ਕਾਂਗਰਸ ‘ਚ ਸ਼ਾਮਲ ਹੁੰਦਿਆਂ ਹੀ ਲੋਕਾਂ ਨੇ ਧਰ ਲਿਆ ਸੰਦੋਆ, ਫਿਰ ਐਸਾ ਹੋਇਆ ਕਾਂਡ ਕਿ ਦੇ ਚੱਪਲ, ਦੇ ਚੱਪਲ…

TeamGlobalPunjab
4 Min Read

ਰੂਪਨਗਰ : ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਣ ਦੀ ਖ਼ਬਰ ‘ਆਪ’ ਸਮਰਥਕਾਂ ਨੂੰ ਹਜ਼ਮ ਨਹੀਂ ਹੋ ਰਹੀ। ਹਾਲਾਤ ਇਹ ਹਨ ਕਿ ‘ਆਪ’ ਵਾਲਿਆਂ ਦਾ ਗੁੱਸਾ ਚਰਮ ਸੀਮਾਂ ‘ਤੇ ਪਹੁੰਚ ਗਿਆ ਹੈ, ਤੇ ਹੁਣ ਉਹ ਇਹ ਗੁੱਸਾ ਕੱਢਣ ਲਈ  ਸੰਦੋਆ ਲਈ ਅਜਿਹੀਆਂ ਰਸਮਾਂ ਕਰਨ ਦੀਆਂ ਤਿਆਰੀਆਂ ਵਿੱਚ ਹਨ ਜਿਹੜੀਆਂ ਰਸਮਾਂ ਕਿਸੇ ਦੇ ਮਰਨ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ। ਇਹ ਲੋਕ ਜਿੱਥੇ ਅਮਰੀਤ ਸਿੰਘ ਸੰਦੋਆ ਦੀ ਫੋਟੋ ਨੂੰ ਧਰਤੀ ‘ਤੇ ਲੰਮਾ ਪਾ ਕੇ ਉਸ ‘ਤੇ ਜੁੱਤੀਆਂ ਮਾਰ ਰਹੇ ਹਨ, ਉੱਥੇ ਦੂਜ਼ੇ ਪਾਸੇ ਪੋਸਟਰ, ਬੈਨਰ ਲਾ ਕੇ ਇੱਕ ਅਜਿਹੀ ਅਰਥੀ ਯਾਤਰਾ ਕੱਢਣ ਦੀ ਤਿਆਰੀ ਵਿੱਚ ਹਨ ਜਿਹੜੀ ਸੰਦੋਆ ਦੇ ਪਿੰਡ ਵਿੱਚ ਜਾ ਕੇ ਖਤਮ ਹੋਵੇਗੀ ਤੇ ਇਸ ਦੌਰਾਨ ਇਹ ਲੋਕ ਟਰਾਲੀਆਂ ‘ਚ ਬੈਠ ਕੇ ਕੀਰਨੇ ਪਾਉਂਦੇ ਜਾਣਗੇ।

ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ‘ਆਪ’ ਵਰਕਰ 6 ਮਈ ਤੋਂ ਸੰਦੋਆ ਦੇ ਪਿੰਡ ਮਕਾਣਾਂ ਲੈ ਕੇ ਜਾਣਗੇ, ਇਸ ਦੌਰਾਨ ਵਰਕਰਾਂ ਵੱਲੋਂ ਟਰਾਲੀਆਂ ਤੇ ਗੱਡੀਆਂ ‘ਤੇ ਫਲੈਕਸਾਂ ਲਾਈਆਂ ਜਾਣਗੀਆਂ ਤੇ ਉਹ ਕੀਰਣੇ ਪਾਉਂਦੇ ਜਾਣਗੇ। ਜਿੱਥੇ ਜਾ ਕਿ ਸੰਦੋਆ ਦੇ ਪਿੰਡ ਉਨ੍ਹਾਂ ਦੇ ਸਿਵਿਆਂ ਵਿੱਚ ਜਾ ਕੇ ਸੰਦੋਆ ਦੀ ਅਰਥੀ ਦਾ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਇੱਕ ਮੋੜਵੀਂ ਮਕਾਣ ਸੰਦੋਆ ਦੇ ਸਹੁਰੇ ਪਿੰਡ ਵੀ ਜਾਵੇਗੀ, ਤੇ ਹਰ ਉਹ ਰਸਮ ਕੀਤੀ ਜਾਵੇਗੀ ਜੋ ਕਿ ਇੱਕ ਵਿਅਕਤੀ ਦੇ ਸੰਸਾਰ ਨੂੰ ਛੱਡ ਕੇ ਜਾਣ ਤੋਂ ਬਾਅਦ ਪੰਜਾਬ ਵਿੱਚ ਚੱਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਰਥੀ ‘ਤੇ ਉਸੇ ਤਰ੍ਹਾਂ ਚਾਦਰਾਂ ਪਾਈਆਂ ਜਾਣਗੀਆਂ ਜਿਸ ਤਰ੍ਹਾਂ ਕਿਸੇ ਇਨਸਾਨ ਦੀ ਮੌਤ ਤੋਂ ਬਾਅਦ ਮੁਰਦੇ ‘ਤੇ ਪਾਈਆਂ ਜਾਂਦੀਆਂ ਹਨ। ਰਣਜੀਤ ਸਿੰਘ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਹੋਵੇਗੀ ਜਿਉਂਦਾ ਸੰਦੋਆ ਜਿੱਥੇ ਵੀ ਉਨ੍ਹਾਂ ਨੂੰ ਮਿਲੇਗਾ ਉਹ ਦੱਬ ਕੇ ਵਿਰੋਧ ਕਰਨਗੇ।

