
Petrol Diesel prices cut
ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਬੇਹੱਦ ਖੁਸ਼ੀ ਦੀ ਖਬਰ ਹੈ। ਸੂਬਾ ਸਰਕਾਰ ਆਉਣ ਵਾਲੇ ਸਮੇਂ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ ਜਾ ਰਹੀ ਹੈ। ਇਹ ਰਾਹਤ ਡੀਜ਼ਲ ਤੇ ਪੈਟਰੋਲ ਤੋਂ ਵੈਟ ਘਟਾ ਕੇ ਦਿੱਤੀ ਜਾਵੇਗੀ। ਰਾਜਸਥਾਨ ਤੋਂ ਬਾਅਦ ਪੰਜਾਬ ਦੇਸ਼ ਦਾ ਦੂਜਾ ਸੂਬਾ ਹੋਵੇਗਾ ਜੋ ਕਿ ਆਪਣੇ ਲੋਕਾਂ ਨੂੰ ਤੇਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾ ਕੇ ਰਾਹਤ ਦੇਣ ਜਾ ਰਿਹਾ ਹੈ। ਇਸ ਐਲਾਨ ਦਾ ਸੂਬਾ ਵਾਸੀਆਂ ਨੇ ਸਵਾਗਤ ਕੀਤਾ ਹੈ।
Petrol Diesel prices cut
ਇਸ ਸਬੰਧ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਰਜਨੀ ਪਟੇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਦੇਸ਼ ਦੇ ਜਿਨ੍ਹਾਂ ਸੂਬਿਆਂ ਵਿੱਚ ਕਾਂਗਰਸ ਦਾ ਰਾਜ ਹੈ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਪੈਟਰੋਲੀਅਮ ਪਦਾਰਥਾਂ ਤੇ ਵੈਟ ਘਟਾਉਣ ਲਈ ਕਿਹਾ ਗਿਆ ਹੈ ਤਾਂ ਕਿ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ। ਇੱਥੇ ਇਹ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਦਰਾ ਰਾਜੇ ਸਿੰਧੀਆਂ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦੀ ਮਾਰ ਝੱਲ ਰਹੇ ਰਾਜਸਥਾਨ ਵਾਸੀਆਂ ਨੂੰ 4 ਪ੍ਰਤੀਸ਼ਤ ਵੈਟ ਘਟਾ ਕੇ ਰਾਹਤ ਦੇਣ ਦਾ ਐਲਾਨ ਕੀਤਾ ਸੀ। ਪੰਜਾਬ ਦੇ ਨਾਲ-ਨਾਲ ਕਰਨਾਟਕ ਵਿੱਚ ਵੀ ਇਸੇ ਤਰ੍ਹਾਂ ਦੀ ਰਾਹਤ ਦਿੱਤੀ ਜਾਵੇਗੀ।
Petrol Diesel prices cut
ਜ਼ਿਕਰਯੋਗ ਹੈ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਦੇਖਦਿਆਂ ਅੱਜ ਕੁੱਲ ਹਿੰਦ ਕਾਂਗਰਸ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਜਿੱਥੇ ਦੇਸ਼ ਭਰ ਵਿੱਚ ਕਾਂਗਰਸ ਅਤੇ ਉਸਦੀਆਂ 21 ਹੋਰ ਹਮਖਿਆਲੀ ਪਾਰਟੀਆਂ ਵੱਲੋਂ ਇੱਕ ਬੰਦ ਦੌਰਾਨ ਦੇਸ਼ ਭਰ ਵਿੱਚ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਬੇਸ਼ੱਕ ਇਹ ਫੈਸਲਾ ਵਿਰੋਧੀ ਧਿਰ ਵੱਲੋਂ ਕਾਂਗਰਸ ਨੂੰ ਆਪਣੇ ਰਾਜਾਂ ਵਿੱਚ ਵੈਟ ਘਟਾ ਕੇ ਸੂਬਾ ਵਾਸੀਆਂ ਨੂੰ ਰਾਹਤ ਦਿੱਤੇ ਜਾਣ ਦੇ ਕੀਤੇ ਜਾ ਰਹੇ ਸਵਾਲਾਂ ਤੋਂ ਬਚਣ ਲਈ ਹੀ ਲਿਆ ਗਿਆ ਹੋਵੇ ਲੇਕਿਨ ਸੱਚਾਈ ਇਹ ਹੈ ਕਿ ਇਸ ਨਾਲ ਜਿੱਥੇ ਸੂਬਾ ਵਾਸੀਆਂ ਨੂੰ ਰਾਹਤ ਮਿਲੇਗੀ ਉੱਥੇ ਕਾਂਗਰਸ ਦੇ ਇਸ ਫੈਸਲੇ ਨਾਲ ਮੋਦੀ ਸਰਕਾਰ ਲਈ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਅੰਦਰ ਤੇਲ ਦੀਆਂ ਕੀਮਤਾਂ ਘਟਾਉਣ ਲਈ ਦਬਾਅ ਬਣੇਗਾ। ਅਜਿਹੇ ਵਿੱਚ ਮੋਦੀ ਸਰਕਾਰ ਇਸ ਦਬਾਅ ਨਾਲ ਨਜਿੱਠਣ ਲਈ ਕੀ ਰਣਨੀਤੀ ਅਪਣਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Petrol Diesel prices cut