• 8:39 am
Go Back
Liberal Karen Wang Resigns From B.C. Byelection

ਓਟਾਵਾ: ਐਨਡੀਪੀ ਆਗੂ ਜਗਮੀਤ ਸਿੰਘ ਖਿਲਾਫ ਬਰਨਾਬੀ ਸਾਊਥ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਖੜ੍ਹੀ ਫੈਡਰਲ ਲਿਬਰਲ ਉਮੀਦਵਾਰ ਪਾਸੇ ਹੋ ਗਈ ਹੈ ਤੇ ਆਪਣੇ ਵਿਰੋਧੀ ਖਿਲਾਫ ਟਿੱਪਣੀਆਂ ਕਰਨ ਦੇ ਸਬੰਧ ਵਿੱਚ ਉਸ ਵੱਲੋਂ ਮੁਆਫੀ ਵੀ ਮੰਗੀ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਜਗਮੀਤ ਸਿੰਘ ਨੂੰ ਭਾਰਤੀ ਮੂਲ ਦਾ ਦੱਸ ਕੇ ਉਨ੍ਹਾਂ ਖਿਲਾਫ ਭੜਾਸ ਕੱਢਣ ਵਾਲੀ ਕੈਰਨ ਵਾਂਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਲਿਬਰਲ ਉਮੀਦਵਾਰ ਵਜੋਂ ਉਸ ਨੇ ਪਾਸੇ ਹੋਣ ਦਾ ਫੈਸਲਾ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਵਾਂਗ ਨੇ ਚੀਨ ‘ਚ ਸਥਿਤ ਪਲੇਟ ਫੌਰਮ ਵੁਈ ਚੈਟ ਉੱਤੇ ਜਗਮੀਤ ਸਿੰਘ ਖਿਲਾਫ ਬਿਆਨਬਾਜ਼ੀ ਵਾਲੀ ਪੋਸਟ ਚੀਨੀ ਭਾਈਚਾਰੇ ਦਾ ਸਮਰਥਨ ਹਾਸਲ ਕਰਨ ਲਈ ਪਾਈ ਸੀ। ਉਹ ਖੁਦ ਨੂੰ ਇਸ ਸੀਟ ਲਈ ਲੜਨ ਵਾਲੀ ਇੱਕਮਾਤਰ ਚੀਨੀ ਉਮੀਦਵਾਰ ਦੱਸ ਕੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਸੀ। ਉਸ ਨੇ ਬਾਅਦ ਵਿੱਚ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਆਪਣੀ ਕਹਾਣੀ ਕਹਿਣ ਦੇ ਨਾਲ ਤੇ ਸਾਰੇ ਪਿਛੋਕੜਾਂ ਨਾਲ ਸਬੰਧਤ ਲੋਕਾਂ ਨੂੰ ਇਸ ਅਹਿਮ ਜ਼ਿਮਨੀ ਚੋਣ ਵਿੱਚ ਨਾਲ ਜੋੜਨ ਲਈ ਹੀ ਆਨਲਾਈਨ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਸ ਵਿੱਚ ਜਗਮੀਤ ਸਿੰਘ ਦੇ ਸੱਭਿਆਚਾਰਕ ਪਿਛੋਕੜ ਨੂੰ ਵੀ ਉਛਾਲਿਆ ਗਿਆ।

ਉਸ ਨੇ ਜਗਮੀਤ ਸਿੰਘ ਤੋਂ ਮੁਆਫੀ ਮੰਗਦਿਆਂ ਆਖਿਆ ਕਿ ਇਸ ਦੌਰਾਨ ਸ਼ਬਦਾਂ ਦੀ ਕੀਤੀ ਚੋਣ ਸਹੀ ਨਹੀਂ ਸੀ ਤੇ ਉਸ ਦੇ ਅਸਲ ਮਤਲਬ ਨੂੰ ਨਹੀਂ ਸੀ ਦਰਸਾਉਂਦੀ। ਕੁੱਝ ਹਫਤਿਆਂ ਲਈ ਉਮੀਦਵਾਰ ਰਹੀ ਵਾਂਗ 2017 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਬੀਸੀ ਦੇ ਲਿਬਰਲਾਂ ਲਈ ਅਸਫਲਤਾਪੂਰਬਕ ਲੜ ਚੁੱਕੀ ਹੈ। ਵਾਂਗ ਨੇ ਆਖਿਆ ਕਿ ਆਪਣੇ ਸਮਰਥਕਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਉਸ ਨੇ ਪਾਸੇ ਹੋਣ ਦਾ ਫੈਸਲਾ ਕੀਤਾ ਹੈ।

ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਾਰਟੀ ਜਿਹੜਾ ਕੰਮ ਕਰ ਰਹੀ ਹੈ ਉਹ ਨਹੀਂ ਚਾਹੁੰਦੀ ਕਿ ਉਸ ਦੀਆਂ ਟਿੱਪਣੀਆਂ ਨਾਲ ਉਸ ਤੋਂ ਕੈਨੇਡੀਅਨਾਂ ਦਾ ਧਿਆਨ ਹਟੇ। ਲਿਬਰਲ ਪਾਰਟੀ ਵੱਲੋਂ ਵਾਂਗ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਪਾਰਟੀ ਨੇ ਇਹ ਵੀ ਆਖਿਆ ਹੈ ਕਿ ਵਾਂਗ ਦੀਆਂ ਤਾਜ਼ਾ ਟਿੱਪਣੀਆਂ ਕੈਨੇਡਾ ਦੀ ਲਿਬਰਲ ਪਾਰਟੀ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦੀਆਂ।

Facebook Comments
Facebook Comment