• 12:43 pm
Go Back
Panchkula violence

-ਬਲਾਤਕਾਰੀ ਬਾਬੇ ਦੀ ਸੱਜੀ ਬਾਂਹ ਮੰਨਿਆ ਜਾਂਦਾ ਸੀ ਪੰਚਕੁਲਾ ਹਿੰਸਾ ਦਾ ਮੁੱਖ ਸੂਤਰਧਾਰ ਡਾ.ਆਦਿਤਿਆ ਇੰਸਾਂ

ਚੰਡੀਗੜ੍ਹ: ਹਰਿਆਣਾ ਪੁਲਿਸ ਪੰਚਕੁਲਾ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਮੰਨੇ ਜਾ ਰਹੇ ਆਦਿਤਿਆ ਇੰਸਾਂ ਦੀਆਂ ਸਾਰੀਆਂ ਨਿੱਜੀ ਜ਼ਾਇਦਾਦਾਂ ਨੂੰ ਜ਼ਬਤ ਕਰਨ ਜਾ ਰਹੀ ਹੈ। ਜਿਸ ਸਬੰਧ ‘ਚ ਸਾਰੇ ਵੇਰਵੇ ਇਕੱਠੇ ਕੀਤੇ ਜਾ ਚੁੱਕੇ ਹਨ ਤੇ ਆਦਿਤਿਆ ਇੰਸਾਂ ਦੀਆਂ ਕਈ ਸੰਪਤੀਆਂ ਜ਼ਬਤ ਕੀਤੇ ਜਾਣ ਦੀ ਕਾਰਵਾਈ ਵੀ ਜਾਰੀ ਹੈ। ਇਸ ਸਬੰਧ ‘ਚ ਹਰਿਆਣਾ ਪੁਲਿਸ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਇੱਕ ਲਿਖਤੀ ਜਾਣਕਾਰੀ ਦਿੰਦਿਆਂ ਅਦਾਲਤ ਨੂੰ ਦੱਸਿਆ ਕਿ ਕਾਨੂੰਨ ਵੱਲੋਂ ਆਦਿਤਿਆ ਇੰਸਾਂ ਨੂੰ ਭਗੋੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਉੱਤੇ ਸਰਕਾਰ ਨੇ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਐਸਆਈਟੀ ਅਨੁਸਾਰ ਪੰਚਕੂਲਾ ਅਤੇ ਪੂਰੇ ਹਰਿਆਣਾ ‘ਚ ਡੇਰਾ ਸਚਾ ਸੌਦਾ ਮੁਖੀ ਰਾਮ ਰਹੀਮ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜਿਹੜੀ ਹਿੰਸਾ, ਦੰਗੇ, ਭੰਨ-ਤੋੜ ਅਤੇ ਸਾੜ-ਫੂਕ ਦੀਆਂ ਘਟਨਾਵਾਂ ਹੋਈਆਂ ਸਨ ਉਸਦੇ ਮੁੱਖ ਦੋਸ਼ੀ ਆਦਿਤਿਆ ਇੰਸਾਂ ਤੋਂ ਇਲਾਵਾ ਕੁੱਲ 1483 ਵਿਅਕਤੀਆਂ ‘ਤੇ 240 ਕੇਸ ਦਰਜ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਕੁਝ ਵਿਅਕਤੀ ਇੱਕ ਤੋਂ ਵੱਧ ਮਾਮਲਿਆਂ ‘ਚ ਸ਼ਾਮਲ ਹੋਣ ਕਾਰਨ ਹੁਣ ਤੱਕ ਕੁੱਲ 2,603 ਗ੍ਰਿਫਤਾਰੀਆਂ ਹੋਈਆਂ ਸਨ ਐਸਆਈਟੀ ਅਨੁਸਾਰ ਇਨ੍ਹਾਂ ਸਾਰਿਆਂ ਮਾਮਲਿਆਂ ‘ਚੋਂ 207 ਕੇਸਾਂ ਦੇ ਚਲਾਨ ਅਦਾਲਤਾਂ ‘ਚ ਪੇਸ਼ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਹਾਈਕੋਰਟ ਨੂੰ ਦੱਸਿਆ ਹੈ ਕਿ ਡੇਰਾ ਸੱਚਾ ਸੌਦਾ ਵਾਲਿਆਂ ਨੇ 100 ਪਿੰਡ ਵਾਸੀਆਂ ਤੋਂ 293 ਏਕੜ ਖੇਤੀ ਵਾਲੀ ਜ਼ਮੀਨ ਵੀ ਦਾਨ ‘ਚ ਲਈ ਸੀ ਜੋ ਕਿ ਬੇਇਨਾਮੀ ਪ੍ਰਾਪਰਟੀ ਟ੍ਰਾਂਸੈਕਸ਼ਨ (ਪ੍ਰੋਹਿਬਸ਼ਨ) ਐਕਟ 2016 ਕਨੂੰਨ ਦੀ ਉਲੰਘਣਾ ਹੈ ਤੇ ਜੇਕਰ ਅਦਾਲਤ ਹੁਕਮ ਦਵੇ ਤਾਂ ਈਡੀ ਕਾਰਵਾਈ ਕਰ ਸਕਦਾ ਹੈ। ਈਡੀ ਅਨੁਸਾਰ ਡੇਰੇ ਵਾਲਿਆਂ ਨੇ ਉਕਤ ਜ਼ਮੀਨ ਹਾਸਲ ਕਰਨ ਲਈ ਬੜੀ ਚਲਾਕੀ ਵਰਤੀ ਹੈ ਜਿਸ ‘ਚ ਜਿਨ੍ਹਾਂ 100 ਪਿੰਡ ਵਾਸੀਆਂ ਤੋਂ ਇਹ ਜ਼ਮੀਨ ਹਾਸਲ ਕੀਤੀ ਗਈ ਹੈ ਉਨ੍ਹਾਂ ਤੋਂ ਇਹ ਜ਼ਮੀਨ ਸਿੱਧੀ ਨਾ ਲੈ ਕੇ ਪਹਿਲਾਂ ਤਿੰਨ ਵਿਅਕਤੀਆਂ ਦੇ ਨਾਂਅ ਤੇ ਇਸ ਦਾ ਮੁਖਤਿਆਰ ਨਾਮਾ ਲਿਖਵਾਇਆ ਗਿਆ ਤੇ ਬਾਅਦ ‘ਚ ਇਹ ਜ਼ਮੀਨ ਉਨ੍ਹਾਂ ਤਿੰਨਾਂ ਵੱਲੋਂ ਡੇਰੇ ਨੂੰ ਤੋਹਫੇ ਵੱਜੋਂ ਦੇ ਦਿੱਤੀ ਗਈ।
ਹਾਈਕੋਰਟ ਨੂੰ ਦਿੱਤੀ ਗਈ ਜਾਣਕਾਰੀ ‘ਚ ਇਹ ਵੀ ਦੱਸਿਆ ਗਿਆ ਕਿ ਜਿਹੜੀ ਹਾਰਡ ਡਿਸਕ ਡੇਰੇ ਤੋਂ ਬਰਾਮਦ ਕਰਕੇ ਸੀਬੀਆਈ ਕੋਲ ਭੇਜੀ ਗਈ ਸੀ ਉਹ ਇੰਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਕਿ ਉਸ ਵਿੱਚੋਂ ਕੋਈ ਡਾਟਾ ਰਿਕਵਰ ਨਹੀਂ ਕੀਤਾ ਜਾ ਸਕਿਆ। ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਹੋਰ ਇਲੈਕਟ੍ਰਾਨਿਕ ਡਾਟੇ ਡੇਰੇ ਅੰਦਰੋਂ ਮਿਲੇ ਹਨ ਉਸ ਨੂੰ ਰਿਕਵਰ ਕਰਨ ਲਈ ਗੁਰੁਗਰਾਮ ਦੇ ਬੀਆਈਟੀਆਈਸੀ ਕੋਲ ਭੇਜਿਆ ਗਿਆ ਹੈ।

Facebook Comments
Facebook Comment