• 3:11 pm
Go Back

ਬਾਦਲਾਂ ਤੋਂ ਦੂਰ ਸੰਗਤ ‘ਚ ਬੈਠੇ ਦਿਖਾਈ ਦਿੱਤੇ ਬਿਕਰਮ ਮਜੀਠੀਆ, ਕੁਛ ਤੋ ਗੜਬੜ ਹੈ ?

ਅੰਮ੍ਰਿਤਸਰ : ਇਨੀਂ ਦਿਨੀਂ ਸ੍ਰੋਮਣੀ ਅਕਾਲੀ ਦਲ ਦੀ ਗੱਲ ਚੱਲੇ ਤੇ ਬਿਕਰਮ ਸਿੰਘ ਮਜੀਠੀਆ ਦਾ ਜਿਕਰ ਨਾ ਹੋਵੇ, ਇਹ ਗੱਲ ਹਾਜਮਾਂ ਖਰਾਬ ਕਰਨ ਵਾਲੀ ਹੈ, ਕਿਉਂਕਿ ਬਿਕਰਮ ਮਜੀਠੀਆ ਪਿਛਲੀ ਅਕਾਲੀ ਭਾਜਪਾ ਸਰਕਾਰ ਵਿੱਚ ਨਾ ਸਿਰਫ ਬੜੇ ਅਹਿਮ ਮਹਿਕਮਿਆਂ ਦੇ ਕੈਬਨਿਟ ਮੰਤਰੀ ਰਹੇ ਹਨ ਬਲਕਿ ਉਨ੍ਹਾਂ ਦਾ ਸਰਕਾਰ ਚਲਾਉਣ ਵਿੱਚ ਬੜਾ ਅਹਿਮ ਯੋਗਦਾਨ ਵੀ ਮੰਨਿਆ ਜਾਂਦਾ ਰਿਹਾ ਹੈ। ਲਿਹਾਜਾ ਜੇ ਹੁਣ ਅਕਾਲੀ ਦਲ ਪਿਛਲੀ ਸਰਕਾਰ ਦੀਆਂ ਗਲਤੀਆਂ ਦੀ ਮੁਆਫ਼ੀ ਮੰਗਣ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਹੀ ਪੁੱਜਾ ਹੈ ਤਾਂ ਉਥੇ ਬਿਕਰਮ ਮਜੀਠੀਆ ਦਾ ਹੋਣਾ ਵੀ ਲਾਜ਼ਮੀ ਸੀ। ਪਰ ਸਾਰਿਆਂ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਥਿਤ ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਵਿਖੇ ਕਰਵਾਈ ਗਈ ਮੁਆਫ਼ੀਨਾਮੇ ਦੀ ਅਰਦਾਸ ਮੌਕੇ ਮੀਡੀਆ ਦੇ ਕੈਮਰਿਆਂ ਨੇ ਘੁੰਮ-ਘੁੰਮ ਕੇ ਸਾਰਾ ਬਾਦਲ ਪਰਿਵਾਰ ਤੇ ਇਥੋਂ ਤੱਕ ਡਾ. ਦਲਜੀਤ ਸਿੰਘ ਚੀਮਾਂ, ਪ੍ਰੇਮ ਸਿੰਘ ਚੰਦੂਮਾਜਰਾ, ਗੁਲਜਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ, ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਵੀ ਕਈ ਹੋਰ ਅਕਾਲੀ ਆਗੂਆਂ ਨੂੰ ਤਾਂ ਦਿਖਾਇਆ, ਪਰ ਉਥੇ ਬਾਦਲਾਂ ਨੇੜੇ ਬਿਕਰਮ ਮਜੀਠੀਆ ਕੀਤੇ ਦਿਖਾਈ ਨਹੀਂ ਦਿੱਤੇ । ਕੈਮਰਾ ਥੋੜੀ ਦੇਰ ਬਾਅਦ ਜਦੋਂ ਬਾਹਰ ਬੈਠੀ ਸੰਗਤ ‘ਤੇ ਘੁੰਮਿਆ ਤਾਂ ਉਥੇ ਸੰਗਤ ‘ਚ ਬੈਠੇ ਮਜੀਠੀਆ ਨੂੰ ਦੇਖਕੇ ਸਾਈਆਂ ਦੇ ਭਰਵਿੱਟੇ ਉੱਤੇ ਚੜ੍ਹ ਗਏ । ਇਹ ਗੱਲ ਜੇਕਰ ਇਥੇ ਹੀ ਰੁਕ ਜਾਂਦੀ ਤਾਂ ਸ਼ਾਇਦ ਵਿਰੋਧੀ ਇਸ ਨੂੰ ਔਖੇ ਸੌਖੇ ਇਤਫ਼ਾਕ ਮੰਨ ਵੀ ਲੈਂਦੇ ਪਰ ਜਿਸ ਵੇਲੇ ਸੁਖਬੀਰ ਲੰਗਰ ਹਾਲ ਵਿੱਚ ਬਰਤਨਾ ਦੀ ਸੇਵਾ ਕਰ ਰਹੇ ਸਨ ਤਾਂ ਉਸ ਵੇਲੇ ਵੀ ਮਜੀਠੀਆ ਬਾਦਲਾਂ ਤੋਂ ਦੂਰ ਹੀ ਦਿਖਾਈ ਦਿੱਤੇ । ਹੁਣ ਇਸ ਨੂੰ ਅਕਾਲੀ ਭਾਵੇਂ ਜਿਨ੍ਹਾਂ ਮਰਜੀ ਇਤਫਾਕ ਹੈ, ਇਤਫਾਕ ਹੈ ਕਹੀ ਜਾਣ ਪਰ ਇਹ ਦੇਖ ਕੇ ਇਸ ਸਮਾਗਮ ‘ਤੇ ਬਾਜ ਅੱਖ ਰੱਖੀ ਬੈਠੇ ਵਿਰੋਧੀਆਂ ਦੇ ਪੈਰਾਂ ਥੱਲੇ ਬੈਠੇ-ਬੈਠੇ ਬਟੇਰ ਤਾਂ ਆ ਹੀ ਗਈ ਹੈ । ਜਿਨ੍ਹਾਂ ਨੇ ਇਸ ਨੂੰ ਇਹ ਕਹਿ ਕੇ ਪ੍ਰਚਾਰਣਾ ਸ਼ੁਰੂ ਕਰ ਦਿੱਤਾ ਕਿ ਬਾਦਲਾਂ ਵੱਲੋਂ ਅਜਿਹੇ ਮੌਕੇ ਮਜੀਠੀਆ ਨੂੰ ਆਪਣੇ ਕੋਲੋਂ ਦੂਰ ਰੱਖਣਾ ਇਕ ਵਿਸ਼ੇਸ਼ ਰਣਨੀਤੀ ਦਾ ਹਿੱਸਾ ਸੀ। ਕਿਉਂਕਿ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਦੇ ਦੋਸ਼ ਮਜੀਠੀਆ ‘ਤੇ ਲੱਗੇ ਹਨ ਉਸ ਨੂੰ ਦੇਖਦਿਆਂ ਮਾਫੀ ਮੰਗਣ ਦੇ ਇਸ “ਮਹਾਨ ਕੰਮ” ਮੌਕੇ ਬਾਦਲ ਮਜੀਠੀਆ ਤੋਂ ਦੂਰੀ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਸੰਦੇਸ਼ ਦੇਣਾ ਚਾਹੁੰਦੇ ਸਨ। ਇਸ ਦਾ ਦੂਜਾ ਕਾਰਨ ਇਹ ਦੱਸਿਆ ਗਿਆ ਕਿ ਬਾਦਲਾਂ ‘ਤੇ ਵਿਰੋਧੀਆਂ ਵਲੋਂ ਅਕਾਲੀ ਦਲ ਅੰਦਰ ਪਰਿਵਾਰਵਾਦ ਹਾਵੀ ਕਰਨ ਦਾ ਵੀ ਦੋਸ਼ ਲੱਗਦਾ ਆਇਆ ਹੈ ਇਸ ਲਈ ਮਜੀਠੀਆ ਨੂੰ ਦੂਰ ਬਿਠਾ ਕੇ ਬਾਦਲਾਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਅਕਾਲੀ ਦਲ ਵਿੱਚ ਅਜਿਹਾ ਕੁੱਝ ਵੀ ਭਾਰੂ ਨਹੀਂ ਹੈ।
ਹੁਣ ਇਸ ਦੇ ਪਿੱਛੇ ਕੀ ਸਚਾਈ ਹੈ ? ਕੀ ਮਜੀਠੀਆ ਨੂੰ ਦੂਰ ਬਿਠਾਉਣ ਪਿੱਛੇ ਬਾਦਲਾਂ ਦੀ ਕੋਈ ਖਾਸ ਵਜ੍ਹਾ ਰਹੀ ? ਜਾਂ ਇਹ ਬਾਦਲਾਂ ਦੀ ਕਿਸੇ ਰਣਨੀਤੀ ਦਾ ਹਿੱਸਾ ਹੈ ? ਜਾਂ ਫੇਰ ਇਹ ਸਿਰਫ ਇਕ ਇਤਫਾਕ ਹੈ, ਇਹ ਤਾਂ ਅਜੇ ਸਪੱਸ਼ਟ ਨਹੀਂ ਹੋ ਪਾਇਆ ਹੈ ਪਰ ਇਹ ਤੈਅ ਹੈ ਕਿ ਇਸ ਇਕ ਗੱਲ ਨੇ ਲੋਕਾਂ ਦਾ ਧਿਆਨ ਨਾ ਚਾਹੁੰਦੇ ਹੋਏ ਵੀ ਬਿਕਰਮ ਮਜੀਠੀਆ ‘ਤੇ ਫੋਕਸ ਕਰ ਦਿੱਤਾ ਹੈ। ਹੁਣ ਇਸ ਦਾ ਜਵਾਬ ਕੱਲ ਬਾਦਲ ਕੀ ਦਿੰਦੇ ਹਨ, ਤੇ ਵਿਰੋਧੀ ਉਸ ਜਵਾਬ ਨੂੰ ਵੀ ਕਿਸ ਤੋੜ ਨਾਲ ਤੋੜਦੇ ਹਨ ਇਹ ਤਾਂ ਅਜੇ ਭਵਿੱਖ ਦੇ ਗਰਭ ‘ਚ ਹੈ ।

Facebook Comments
Facebook Comment