• 1:34 pm
Go Back

– ਕੁਲਵੰਤ ਸਿੰਘ

ਇਨੀਂ ਦਿਨੀਂ ਪੰਜਾਬ ਦੀ ਸਿਆਸਤ ਦਾ ਜੇਕਰ ਕਿਤੇ ਸਭ ਤੋਂ ਵੱਧ ਫੋਕਸ ਹੈ ਤਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਪਿ ਜਿਹੜੀ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਮਾਫ਼ੀ ਮੰਗ ਰਹੀ ਹੈ। ਭਾਵੇਂ ਕਿ ਇਸ ਮਾਫ਼ੀ ਦੇ ਮੁੱਦੇ ਤੇ ਬਾਦਲਾਂ ਸਮੇਤ ਸਾਰੇ ਹੀ ਅਕਾਲੀ ਮੀਡੀਆ ਦਾ ਮੂੰਹ ਖੁੱਲ੍ਹਣ ਤੋਂ ਪਹਿਲਾਂ ਹੀ ਉਹਦੇ ’ਤੇ “ਅਜੇ ਕੁਝ ਨਹੀਂ ਬੋਲਣਾ” ਵਾਲੀ ਚੇਪੀ ਲਾ ਦਿੰਦੇ ਹਨ ਪਰ ਇਸਦੇ ਬਾਵਜੂਦ ਮੀਡੀਆ ਉਹ ਕਹਾਵਤ ਸੱਚ ਕਰਕੇ ਵਿਖਾ ਰਿਹਾ ਹੈ ਕਿ “ਜਾਂ ਤਾਂ ਖਬਰ ਆਪੇ ਦੇ ਦਿਉ ਨਹੀਂ ਤਾਂ ਅਸੀਂ ਕੱਢ ਲਿਆਵਾਂਗੇ।” ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਨੀਂ ਦਿਨੀਂ ਮੀਡੀਆ ਦਰਬਾਰ ਸਾਹਿਬ ਪਹੁੰਚੇ ਅਕਾਲੀਆਂ ਦੀ ਬਾਰੀਕ ਤੋਂ ਬਾਰੀਕ ਹਰਕਤ ਉੱਤੇ ਬਾਜ਼ ਅੱਖ ਰੱਖੀ ਬੈਠਾ ਹੈ।

ਭਾਵੇਂ ਕਿ ਦੁਨੀਆਂ ਨੇ ਇਹ ਵੇਖਿਆ ਕਿ ਬਾਦਲਾਂ ਤੇ ਹੋਰ ਅਕਾਲੀਆਂ ਨੇ ਉੱਥੇ ਪੇਸ਼ ਹੋ ਕੇ ਗੁਰਦੁਆਰਾ ਸ਼ਹੀਦ ਭਾਈ ਗੁਰਬਖਸ਼ ਸਿੰਘ ਵਿਖੇ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਲਈ ਅਰਦਾਸ ਕਰਵਾਈ ਤੇ ਉਸ ਤੋਂ ਬਾਅਦ ਜੋੜੇ, ਬਰਤਨ ਅਤੇ ਪਰਿਕਰਮਾ ਵਿੱਚ ਸਾਫ ਸਫਾਈ ਦੀ ਸੇਵਾ ਕੀਤੀ ਹੈ ਪਰ ਮੀਡੀਆ ਦੇ ਕੈਮਰਿਆਂ ਦੀ ਅੱਖ ਲੋਕਾਂ ਨੂੰ ਨਾਲ-ਨਾਲ ਇਹ ਵੀ ਵਿਖਾਉਂਦੀ ਰਹੀ ਕਿ ਅਕਾਲੀ ਕਿਵੇਂ ਬੇਸ਼ਕੀਮਤੀ ਗੱਡੀਆਂ ਦੇ ਲਸ਼ਕਰ ਵਿੱਚ ਸਵਾਰ ਹੋ ਕੇ ਦਰਬਾਰ ਸਾਹਿਬ ਪਹੁੰਚੇ। ਉਨ੍ਹਾਂ ਲਈ ਕਿਵੇਂ ਐਸਜੀਪੀਸੀ ਨੇ ਲਾਲ ਗਲੀਚਾ ਵਿਛਾ ਕੇ ‘ਜੀ ਆਇਆਂ’ ਕਹਿਣ ਵਾਲਾ ਸਵਾਗਤ ਕੀਤਾ। ਉਨ੍ਹਾਂ ਨੇ ਕਿਵੇਂ ਮਿੰਟਾਂ ਸਕਿੰਟਾਂ ਵਿੱਚ ਹੀ ਉਸ ਗੁਰਦੁਆਰਾ ਸਾਹਿਬ ਅੰਦਰ ਅਖੰਡ ਪਾਠ ਸਾਹਿਬ ਰਖਾਏ ਜਾਣ ਦੀ ਵਾਰੀ ਹਾਸਲ ਕਰ ਲਈ ਜਿੱਥੇ ਵਾਰੀ ਲੈਣ ਲਈ ਲੋਕਾਂ ਨੂੰ ਮਹੀਨਿਆਂ ਅਤੇ ਸਾਲਾਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਦੇ ਨਾਲ ਆਏ ਸੁਰੱਖਿਆ ਅਮਲੇ ਨੇ ਬਰਤਨ, ਜੋੜੇ ਅਤੇ ਹੋਰ ਸੇਵਾ ਕਰਨ ਮੌਕੇ ਕਿਵੇਂ ਆਗੂਆਂ ਨੂੰ ਘੇਰਾ ਪਾ ਕੇ ਸੁਰੱਖਿਆ ਦਿੱਤੀ ਰੱਖੀ ਜੋ ਕਿ ਕਿਤੇ-ਕਿਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਜੁੱਤੀਆਂ ਪਾਈ ਘੁੰਮਦੇ ਵੀ ਦਿਖਾਈ ਦਿੱਤੇ।

ਸ਼ਾਮ ਢਲਦਿਆਂ ਹੀ ਕਿਵੇਂ ਉਨ੍ਹਾਂ ਵਿਚੋਂ ਕਈ ਹੋਟਲਾਂ ਵਿੱਚ ਜਾ ਠਹਿਰੇ ਤੇ ਕਈਆਂ ਨੇ ਸਰਕਟ ਹਾਊਸਾਂ ਅਤੇ ਰੈਸਟ ਹਾਊਸਾਂ ਵਿੱਚ ਜਾ ਕੇ ਆਰਾਮ ਕੀਤਾ।  ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਭਗ ਸਾਰੇ ਹੀ ਮੁਲਾਜ਼ਮ ਇਸ ਅਕਾਲੀ ਲੀਡਰਸ਼ਿਪ ਦੀ ਆਉ ਭਗਤ ਵਿੱਚ ਲੱਗੇ ਰਹੇ। ਇਨ੍ਹਾਂ ਲੀਡਰਾਂ ਦੇ ਪਹੁੰਚਣ ਕਾਰਨ ਕਿਵੇਂ ਐਸਜੀਪੀਸੀ ਦੇ ਮੁੱਖ ਦਫ਼ਤਰ ਵਿੱਚ ਸ਼੍ਰੋਮਣੀ ਕਮੇਟੀ ’ਚ ਸਥਿਤ ਧਰਮ ਪ੍ਰਚਾਰ ਅਤੇ ਦਰਬਾਰ ਸਾਹਿਬ ਨਾਲ ਸਬੰਧਤ ਹੋਰ ਵੀ ਕਈ ਦਫ਼ਤਰ ਐਤਵਾਰ ਵਾਲੇ ਦਿਨ ਵੀ ਖੁੱਲੇ ਰਹੇ। ਲੀਡਰਾਂ ਦੇ ਨਾਲ ਆਏ ਗੱਡੀਆਂ ਦੇ ਕਾਫਲੇ ਨੇ ਕਿਵੇਂ ਦਰਬਾਰ ਸਾਹਿਬ ਅਤੇ ਇਸਦੇ ਆਸਪਾਸ ਦੇ ਬਾਜ਼ਾਰਾਂ ਵਿੱਚ ਜਾਮ ਲਾਈ ਰੱਖਿਆ, ਕਿਵੇ ਜਾਮ ’ਚ ਖੜੀਆਂ ਇਹ ਗੱਡੀਆਂ ਦਰਬਾਰ ਸਾਹਿਬ, ਘੰਟਾ ਘਰ ਦੀ ਡਿਉੜੀ ਦੇ ਬਿਲਕੁਲ ਸਾਹਮਣੇ ਪ੍ਰਦੂਸ਼ਣ ਫੈਲਾਉਂਦੇ ਰਹੇ, ਕਿਵੇਂ ਇਨ੍ਹਾਂ ਵਿਚੋਂ ਬਹੁਤ ਸਾਰੇ ਆਗੂਆਂ ਅਤੇ ਹੋਰ ਛੋਟੇ ਵਰਕਰਾਂ ਵਲੋਂ ਦਰਬਾਰ ਸਾਹਿਬ ਦੀਆਂ ਸਰਾਵਾਂ ਵਿਚ ਕਮਰੇ ਲੈ ਲੈਣ ਕਾਰਨ ਦੂਰੋਂ ਨੇੜਿਓਂ ਆਈ ਸੰਗਤ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਸਾਰੀਆਂ ਚੀਜ਼ਾਂ ਨੇ ਸਿੱਖ ਸੰਗਤ ਦੇ ਮਨਾਂ ਵਿੱਚ ਇਹ ਸਵਾਲ ਪੈਦਾ ਕਰ ਦਿੱਤਾ ਕਿ ਇਹ ਕਿਹੋ ਜਿਹੀ ਭੁੱਲ ਬਖਸ਼ਾਈ ਜਾ ਰਹੀ ਹੈ ਜਿਸ ਵਿੱਚ ਐਸ਼ੋ ਆਰਾਮ, ਸੁਰੱਖਿਆ ਦਾ ਧਿਆਨ ਰੱਖਣ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਜਿਹੇ ਮੌਕੇ ਸਿੱਖ ਵਿਦਵਾਨ ਇਸ ਸਾਰੇ ਵਰਤਾਰੇ ਨੂੰ ਗਲਤ ਕਰਾਰ ਦਿੰਦਿਆਂ ਇਹ ਕਹਿੰਦੇ ਹਨ ਕਿ “ਭੁੱਲਾਂ ਚੁੱਕਾਂ ਲਈ ਮਾਫ਼ੀ ਮੰਗਣ ਆਏ ਅਕਾਲੀ ਤਾਂ ਉਲਟਾ ਮਾਫ਼ੀ ਲਈ ਹੀ ਭੁੱਲਾਂ ਚੁੱਕਾਂ ਕਰੀ ਜਾ ਰਹੇ ਹਨ, ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤਾਂ ਭਾਵੇਂ ਇਨ੍ਹਾਂ ਨੂੰ ਦੁਨਿਆਵੀਂ ਖਿਮਾ ਯਾਚਨਾ ਦੇ ਦੇਣ ਪਰ ਗੁਰੂ ਸਾਹਿਬ ਦੀ ਹਜੂਰੀ ਵਿੱਚ ਇਹ ਪਾਪ ਵੱਧ ਰਿਹਾ ਹੈ।

ਆਪਣੇ ਇਸ ਤਰਕ ਨੂੰ ਤਰਕਸੰਗਤ ਕਰਨ ਲਈ ਵਿਦਵਾਨ ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਨਾਲ ਜੁੜੀ ਉਸ ਸਾਖੀ ਦਾ ਵਰਣਨ ਕਰਦੇ ਹਨ ਕਿ ਕਿਵੇਂ ਜਦੋਂ ਪੁੱਤਰ ਦੀ ਦਾਤ ਲਈ ਵਰ ਲੈਣ ਵਾਸਤੇ ਮਾਤਾ ਗੰਗਾ ਜੀ ਲਾਵ ਲਸ਼ਕਰ ਸਣੇ ਬਾਬਾ ਬੁੱਢਾ ਜੀ ਕੋਲ ਬੇਨਤੀ ਕਰਨ ਗਏ ਸਨ ਤਾਂ ਉਨ੍ਹਾਂ ਨੇ ਉਹ ਬੇਨਤੀ ਸਵੀਕਾਰ ਨਹੀਂ ਕੀਤੀ ਸੀ ਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਮਾਤਾ ਗੰਗਾ ਜੀ ਨੂੰ ਦੱਸਿਆ ਕਿ ਉਹ ਘੋੜੇ ਬੱਗੀਆਂ ਤੇ ਸਵਾਰ ਹੋ ਕੇ ਬਾਬਾ ਬੁੱਢਾ ਜੀ ਕੋਲ ਗਏ ਸਨ ਤਾਂ ਉਨ੍ਹਾਂ ਕਿਹਾ ਕਿ ਜਦੋਂ ਗੁਰੂ ਘਰ ਜਾਈਦਾ ਹੈ ਤਾਂ ਨਿਮਾਣੇ ਸਿੱਖ ਬਣਕੇ ਜਾਈਦਾ ਹੈ, ਤਾਂ ਅਰਦਾਸ ਕਬੂਲ ਹੁੰਦੀ ਹੈ। ਜਿਸ ਤੋਂ ਬਾਅਦ ਮਾਤਾ ਗੰਗਾ ਜੀ ਨੇ ਜਦੋਂ ਆਪਣੇ ਹੱਥੀਂ ਮਿੱਸੇ ਪਰਸ਼ਾਦੇ ਪਕਾ ਕੇ, ਚੱਟਨੀ ਅਤੇ ਪਿਆਜ਼ ਦੇ ਨਾਲ ਲੰਗਰ ਤਿਆਰ ਕੀਤਾ ਤੇ ਫਿਰ ਨੰਗੇ ਪੈਰੀਂ ਬਾਬਾ ਬੁੱਢਾ ਜੀ ਕੋਲ ਬੇਨਤੀ ਲੈ ਕੇ ਪਹੁੰਚੇ ਤਾਂ ਬਾਬਾ ਬੁੱਢਾ ਜੀ ਬਿਨਾਂ ਮੰਗਿਆ ਹੀ ਆਪ ਅਕਾਲ ਪੁਰਖ ਅੱਗੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖਸ਼ਣ ਲਈ ਅਰਦਾਸ ਕੀਤੀ ਤੇ ਲਗਰ ਛਕਣ ਲੱਗਿਆਂ ਆਪਣੇ ਹੱਥੀਂ ਗੰਢਾ ਭੰਨ ਕੇ ਇਹ ਉਦਾਹਰਨ ਪੇਸ਼ ਕੀਤੀ ਕਿ ਜਿਵੇਂ ਇਸ ਗੰਢਾ ਮੁੱਕੀਂ ਮਾਰਿਆਂ ਭੱਜ ਗਿਆ ਹੈ ਇਸੇ ਤਰ੍ਹਾਂ ਤੁਹਾਡੇ ਘਰ ਅਜਿਹਾ ਯੋਧਾ ਪੈਦਾ ਹੋਵੇਗਾ ਜਿਹੜਾ ਕਿ ਦੁਸ਼ਮਣਾਂ ਦੇ ਸਿਰ ਭੰਨੇਗਾ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਤੇ ਉਨ੍ਹਾਂ ਨੇ ਕਿਵੇਂ ਮੀਰੀ-ਪੀਰੀ ਦੀ ਪ੍ਰਥਾ ਚਲਾ ਕੇ ਗੁਰਿਆਈ ਦੇ ਨਾਲ-ਨਾਲ ਦੁਸ਼ਮਣਾਂ ਨਾਲ ਲੋਹਾ ਵੀ ਲਿਆ। ਯਾਨੀ ਕਿ ਜਦੋਂ ਮਾਤਾ ਗੰਗਾ ਜੀ ਨਿਮਾਣੇ ਸਿੱਖ ਵਾਂਗੂੰ ਗੁਰੂ ਘਰ ਗਏ ਤਾਂ ਉਨ੍ਹਾਂ ਦੀ ਮੰਨਤ ਪੂਰੀ ਹੋਈ, ਪਰ ਇੱਥੇ ਤਾਂ ਵੱਖ-ਵੱਖ ਪ੍ਰਧਾਨ ਨਿਮਾਣੇ ਸਿੱਖਾਂ ਦੇ ਮੁਖੌਟੇ ਪਾ ਕੇ ਮਾਫੀਆਂ ਮੰਗਣ ਜਾ ਪਹੁੰਚੇ ਨੇ। ਅਜਿਹੇ ਵਿੱਚ ਗੁਰੂ ਸਾਹਿਬ ਇਹ ਮਾਫ਼ੀ ਕਬੂਲ ਕਰਨਗੇ ਜਾਂ ਨਹੀਂ ਇਸਦਾ ਫੈਸਲਾ ਤਾਂ ਆਉਣ ਵਾਲੀ 2019 ਦੀ ਚੋਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਗੁਰੂ ਹਮੇਸ਼ਾ ਸਾਧ ਸੰਗਤ ਵਿੱਚ ਵਸਦੇ ਹਨ ਉਹ ਸਾਧ-ਸੰਗਤ ਜਿਹੜੀ ਕਿ ਵੋਟਰ ਵੀ ਹੁੰਦੀ ਹੈ।

Facebook Comments
Facebook Comment