• 2:38 pm
Go Back

ਅਸੀਂ ਕਿਹੜਾ ਗੁਰੂ ਸਾਹਿਬ ਨੂੰ ਲਿਸਟ ਦੇਣੀ ਹੈ ਕਿ ਆਹ ਮਾਫ਼ੀ ਮੰਗਣੀ ਐ : ਵੱਡਾ ਬਾਦਲ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਅਤੇ ਉਸ ਤੋਂ ਬਾਅਦ ਮਾਫੀਨਾਮੇ ਦੀ ਹੋਈ ਅੰਤਿਮ ਅਰਦਾਸ (ਪਹਿਲਾਂ ਆਰੰਭ ਅਤੇ ਮੱਧ ਦੀਆਂ ਦੋ ਅਰਦਾਸਾਂ ਹੋ ਚੁੱਕੀਆਂ ਸਨ) ਉਪਰੰਤ ਆਖਰਕਾਰ ਤਿੰਨ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਮੀਡੀਆ ਨੂੰ ਮੁਖਾਤਿਬ ਹੋ ਹੀ ਗਏ। ਵਾਰ-ਵਾਰ ਮੀਡੀਆ ਵਲੋਂ ਇਹ ਸਵਾਲ ਪੁੱਛਣ ਕਿ ਕਿਸ ਗੱਲ ਦੀ ਮਾਫ਼ੀ ਮੰਗ ਰਹੇ ਹੋ, ਵੱਡੇ ਬਾਦਲ ਅੱਜ ਦੇ ਦਿਨ ਵੀ ਖਿਝ ਗਏ ਤੇ ਉਨ੍ਹਾਂ ਅੱਗੋਂ ਮੀਡੀਆ ਨੂੰ ਹੀ ਸੁਆਲ ਕਰ ਦਿੱਤਾ ਕਿ “ਅਸੀਂ ਕਿਹੜਾ ਗੁਰੂ ਸਾਹਿਬ ਨੂੰ ਲਿਸਟਾਂ ਦੇਣੀਆਂ ਨੇ ਕਿ ਕਿਹੜੀ ਕਿਹੜੀ ਭੁੱਲ ਚੁੱਕ ਲਈ ਮਾਫ਼ੀ ਮੰਗ ਰਹੇ ਹਾਂ।” ਇਸ ਉਪਰੰਤ ਜਦੋਂ ਵੱਡੇ ਬਾਦਲ ਨੇ ਹਰ ਸਵਾਲ ਦੇ ਜਵਾਬ ਤੇ “ਮੈਂ ਇਸ ਕੋਲੋਂ ਵੀ ਮਾਫ਼ੀ ਮੰਗਦਾ ਹਾਂ, ਮੈਂ ਉਸ ਕੋਲੋਂ ਵੀ ਮਾਫ਼ੀ ਮੰਗਦਾ ਹਾਂ, ਮੈਂ ਤੁਹਾਡੇ ਤੋਂ ਵੀ ਮਾਫ਼ੀ ਮੰਗਦਾ ਹਾਂ” ਕਹਿ ਕਹਿ ਕੇ ਮਾਫ਼ੀ ਅੱਖਰ ਨੂੰ ਹੀ ਘਸਾ ਦਿੱਤਾ ਤਾਂ ਮੀਡੀਆ ਕਰਮੀ ਉਸ ਘਸੇ ਹੋਏ ਮਾਫ਼ੀ ਅੱਖਰ ਨੂੰ ਇੱਕ ਪਾਸੇ ਲਿਜਾ ਕੇ ਉਲਟ ਪੁਲਟ ਕੇ ਵੇਖਦੇ ਹੋਏ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਆਖਿਰ ਖਬਰ ਕੀ ਬਣੀ?

