸਾਰ ਆਪਣੀ ਪ੍ਰਧਾਨਗੀ ਵਾਲੀ ਦੂਜੀ ਪਾਰੀ ਦੀ ਸ਼ੁਰੂਆਤ ਕਰਦਿਆਂ ਹੀ ਲੌਂਗੋਵਾਲ ਨੇ ਜਿੱਥੇ ਆਪਣੇ ਨਜ਼ਦੀਕੀ ਅਧਿਕਾਰੀਆਂ ਨੂੰ ਤਰੱਕੀਆਂ ਦੇ ਕੇ ਮਲਾਈਦਾਰ ਅਹੁਦਿਆਂ ਤੇ ਬਿਠਾਉਣ ਦੀ ਠਾਣ ਲਈ ਹੈ ਉੱਥੇ ਦੂਜੇ ਪਾਸੇ ਉਨ੍ਹਾਂ ਮੁਲਾਜ਼ਮਾਂ ਦੀਆਂ ਲਿਸਟਾਂ ਵੀ ਤਿਆਰ ਕੀਤੀਆਂ ਜਾਣ ਲੱਗ ਪਈਆਂ ਹਨ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਬਾਹਰ ਕੱਢੀ ਗਈ ਟਕਸਾਲੀ ਤਿਕਣੀ ਦੇ ਨਜ਼ਦੀਕ ਸਮਝਿਆ ਜਾਂਦਾ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਇਸ ਬਾਬਤ ਖੁਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ ਪਰ ਸੂਤਰਾਂ ਅਨੁਸਾਰ ਉਕਤ ਟਕਸਾਲੀਆਂ ਦੇ ਨਜ਼ਦੀਕੀ ਸਮਝੇ ਜਾਂਦੇ ਜਿਨ੍ਹਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਦੂਰ ਦੁਰਾਡੇ ਗੁਰਦੁਆਰਿਆਂ ਵਿੱਚ ਤਬਦੀਲ ਕੀਤੇ ਜਾਣ ਦਾ ਖਰੜਾ ਤਿਆਰ ਕੀਤਾ ਜਾਣ ਲੱਗ ਪਿਆ ਹੈ ਉਨ੍ਹਾਂ ਨੂੰ ਬਦਲੀਆਂ ਸਬੰਧੀ ਸੋਚ ਕੇ ਹੀ ਪਸੀਨੇ ਆਉਣੇ ਸ਼ੁਰੂ ਹੋ ਗਏ ਹਨ।

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਐਸਜੀਪੀਸੀ ਦੀ ਆਂਤਰਿਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਵਿਛੋਆ ਨੇ ਵੀ ਸੰਕੇਤ ਦਿੱਤੇ ਹਨ ਕਿ ਬਦਲੀਆਂ ਜਲਦ ਹੋਣਗੀਆਂ। ਇਸ ਸਬੰਧੀ ਗੱਲਬਾਤ ਕਰਦਿਆਂ ਇੱਕ ਸੀਨੀਅਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਸੁਆਲ ਕੀਤਾ ਕਿ ਕੌਣ ਕਹਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਬਾਦਲਾਂ ਅਤੇ ਅਕਾਲੀ ਆਗੂਆਂ ਦਾ ਕੋਈ ਦਖਲ ਨਹੀਂ ਹੈ, ਇੱਥੇ ਤਾਂ ਹਰ ਕੰਮ ਅਕਾਲੀ ਆਗੂਆਂ ਦੀ ਸਿਫਾਰਸ਼ ਤੇ ਕੀਤਾ ਜਾਂਦਾ ਹੈ ਤੇ ਜੇਕਰ ਕਿਸੇ ਗੱਲ ਤੋਂ ਕੋਈ ਅਕਾਲੀ ਆਗੂ ਸ਼੍ਰੋਮਣੀ ਕਮੇਟੀ ਮੁਲਾਜ਼ਮ ਨਾਲ ਨਾਰਾਜ਼ ਹੋ ਜਾਵੇ ਤਾਂ ਫਿਰ ਉਸ ਨਾਲ ਤਾਂ ਉਹ ਹੁੰਦੀ ਹੈ, “ਜਾ ਨੀ ਧੀਏ ਰਾਵੀ ਨਾ ਕੋਈ ਜਾਵੀ ਨਾ ਕੋਈ ਆਵੀ” ਯਾਨੀ ਕਿ ਉਸਦੀ ਬਦਲੀ ਇੰਨੀ ਦੂਰ ਕਰ ਦਿੱਤੀ ਜਾਂਦੀ ਹੈ ਕਿ ਨਾ ਕੋਈ ਉੱਥੇ ਆਉਂਦਾ ਹੈ ਤੇ ਨਾ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼੍ਰ਼ੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਤਬਦੀਲ ਕਰਕੇ ਆਪਣੇ ਨੇੜੇ ਲਾਇਆ ਹੈ ਉਨ੍ਹਾਂ ਵਿਚੋਂ ਮਿਤੀ 14 ਨਵੰਬਰ 2018 ਨੂੰ ਹੁਕਮ ਨੰ. 3 ਰਾਹੀਂ ਆਪਣੇ ਨਿਜੀ ਸਕੱਤਰ ਵਜੋਂ ਤਾਇਨਾਤ ਸੁਖਮਿੰਦਰ ਸਿੰਘ ਐਕਸੀਅਨ ਦਾ ਤਬਾਦਲਾ ਨਿਰਦੇਸ਼ਕ ਸਿੱਖਿਆ ਬਹਾਦਰਗੜ੍ਹ ਪਟਿਆਲਾ ਤੋਂ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਜੋਂ ਕੀਤਾ ਗਿਆ ਹੈ।

ਸੁਖਮਿੰਦਰ ਸਿੰਘ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਤੌਰ ਨਿਜੀ ਸਕੱਤਰ ਕੰਮ ਕਰਨਗੇ। ਜਦਕਿ ਲੌਗੋਂਵਾਲ ਨੇ ਆਪਣੇ ਨਾਲ ਪਹਿਲਾਂ ਹੀ ਨਿਜੀ ਸਹਾਇਕ ਦੇ ਰੂਪ ਵਿੱਚ ਕੰਮ ਕਰ ਰਹੇ ਦਫਤਰ ਕਲਰਕ ਡਾਇਰੈਕੋਟੇਟ ਐਜੂਕੇਸ਼ਨ ਬਹਾਦਰਗੜ੍ਹ ਦਰਸ਼ਨ ਸਿੰਘ ਨੂੰ ਆਪਣੇ ਨਾਲ ਹੀ ਰੱਖਿਆ ਹੈ। ਇਸ ਤੋਂ ਇਲਾਵਾ ਪਤਾ ਲੱਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਤੋਂ ਬਾਅਦ ਵੱਡੀ ਪੱਧਰ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਜਾਣਗੀਆਂ ਜਿਸਨੂੰ ਦੇਖਦਿਆਂ ਅਕਾਲੀ ਦਲ ’ਚੋਂ ਬਾਹਰ ਕੱਢੇ ਗਏ ਟਕਸਾਲੀਆਂ ਦੇ ਨਜ਼ਦੀਕੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਹੁਣ ਇਹ ਬਦਲੀਆਂ ਰੋਕਣ ਲਈ ਨਵੀਆਂ ਨਵੀਆਂ ਤਿਕੜਮ ਲੜਾ ਰਹੇ ਹਨ।

Facebook Comments
Facebook Comment