• 9:04 am
Go Back

ਚੰਡੀਗੜ੍ਹ: ਰਾਜਨੀਤੀ ਬੰਦੇ ਤੋਂ ਕੀ ਕੀ ਪਾਪੜ ਵੇਲਵਾਉਂਦੀ ਹੈ ਇਸਦੀ ਉਦਾਹਰਣ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਦੇਖਣ ਨੂੰ ਮਿਲੀ ਜਦੋਂ ਪਿਛਲੇ 10 ਸਾਲ ਤੱਕ ਪੰਜਾਬ ‘ਤੇ ਰਾਜ ਕਰਨ ਵਾਲੇ ਲੋਕ ਅੱਜ ਰੇੜ੍ਹੀ-ਫੜੀ ਵਾਲੇ ਬਣੇ ਬੈਠੇ ਸਨ। ਚੰਗੇ ਸੂਟਿਡ ਬੂਟਿਡ ਅਤੇ ਸੋਹਣੇ ਤਿਆਰ ਹੋਏ ਉੱਚੀ ਉੱਚੀ ਹੋਕਾ ਲਾਉਂਦੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਲੀਆਂ ਕਾਪੀਆਂ ਵੇਚਦੇ ਇਨ੍ਹਾਂ ਲੋਕਾਂ ਵਿਚ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਸ਼ਰਨਜੀਤ ਢਿੱਲੋਂ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਅਕਾਲੀ ਦਲ ਦੇ ਕੁਝ ਹੋਰ ਵਿਧਾਇਕ ਸ਼ਾਮਲ ਸਨ। ਇਹ ਲੋਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਲੀਕ ਹੋਈ ਰਿਪੋਰਟ ਦੀਆਂ ਕਾਪੀਆਂ ਨੂੰ ਰੱਦੀ ਦੱਸ ਕੇ 5 ਰੁਪਏ, 10 ਰੁਪਏ ਅਤੇ 50 ਰੁਪਏ ਪਰ ਕਾਪੀ ਵੇਚ ਰਹੇ ਸਨ। ਬੇਸ਼ੱਕ ਇਹ ਸਭ ਕਰਨ ਲਈ ਉਨ੍ਹਾਂ ਨੂੰ ਰਾਜਨੀਤੀ ਨੇ ਮਜਬੂਰ ਕੀਤਾ ਸੀ ਪਰ ਜਿਸ ਢੰਗ ਨਾਲ ਅੱਜ ਇਹ ਪੰਜਾਬ ਦੇ ਸਾਬਕਾ ਰਾਜੇ ਧਰਤੀ ਤੇ ਉੱਤਰੇ ਨਜ਼ਰ ਆਏ ਉਸ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਸੱਤਾ ਕਿਸੇ ਦੀ ਸਖੀ ਨਹੀਂ ਇਹ ਕਦੋਂ ਕਿਸੇ ਨੂੰ ਰਾਜੇ ਤੋਂ ਰੰਕ ਬਣਾ ਦਵੇ ਇਹ ਕੋਈ ਨਹੀਂ ਜਾਣਦਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਜੋ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਹੋਣ ਜਾ ਰਹੀ ਹੈ ਇਹ ਉਸ ਦੀਆਂ ਅਸਲ ਕਾਪੀਆਂ ਹਨ ਜੋ ਕਿ ਹੁਣ ਕਬਾੜ ਤੋਂ ਇਲਾਵਾ ਹੋਰ ਕੁਝ ਨਹੀਂ ਰਹਿ ਗਿਆ ਇਸ ਲਈ ਉਹ ਇਸ ਰਿਪੋਰਟ ਨੂੰ ਕਬਾੜ ਦੇ ਭਾਅ ਵੇਚ ਰਹੇ ਹਨ। ਮਜੀਠੀਆ ਅਨੁਸਾਰ ਇਹ ਰਿਪੋਰਟ ਖਹਿਰਾ ਅਤੇ ਬੈਂਸ ਭਰਾਵਾਂ ਲਈ 5 ਰੁਪਏ ਕਾਪੀ, ਕਾਂਗਰਸ ਪਾਰਟੀ ਲਈ ਭਾਰੀ ਛੋਟ ਨਾਲ 10 ਰੁਪਏ ਕਾਪੀ ਪਰ ਅਰਵਿੰਦ ਕੇਜਰੀਵਕਾਲ ਲਈ 50 ਰੁਪਏ ਕਾਪੀ ਵੇਚੀ ਜਾ ਰਹੀ ਹੈ। ਮਾਹਰਾਂ ਅਨੁਸਾਰ ਅਕਾਲੀ ਦਲ ਅਜਿਹਾ ਇਸ ਲਈ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅੰਦਰ ਜਾ ਕੇ ਇਸ ਰਿਪੋਰਟ ਦੇ ਅਧਾਰ ‘ਤੇ ਉਨ੍ਹਾਂ ਦੀ ਪਾਰਟੀ ਨੂੰ ਘੇਰਿਆ ਜਾਵੇਗਾ ਇਸ ਲਈ ਉਨ੍ਹਾਂ ਨੇ ਵਿਧਾਨ ਸਭਾ ਦੇ ਬਾਹਰ ਹੀ ਇਸ ‘ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ।

Facebook Comments
Facebook Comment