• 3:22 pm
Go Back

ਪਟਿਆਲਾ : ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਚਾਨਕ ਸਮਾਪਤ ਹੋਏ ਬਰਗਾੜੀ ਮੋਰਚੇ ਦੇ ਕੁਝ ਆਗੂਆਂ ਤੇ ਜਿੱਥੇ ਉਨ੍ਹਾਂ ਦੇ ਆਪਣੇ ਸਾਥੀ ਹੀ ਤੌਹਮਤਾਂ ਲਾ ਰਹੇ ਹਨ ਉੱਥੇ ਦੂਜੇ ਪਾਸੇ ਕਿਸੇ ਵੇਲੇ ਸਾਲ 2015 ਵਿੱਚ ਇਸ ਮੋਰਚੇ ਦੀ ਸ਼ੁਰੂਆਤ ਕਰਨ ਵਾਲਿਆਂ ਵਿੱਚੋਂ ਇੱਕ ਵਿਸ਼ਵ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਇਹ ਕਹਿ ਕੇ ਇਸ ਸਬੰਧੀ ਉੱਠ ਰਹੇ ਵਿਵਾਦਾਂ ਦੀ ਅੱਗ ਨੂੰ ਹੋਰ ਹਵਾ ਦੇ ਦਿੱਤੀ ਹੈ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਇਹ ਮੋਰਚਾ ਕੀ ਰੰਗ ਲਿਆਵੇਗਾ। ਭਾਈ ਢਡਰੀਆਂ ਵਾਲਿਆਂ ਅਨੁਸਾਰ ਇਹ ਮੋਰਚਾ ਬਿਨਾਂ ਵਜ੍ਹਾ ਲਗਾਇਆ ਗਿਆ ਸੀ ਤੇ ਇਸ ਨੇ ਕੌਮ ਨੂੰ ਥਕਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਕਿਹਾ ਕਿ ਉਹ ਇਸ ਮੋਰਚੇ ਵਿੱਚ ਇਸ ਲਈ ਸ਼ਾਮਿਲ ਨਹੀਂ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਮੋਰਚਾ ਲਗਾ ਰਹੇ ਲੋਕਾਂ ’ਤੇ ਕੋਈ ਭਰੋਸਾ ਨਹੀਂ ਸੀ। ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਚੈਨਲ ਪੰਜਾਬੀ ਦੇ ਸੀਨੀਅਰ ਪੱਤਰਕਾਰ ਮਲਕੀਤ ਸਿੰਘ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਕਿਹਾ ਸੀ ਕਿ ਉਹ ਬਰਗਾੜੀ ਮੋਰਚੇ ਵਿੱਚ ਇਸ ਲਈ ਸ਼ਾਮਲ ਨਹੀਂ ਹੋਏ ਸਨ ਕਿਉਂਕਿ ਮੋਰਚੇ ਵਿੱਚ ਬੈਠੇ ਲੋਕ ਉਨ੍ਹਾਂ ਨਾਲ ਪਹਿਲਾਂ ਹੀ ਧੋਖਾ ਕਰ ਚੁੱਕੇ ਹਨ। ਇਸ ਧੋਖੇ ਸਬੰਧੀ ਵਿਸਥਾਰ ਨਾਲ ਦਸਦਿਆਂ ਭਾਈ ਢਡਰੀਆਂ ਵਾਲਿਆਂ ਨੇ ਕਿਹਾ ਸੀ ਕਿ ਜਦੋਂ ਸਾਲ 2015 ਦੌਰਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਤਾਂ ਉਸ ਤੋਂ ਪਹਿਲਾਂ ਉਹ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਏ ਸਨ। ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਨੂੰ ਦੋ ਵਾਰ ਪੁਲਿਸ ਨੇ ਗ੍ਰਿਫਤਾਰ ਕਰਕੇ ਰਿਹਾਅ ਕੀਤਾ ਪਰ ਉਹ ਮੋਰਚੇ ਤੇ ਆ ਕੇ ਫਿਰ ਡੱਟ ਜਾਂਦੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੁਲਿਸ ਦੀਆਂ ਗੋਲੀਆਂ ਨਾਲ ਭਾਈ ਕ੍ਰਿਸ਼ਨ ਭਗਵਾਨ ਅਤੇ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਏ ਪਰ ਇਸ ਤੋਂ ਬਾਅਦ ਵੀ ਮੋਰਚਾ ਜਾਰੀ ਰਿਹਾ। ਭਾਈ ਢਡਰੀਆਂ ਵਾਲਿਆਂ ਅਨੁਸਾਰ ਰੋਜ਼-ਰੋਜ਼ ਲੱਗ ਰਹੇ ਮੋਰਚਿਆਂ ਤੋਂ ਲੋਕਾਂ ਨੂੰ ਆ ਰਹੀ ਤੰਗੀ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ ਅਤੇ ਉਨ੍ਹਾਂ ਸਾਰਿਆਂ ਨੇ ਸਲਾਹ ਕਰਕੇ ਮੋਰਚਾ ਰੋਜ਼ ਤਿੰਨ ਘੰਟੇ ਲਗਾਏ ਜਾਣ ਦੀ ਸਲਾਹ ਕੀਤੀ। ਇੰਨਾ ਸੁਣਦਿਆਂ ਹੀ ਅਕਾਲੀ ਦਲ ਮਾਨ ਵਾਲਿਆਂ ਨੇ ਉਨ੍ਹਾਂ ਤੇ ਦੋਸ਼ ਲਾ ਦਿੱਤਾ ਕਿ ਇਹ ਵਿਕ ਗਏ ਹਨ ਤੇ ਤਾਂ ਹੀ ਇਨ੍ਹਾਂ ਨੇ ਧਰਨਾ ਤਿੰਨ ਘੰਟੇ ਕਰ ਦਿੱਤਾ ਹੈ।

ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਅਨੁਸਾਰ ਇਹ ਗੱਲ ਉਨ੍ਹਾਂ ਤੱਕ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਮੀਟਿੰਗ ਸੱਦੇ ਜਾਣ ਦੀ ਗੱਲ ਆਖੀ ਤੇ ਇਹ ਸੱਦਾ ਦਿੱਤਾ ਕਿ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦਾ ਭੋਗ ਰਲ ਕੇ ਪਾਏ ਜਾਣ। ਉਨ੍ਹਾਂ ਕਿਹਾ ਕਿ ਇਸ ਉਪਰੰਤ ਬਠਿੰਡਾ ਵਿਖੇ ਮਾਨ ਗਰੁੱਪ ਨਾਲ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਤੋਂ ਇਲਾਵਾ ਭਾਈ ਪੰਥਪ੍ਰੀਤ ਸਿੰਘ ਅਤੇ ਮਾਨ ਦਲ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਦਲਜੀਤ ਸਿੰਘ ਦਾਦੂਵਾਲ ਅਤੇ ਕਈ ਹੋਰ ਲੋਕ ਵੀ ਸ਼ਾਮਲ ਹੋਏ। ਭਾਈ ਢਡਰੀਆਂ ਵਾਲਿਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਕੋਲ ਅਜਿਹੇ ਮੋਰਚੇ ਅਤੇ ਧਰਨੇ ਲਾਉਣ ਦਾ ਕੋਈ ਤਜ਼ਰਬਾ ਨਹੀਂ ਸੀ ਕਿਉਂਕਿ ਉਹ ਸਿਰਫ਼ ਧਰਮ ਪ੍ਰਚਾਰਕ ਹਨ, ਇਸ ਲਈ ਕਈ ਗੱਲਾਂ ਸਮਝ ਨਹੀਂ ਪਾਏ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਲਿਖਤੀ ਮਤਿਆਂ ਰਾਹੀਂ ਇਹ ਤੈਅ ਹੋਇਆ ਕਿ ਭੋਗ ਕਿਵੇਂ ਤੇ ਕਿੱਥੇ ਪਾਇਆ ਜਾਣਾ ਹੈ, ਇਸ ਸਮਾਗਮ ਦਾ ਸੈਕਟਰੀ ਕੌਣ ਹੋਵੇਗਾ, ਅਜਿਹੇ ਸਾਰੇ ਮਸਲਿਆਂ ਸਬੰਧੀ ਲਿਖਤੀ ਤੌਰ ਤੇ ਸਹਿਮਤੀ ਬਣਾਈ ਗਈ ਸੀ। ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਅਨੁਸਾਰ ਇਸ ਮੀਟਿੰਗ ਵਿੱਚ ਜਦੋਂ ਸਰਬੱਤ ਖਾਲਸਾ ਸੱਦੇ ਜਾਣ ਦਾ ਸੁਝਾਅ ਰੱਖਿਆ ਗਿਆ ਤਾਂ ਉਨ੍ਹਾਂ ਨੇ ਇਸ ਸੁਝਾਅ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਸਰਬੱਤ ਖਾਲਸਾ ਸੱਦੇ ਜਾਣ ਦਾ ਇੱਕ ਵਿਧੀ ਵਿਧਾਨ ਹੁੰਦਾ ਹੈ ਤੇ ਅਜੇ ਇਹ ਵਿਧੀ ਵਿਧਾਨ ਨਹੀਂ ਬਣ ਰਿਹਾ, ਇਸ ਲਈ ਸਰਬੱਤ ਖਾਲਸਾ ਨਹੀਂ ਸੱਦਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਗੱਲ ਤੇ ਅੜ ਗਏ ਪਰ ਬਾਅਦ ਵਿੱਚ ਜਿਸ ਕਾਗਜ਼ ਉੱਤੇ ਇਹ ਸਾਰੇ ਮਤੇ ਲਿਖ ਕੇ ਸਾਰਿਆਂ ਨੇ ਹਸਤਾਖਰ ਕੀਤੇ ਸਨ, ਉਸ ਕਾਗਜ਼ ਦੀ ਲਿਖਤ ਖਤਮ ਹੋਣ ਤੋਂ ਬਾਅਦ ਮਾਨ ਦਲ ਵਾਲਿਆਂ ਨੇ ਧੋਖੇ ਨਾਲ ਥੋੜ੍ਹੀ ਜਿਹੀ ਜਗ੍ਹਾ ਖਾਲੀ ਛੱਡ ਲਈ ਤੇ ਉਸ ਖਾਲੀ ਜਗ੍ਹਾ ’ਤੇ ਇਨ੍ਹਾਂ ਨੇ ਇੱਕ ਲਾਈਨ ਇਹ ਵੀ ਲਿਖ ਲਈ ਕਿ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਸੱਦਿਆ ਜਾਵੇਗਾ। ਭਾਈ ਢਡਰੀਆਂ ਵਾਲਿਆਂ ਨੇ ਸਖਤ ਅਲਫਾਜ਼ ਦੀ ਵਰਤੋਂ ਕਰਦਿਆਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾਫ਼ ਹੋ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਢਾਂਚੇ ’ਚੋਂ ਇਸ ਮੋਰਚੇ ਨੂੰ ਹਾਈਜੈਕ ਕਰਕੇ ਇਹ ਸਰਬੱਤ ਖਾਲਸਾ ਸੱਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸਰਬੱਤ ਖਾਲਸਾ ਇੱਕ ਪਾਰਟੀ ਵਲੋਂ ਸੱਦਿਆ ਗਿਆ ਸੀ ਜਿਸ ਵਿੱਚ ਕੋਈ ਵਿਧੀ ਵਿਧਾਨ ਨਹੀਂ ਸੀ, ਇਸ ਲਈ ਉਹ ਉਸ ਸਰਬੱਤ ਖਾਲਸੇ ਵਿੱਚ ਸ਼ਾਮਲ ਨਹੀਂ ਹੋਏ।

ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਦੱਸਿਆ ਕਿ ਇਸ ਉਪਰੰਤ ਦੋਵਾਂ ਸ਼ਹੀਦ ਸਿੰਘਾਂ ਦੇ ਭੋਗ ਪਾਏ ਗਏ ਤੇ ਇਨ੍ਹਾਂ ਨੇ ਸਰਬੱਤ ਖਾਲਸਾ ਸੱਦ ਲਿਆ ਤੇ ਫਿਰ ਉੱਥੇ ਜੋ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਲੋਕ ਦੱਸਣ ਕਿ, ਕੀ ਜੱਥੇਦਾਰ ਲਾਏ ਜਾਣ ਬਾਰੇ ਫੈਸਲਾ ਸਰਬੱਤ ਖਾਲਸਾ ਨੇ ਕੀਤਾ ਸੀ? ਕਿਉਂਕਿ ਜਿਹੜੇ ਜੱਥੇਦਾਰ ਥਾਪੇ ਗਏ ਸਨ ਉਨ੍ਹਾਂ ਦੇ ਨਾਵਾਂ ਦੀ ਸਿਰਫ਼ ਘੋਸ਼ਣਾ ਹੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉੱਥੇ ਸਾਰਿਆਂ ਨੇ ਦੇਖਿਆ ਕਿ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਖੜ੍ਹੇ ਹੋ ਕੇ ਕਿਹਾ ਸੀ ਕਿ ਮੈਨੂੰ ਸੰਤ ਬਾਬਾ ਨਾ ਕਹੋ, ਸਿਰਫ਼ ਭਾਈ ਬਲਜੀਤ ਸਿੰਘ ਹੀ ਕਹਿਣਾ ਹੈ ਕਿਉਂਕਿ ਦਾਦੂਵਾਲ ਨੂੰ ਪਹਿਲਾਂ ਹੀ ਪਤਾ ਸੀ ਕਿ ਉਨ੍ਹਾਂ ਨੂੰ ਜੱਥੇਦਾਰ ਲਾਇਆ ਜਾ ਰਿਹਾ ਹੈ। ਭਾਈ ਢਡਰੀਆਂ ਵਾਲਿਆਂ ਅਨੁਸਾਰ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਨੂੰ ਵੀ ਕਿਹਾ ਗਿਆ ਕਿ ਖੜ੍ਹੇ ਹੋ ਕੇ ਫਤਿਹ ਬੁਲਾਉ ਕਿਉਂਕਿ ਇਹ ਸਾਰਾ ਕੁਝ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ ਕਿ ਆਹ ਜੱਥੇਦਾਰ ਹੋਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਦਾ ਨਾਮ ਲੈਂਦਿਆਂ ਹੀ ਜੈਕਾਰੇ ਲੱਗ ਗਏ ਤੇ ਉਸੇ ਵਿੱਚ ਬਾਕੀਆਂ ਦੇ ਨਾਮ ਐਲਾਨ ਦਿੱਤੇ ਗਏ। ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਕਿਹਾ ਕਿ ਕੁੱਲ ਮਿਲਾ ਕੇ ਸਰਬੱਤ ਖਾਲਸਾ ਤਾਂ ਪੜ੍ਹ ਕੇ ਸੁਣਾਇਆ ਗਿਆ ਸੀ ਕਿਉਂਕਿ ਸੰਗਤ ਵਿੱਚ ਸਿਰਫ਼ ਨਾਵਾਂ ਦੀ ਘੋਸ਼ਣਾ ਕੀਤੀ ਗਈ ਸੀ ਤੇ ਜੱਥੇਦਾਰ ਤਾਂ ਪਹਿਲਾਂ ਹੀ ਬਣ ਚੁੱਕੇ ਸਨ। ਉਨ੍ਹਾਂ ਕਿਹਾ ਕਿ ਉਸ ਸਰਬੱਤ ਖਾਲਸੇ ਵਿੱਚ ਸੰਗਤ ਨੂੰ ਕੁਝ ਵੀ ਨਹੀਂ ਪੁੱਛਿਆ ਗਿਆ ਤੇ ਇੰਝ ਜਿੱਥੇ ਸਾਡੇ ਸਿਰਾਂ ਤੇ ਪਹਿਲਾਂ ਪੰਜ ਜੱਥੇਦਾਰ ਸੀ ਉੱਥੇ ਇਨ੍ਹਾਂ ਲੋਕਾਂ ਨੇ ਤਿੰਨ ਹੋਰ ਨਵੇਂ ਜੱਥੇਦਾਰ ਲਿਆ ਕੇ ਬਿਠਾ ਦਿੱਤੇ।

ਇਸ ਇੰਟਰਵਿਊ ਵਿੱਚ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਸਾਫ਼ ਕੀਤਾ ਕਿ ਉਸ ਵੇਲੇ ਉਨ੍ਹਾਂ ਨੇ ਸਰਬੱਤ ਖਾਲਸਾ ਦਾ ਵਿਰੋਧ ਇਸ ਲਈ ਨਹੀਂ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਸੀ ਕਿ ਮਾਹੌਲ ਅਜਿਹਾ ਬਣ ਗਿਆ ਹੈ ਕਿ ਸੰਗਤ ਸਰਬੱਤ ਖਾਲਸਾ ਵਿੱਚ ਜਾਣਾ ਚਾਹੁੰਦੀ ਹੈ ਤੇ ਜੇਕਰ ਉਹ ਸੰਗਤ ਨੂੰ ਰੋਕਦੇ ਹਨ ਤਾਂ ਸਾਰੇ ਉਨ੍ਹਾਂ ਨੂੰ ਗੱਦਾਰ ਕਹਿਣ ਲੱਗ ਪੈਂਦੇ। ਇਸ ਲਈ ਉਨ੍ਹਾਂ ਨੇ ਚੁੱਪੀ ਧਾਰ ਲਈ। ਉਨ੍ਹਾਂ ਕਿਹਾ ਕਿ ਜਿਹੜੇ ਬੰਦਿਆਂ ਨੇ ਬਰਗਾੜੀ ਵਿੱਚ ਮੋਰਚਾ ਲਾਇਆ ਹੈ ਉਨ੍ਹਾਂ ਨਾਲ ਉਹ ਪਹਿਲਾਂ ਹੀ ਵਰਤ ਚੁੱਕੇ ਹਨ ਤੇ ਇਹ ਉਹ ਲੋਕ ਹਨ ਜਿਨ੍ਹਾਂ ਨੇ ਭੋਗ ਵਾਲੇ ਮਤੇ ਤੇ ਧੋਖੇ ਨਾਲ ਸਰਬੱਤ ਖਾਲਸਾ ਸੱਦੇ ਜਾਣ ਵਾਲੀ ਲਾਈਨ ਸ਼ਾਮਲ ਕਰ ਲਈ ਸੀ ਤਾਂ ਕਿ ਉਹ ਇਸ ਚੀਜ਼ ਦਾ ਸਿਆਸੀ ਲਾਹਾ ਲੈ ਕੇ ਜੱਥੇਦਾਰੀ ਢਾਂਚਾ ਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਇਸੇ ਲਈ ਉਨ੍ਹਾਂ ਨੂੰ ਬਰਗਾੜੀ ਮੋਰਚੇ ਵਾਲਿਆਂ ਤੇ ਭਰੋਸਾ ਨਹੀਂ ਸੀ ਤੇ ਉਹ ਸ਼ਾਮਲ ਨਹੀਂ ਹੋਏ।

ਭਾਈ ਢਡਰੀਆਂ ਵਾਲਿਆਂ ਅਨੁਸਾਰ ਉਹ ਇਸ ਮਾਮਲੇ ਨੂੰ ਲੈ ਕੇ ਅੱਜ ਵੀ ਗਾਲ੍ਹਾਂ ਖਾ ਰਹੇ ਹਨ ਤੇ ਜੇਕਰ ਇਹ ਮੋਰਚੇ ਵਾਲੇ ਕੋਈ ਪ੍ਰਾਪਤੀ ਕਰਦੇ ਹਨ ਤਾਂ ਉਸ ਤੋਂ ਬਾਅਦ ਵੀ ਗਾਲ੍ਹਾਂ ਖਾ ਲੈਣਗੇ ਪਰ ਜੇਕਰ ਇਹ ਮੋਰਚਾ ਫੇਲ੍ਹ ਹੁੰਦਾ ਹੈ ਤਾਂ ਫਿਰ ਇਹ ਗਾਲ੍ਹਾਂ ਵੀ ਇਕੱਲੇ ਹੀ ਖਾਣ, ਅਸੀਂ ਇਨ੍ਹਾਂ ਦੇ ਬਦਲੇ ਦੀਆਂ ਗਾਲ੍ਹਾਂ ਕਿਉਂ ਖਾਈਏ? ਕੁੱਲ ਮਿਲਾ ਕੇ ਜਿਹੜੀ ਗੱਲ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਇਸ ਮੋਰਚੇ ਦੀ ਸਮਾਪਤੀ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਕਹੀ ਸੀ, ਉਸ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਮੋਰਚੇ ਦੀ ਸਮਾਪਤੀ ਤੋਂ ਬਾਅਦ ਉਸ ਵਿਚ ਸ਼ਾਮਲ ਆਗੂਆਂ ਦੇ ਆਪਸੀ ਕਲੇਸ਼ ਨੂੰ ਦੇਖ ਕੇ ਸੱਚ ਹੋਣ ਵੱਲ ਇਸ਼ਾਰਾ ਕਰ ਰਹੀ ਹੈ, ਕਿਉਂਕਿ ਭਾਈ ਢਡਰੀਆਂ ਵਾਲਿਆਂ ਨੇ ਸਾਡੇ ਸੀਨੀਅਰ ਪੱਤਰਕਾਰ ਮਲਕੀਤ ਸਿੰਘ ਨਾਲ ਇੰਟਰਵਿਊ ਵਿੱਚ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਇਹ ਬਿਲਕੁਲ ਵੀ ਯਕੀਨ ਨਹੀਂ ਹੈ ਕਿ ਇਹ ਮੋਰਚੇ ਵਾਲੇ ਕੋਈ ਵੱਡੀ ਪ੍ਰਾਪਤੀ ਕਰਨਗੇ, ਇਹ ਸਾਰੇ ਤਾਂ ਆਪਣੀਆਂ ਆਪਣੀਆਂ ਰੇਟੀਆਂ ਸੇਕਣ ਵਿੱਚ ਲੱਗੇ ਹੋਏ ਨੇ। ਹੁਣ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਵਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਮੋਰਚੇ ਵਾਲਿਆਂ ਦਾ ਕੀ ਜੁਆਬ ਆਉਂਦਾ ਹੈ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ।

Facebook Comments
Facebook Comment