ਇੱਥੇ ਦੱਸ ਦਈਏ ਕਿ ਸਾਲ 2017 ਦੌਰਾਨ ਪੰਜਾਬ ਦੇ ਲੋਕਾਂ ਨੇ ਸਿਆਸੀ ਕ੍ਰਾਂਤੀ ਲਿਆਉਣ ਲਈ ਲੋਕ ਫ਼ਤਵਾ ਦਿੱਤਾ ਤੇ ਇਸ ਦੌਰਾਨ ਕਈ ਛੋਟੇ ਚਿਹਰੇ ਸਿਆਸਤ ਦੇ ਵੱਡੇ ਪਰਦੇ ‘ਤੇ ਨਜਰ ਆਏ। ਅਜਿਹਾ ਇਸ ਲਈ ਹੋਇਆ ਕਿਉਂਕਿ ਲੋਕ ਇਹ ਚਾਹੁੰਦੇ ਸਨ, ਕਿ ਪੰਜਾਬ ਨੂੰ ਤੀਜਾ ਬਦਲ ਦਿੱਤਾ ਜਾਵੇ। ਇਂਹ ਬਦਲ ਜਨਤਾ ਨੂੰ ਨਜਰ ਆਇਆ ਸੀ ਆਮ ਆਦਮੀ ਪਾਰਟੀ ਵਿੱਚ। ਜਿਸ ਨੂੰ ਸੂਬੇ ਦੀ ਅਵਾਮ ਨੇ ਚੰਗਾ ਹੁੰਗਾਰਾ ਦਿੱਤਾ, ਪਰ 2019 ਲੋਕ ਸਭਾ ਚੋਣਾਂ ਦੇ ਆਉਂਦੇ-ਆਉਂਦੇ ਲੋਕਾਂ ਦੀਆਂ ਆਸਾਂ ਉਮੀਦਾਂ ‘ਤੇ ਪਾਣੀ ਫਿਰ ਗਿਆ, ਤੇ ਚਿਹਰੇ ਜਿਹੜੇ ਵੱਡੇ ਪਰਦੇ ‘ਤੇ ਨਜਰ ਆ ਰਹੀ ਸਨ, ਉਨ੍ਹਾਂ ਵਿੱਚੋਂ ਕਈਆਂ ਦੇ ਨਾਮ ਨਾਲ ਬਾਗ਼ੀ ਲਿਖਿਆ ਗਿਆ, ਤੇ ਕਿਸੇ ਦੇ ਨਾਮ ਨਾਲ ਦਲ-ਬਦਲੂ। ਹਾਲਾਤ ਇਹ ਹੋ ਗਏ ਕਿ ਸਮਾਜ ਵਿੱਚੋਂ ਸਿਆਸੀ ਗੰਦਗੀ ਹੂੰਝਣ ਦਾ ਤੱਹੀਆ ਕਰਕੇ ਤੀਜੇ ਬਦਲ ਦੇ ਰੂਪ ‘ਚ ਆਇਆ ਝਾੜੂ ਰਵਾਇਤੀ ਪਾਰਟੀਆਂ ਦਾ ਮੁਕਾਬਲਾ ਕਰਨ ਵਿੱਚ ਨਾਕਾਮ ਸਾਬਤ ਹੁੰਦਾ ਦਿਖਾਈ ਦਿੱਤਾ ਤੇ ਥੱਕਿਆ ਹਾਰਿਆ ਇਹ ਝਾੜੂ ਅੱਜ ਆਪ ਹੀ ਤੀਲਾ ਤੀਲਾ ਹੋਣ ਦੀ ਕਗ਼ਾਰ ‘ਤੇ ਹੈ। ਪਹਿਲਾਂ 7 ਵਿਧਾਇਕ ਨਾਲ ਲੈ ਕੇ ਸੁਖਪਾਲ ਖਹਿਰਾ ‘ਆਪ’ ਨੂੰ ਅਲਵੀਦਾ ਕਹਿ ਗਏ, ਫਿਰ ਬੇਅਦਬੀ ਕਾਂਡ ਵਿੱਚ ਸਰਕਾਰ ਵੱਲੋਂ ਇਨਸਾਫ ਨਾ ਦਿੱਤੇ ਜਾਣ ਦੇ ਰੋਸ ਵਜੋਂ ਦਾਖਾਂ ਦੇ ਵਿਧਾਇਕ ਫੂਲਕਾ ਵੀ ਪਾਰਟੀ ‘ਚੋਂ ਅਸਤੀਫਾ ਦੇ ਗਏ। ਚੋਣਾਂ ਆਈਆਂ ਤੇ ਖਹਿਰਾ ਨੇ ਮਾਸਟਰ ਬਲਦੇਵ ਨੂੰ ਨਾਲ ਲੈ ਕੇ ਪੰਜਾਬ ਏਕਤਾ ਪਾਰਟੀ ਖੜ੍ਹੀ ਕਰ ਲਈ, ਤੇ ਰਹਿੰਦੀ ਖੂਹਿੰਦੀ ਕਸਰ ਨਾਜਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਵਿੱਚ ਸ਼ਾਮਲ ਹੋ ਕੇ ਪੂਰੀ ਕਰ ਦਿੱਤੀ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦਾ ਇਸ ਵਿਰੋਧ ਦਾ ਅਸਰ ਸੰਦੋਆ ‘ਤੇ ਕੀ ਪੈਂਦਾ ਹੈ ਤੇ ਉਹ ਇਸ ਦਾ ਕੀ ਜਵਾਬ ਦਿੰਦੇ ਹਨ ਕਿਉਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਆਪਣੀ ਡੈਮੇਜ਼ ਕੰਟਰੋਲ ਕਸਰਤ ਸ਼ੁਰੂ ਕਰ ਦਿੱਤੀ ਹੈ।

Share this Article
Leave a comment