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇ ਵੱਡੇ ਦਿਨ ਤਾਂ ਉਹ ਸਿਰਫ਼ ਇੰਨਾ ਹੀ ਕਹਿਣਗੇ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਵਿੱਚ ਰਹਿੰਦਿਆਂ ਪਾਰਟੀ ਆਗੂਆਂ ਕੋਲੋਂ ਜਿੰਨੀਆਂ ਵੀ ਭੁੱਲਾਂ ਚੁੱਕਾਂ ਹੋਈਆਂ ਹਨ ਉਹ ਉਸ ਦੀ ਮਾਫ਼ੀ ਮੰਗਣ ਲਈ ਇੱਥੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਹਨ ਤੇ ਗੁਰੂ ਬਖਸ਼ਣਹਾਰ ਹੈ ਉਹ ਜਰੂਰ ਬਖਸ਼ਿਸ਼ ਕਰਨਗੇ। ਇਸ ਮੌਕੇ ਉੱਥੇ ਮੌਜੂਦ ਵੱਡੀ ਗਿਣਤੀ ਵਿਚ ਮੀਡੀਆ ਕਰਮੀਆਂ ਨੇ ਸੱਜਿਓ, ਖੱਬਿਓ, ਉੱਪਰੋਂ, ਨੀਚਿਓਂ, ਸਾਹਮਣਿਉਂ ਤੇ ਪਿੱਛੋਂ ਸਵਾਲਾਂ ਦੀ ਬੁਛਾਰ ਕਰਨੀ ਜਾਰੀ ਰੱਖੀ, ਪਰ 70 ਸਾਲ ਦਾ ਸਿਆਸੀ ਤਜ਼ਰਬਾ ਰੱਖਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਵਾਲ ਵੀ ਵਿੰਗਾ ਨਹੀਂ ਹੋਇਆ ਕਿਉਂਕਿ ਅੱਜ ਉਨ੍ਹਾਂ ਨੇ ਦੋਵੇਂ ਹੱਥ ਜੋੜੇ ਹੋਏ ਸਨ ਤੇ ਜਿਹੜਾ ਕੋਈ ਸਵਾਲ ਕਰਦਾ ਸੀ, ਉਹ ਦੋਵੇਂ ਜੋੜੇ ਹੋਏ ਹੱਥ ਉਸ ਪਾਸੇ ਕਰ ਦਿੰਦੇ ਤੇ ਮਾਫ਼ੀ ਮਾਫ਼ੀ ਮਾਫ਼ੀ ਕਹਿ ਕਹਿ ਕੇ ਅਗਲੇ ਨੂੰ ਸਵਾਲਹੀਣ ਕਰ ਦਿੰਦੇ ਸਨ।

ਇਸ ਦੌਰਾਨ ਵਿੱਚ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਬਿਲਕੁਲ ਨਜ਼ਦੀਕ ਬੈਠੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਗੱਲ ਗੱਲ ਤੇ ਆਪਣੇ ਮੂੰਹ ’ਤੇ ਹੱਥ ਰੱਖ ਕੇ ਵੱਡੇ ਬਾਦਲ ਦੇ ਕੰਨ ਵਿੱਚ ਪਤਾ ਨਹੀਂ ਕੀ ਕਹਿੰਦੇ ਰਹੇ ਜਿਸ ਤੋਂ ਬਾਅਦ ਬਾਦਲ ਸਿਰ ਹਿਲਾਉਂਦੇ ਅਤੇ ਸਵਾਲ ਕਰਨ ਵਾਲੇ ਪੱਤਰਕਾਰ ਵੱਲੋਂ ਮੂੰਹ ਹਟਾ ਕੇ ਦੂਜੇ ਪੱਤਰਕਾਰ ਵੱਲ ਵੇਖਣ ਲੱਗ ਪੈਂਦੇ। ਇਸ ਉਪਰੰਤ ਜਦੋਂ ਦੂਜਾ ਪੱਤਰਕਾਰ ਸਵਾਲ ਕਰਨ ਲੱਗ ਪੈਂਦਾ ਤਾਂ ਬੈਂਸ ਦੀ ਕੰਨ ਵਿੱਚ ਵੱਜੀ ਫੂਕ ਮਹਿਸੂਸ ਕਰਨ ਤੋਂ ਬਾਅਦ ਬਾਦਲ ਸਾਹਿਬ ਕਿਸੇ ਹੋਰ ਪੱਤਰਕਾਰ ਨੂੰ ਮੁਖਾਤਿਬ ਹੋ ਜਾਂਦੇ। ਇੰਝ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਉਹ ਸਮਾਂ ਕਦੋਂ ਆ ਗਿਆ ਜਦੋਂ ਬਾਦਲ ਸਾਹਿਬ ਨੇ ਉਠਣ ਲਈ ਬਾਹਵਾਂ ਉੱਚੀਆਂ ਕੀਤੀਆਂ ਤੇ ਨਾਲ ਖੜ੍ਹੇ ਸੁਰੱਖਿਆ ਕਰਮੀਆਂ ਅਤੇ ਹਰਚਰਨ ਬੈਂਸ ਨੇ ਉਨ੍ਹਾਂ ਨੂੰ ਬਾਹਵਾਂ ਤੋਂ ਫੜ੍ਹ ਕੇ ਉਠਾ ਲਿਆ ਤੇ ਉਹ ਹੌਲੀ ਹੌਲੀ ਤੁਰਦੇ ਬਾਹਰ ਲੰਘ ਗਏ ਤੇ ਮੀਡੀਆ ਕਰਮੀ ਦੇਖਦੇ ਹੀ ਰਹਿ ਗਏ।

Facebook Comments
Facebook Comment