• 2:48 pm
Go Back

ਚੰਡੀਗੜ੍ਹ : ਇਨੀਂ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਆਸੀ ਹਾਲਾਤ ਲਗਾਤਾਰ ਮਾੜੇ ਹੁੰਦੇ ਚਲੇ ਜਾ ਰਹੇ ਹਨ। ਸੱਤਾ ਤੋਂ ਬਾਹਰ ਹੁੰਦਿਆਂ ਹੀ ਇਸ ਪਾਰਟੀ ਨੂੰ ਨਾ ਸਿਰਫ਼ ਮੌਜੂਦਾ ਸਰਕਾਰ ਵੱਲੋਂ ਘੇਰਿਆ ਜਾ ਰਿਹਾ ਹੈ ਬਲਕਿ ਸਿੱਖ ਸੰਗਤਾਂ ਵਲੋਂ ਦੁਨੀਆਂ ਭਰ ਵਿੱਚ ਪਾਰਟੀ ਦੇ ਕੀਤੇ ਜਾ ਰਹੇ ਵਿਰੋਧ ਕਾਰਨ ਸਮੁੱਚੀ ਪਾਰਟੀ ਅੱਜ ਦਰਬਾਰ ਸਾਹਿਬ ਵਿੱਚ ਜਾ ਕੇ ਜਣੇ-ਖਣੇ ਕੋਲੋਂ ਮਾਫ਼ੀਆਂ ਮੰਗਣ ਲਈ ਮਜਬੂਰ ਹੋਈ ਪਈ ਹੈ। ਅੱਜ ਹਾਲਾਤ ਇਹ ਹਨ ਕਿ ਜਾਂ ਤਾਂ ਇਸ ਪਾਰਟੀ ਨੂੰ ਲੋਕ ਆਪੇ ਛੱਡ-ਛੱਡ ਕੇ ਜਾ ਰਹੇ ਹਨ ਤੇ ਜਾਂ ਫਿਰ ਜ਼ਿਆਦਾ ਬੋਲਣ ਕਾਰਨ ਇਹ ਪਾਰਟੀ ਵਾਲੇ ਲੋਕਾਂ ਨੂੰ ਆਪ ਬਾਹਰ ਕੱਢਣ ਤੇ ਮਜਬੂਰ ਹੋ ਗਏ ਹਨ। ਅਜਿਹੇ ਵਿੱਚ ਅਕਾਲੀ ਦਲ ਦਾ ਇੱਕ ਹੋਰ ਆਗੂ ਇਸ ਪਾਰਟੀ ਦਾ ਸਾਥ ਛੱਡ ਗਿਆ ਹੈ। ਇਸ ਵਾਰ ਸਾਥ ਛੱਡਣ ਵਾਲੇ ਇਹ ਆਗੂ ਹਨ ਭਾਰਤੀ ਫੌਜ ਦਾ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ, ਜੋ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਸਾਲ 2017 ਵਿੱਚ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਤੇ ਵੱਡੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਚੁੱਪੀ ਧਾਰੀ ਬੈਠੇ ਸਨ।

ਭਾਵੇਂ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਿਖੇ ਗਏ ਅਸਤੀਫੇ ਵਿੱਚ ਜਨਰਲ ਸਿੰਘ ਨੇ ਅਸਤੀਫਾ ਦਿੱਤੇ ਜਾਣ ਪਿੱਛੇ ਨਿੱਜੀ ਕਾਰਣਾਂ ਦਾ ਹਵਾਲਾ ਦਿੱਤਾ ਹੈ ਪਰ ਇਸਦੇ ਬਾਵਜੂਦ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਦਾਰ ਢੰਗ ਨਾਲ ਛਿੜ ਗਈ ਹੈ ਕਿ ਜਨਰਲ ਜੇ.ਜੇ. ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਸ਼ੈਲੀ ਤੋਂ ਬਿਲਕੁਲ ਵੀ ਖੁਸ਼ ਨਹੀਂ ਸਨ। ਹੁਣ ਇਹ ਖੁਸ਼ੀ-ਗਮੀ ਕੀ ਹੈ ਇਹ ਤਾਂ ਅਕਾਲੀ ਦਲ ਜਾਣੇ ਜਾਂ ਜਨਰਲ ਜੇ.ਜੇ. ਸਿੰਘ, ਪਰ ਬਾਹਰ ਆਏ ਇਸ ਨਵੇਂ ਅਸਤੀਫੇ ਨੇ ਵਿਰੋਧੀਆਂ ਨੂੰ ਅਕਾਲੀ ਦਲ ਵੱਲ ਉਂਗਲਾਂ ਕਰ-ਕਰ ਕੇ ਮਸਕਰੀ ਹਾਸੀ ਹੱਸਣ ਦਾ ਮੌਕਾ ਜਰੂਰ ਦੇ ਦਿੱਤਾ ਹੈ।

Facebook Comments
Facebook Comment