• 11:36 am
Go Back
khehra new president aap rebel group

-ਨਵਜੋਤ ਸਿੱਧੂ ਜੱਫ‌‌‌ੀ ਮਾਮਲੇ ਨੂੰ ਖਹਿਰਾ ਨੇ ਮੁੱਦਾ ਬਣਾਉਣਾ ਬੇਲੋੜਾ ਕਰਾਰ ਦਿੱਤਾ

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਆਮ ਆਦਮੀ ਪਾਰਟੀ ਦੇ ਬਾਗੀ ਧੜੇ ਨੇ ਅੱਜ ਬਗਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ ਕਮੇਟੀ ਵਿੱਚ ਇਹ ਫ਼ੈਸਲਾ ਕੀਤਾ ਗਿਆ । ਪਰ ਖਹਿਰਾ ਨੇ ਮੀਟਿੰਗ ਵਿੱਚ ਕਿਹਾ ਕਿ ਉਹ ਵਲੰਟੀਅਰਾਂ ਦੀਆਂ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀਆਂ ਤਿੰਨ ਕਾਨਫਰੰਸਾਂ ਵਿੱਚ ਪੁਸ਼ਟੀ ਕਰਵਾ ਕੇ ਇਹ ਅਹੁਦਾ ਲੈਣਗੇ।

ਇਸ ਫੈਸਲੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਰ ਸੰਧੂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਪ੍ਰਧਾਨਗੀ ਦਾ ਅਹੁਦਾ ਹਾਸਲ ਨਹੀਂ ਸਨ ਕਰਨਾ ਚਾਹੁੰਦੇ ਪਰ ਪੀਏਸੀ ਨੇ ਫ਼ੈਸਲਾ ਕਰਕੇ ਉਨ੍ਹਾਂ ਨੂੰ ਐਕਟਿੰਗ ਪ੍ਰਧਾਨ ਦਾ ਅਹੁਦਾ ਲੈਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਕਿਉਂਕਿ ਹੁਣ ਲੋਕਾਂ ਦੇ ਆਗੂ ਬਣ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਉਹ ਪ੍ਰਧਾਨ ਬਣ ਕੇ ਵਧੀਆ ਢੰਗ ਨਾਲ ਚਲਾਉਣਗੇ।

ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਦੀ ਕੋਈ ਲਾਲਸਾ ਨਹੀਂ ਪਰ ਜਦੋਂ ਉਨ੍ਹਾਂ ਦੇ ਸਾਥੀ ਕਹਿ ਰਹੇ ਹਨ ਕਿ ਪਾਰਟੀ ਦੀ ਮਜ਼ਬੂਤੀ ਲਈ ਪ੍ਰਧਾਨ ਬਣਨਾ ਜ਼ਰੂਰੀ ਹੈ ਤਾਂ ਉਨ੍ਹਾਂ ਇਹ ਅਹੁਦਾ ਹਾਸਲ ਕਰ ਲੈਣਾ ਹੈ ਪਰ ਵਲੰਟੀਅਰਾਂ ਤੋਂ ਇਸ ਦੀ ਪੁਸ਼ਟੀ ਵੀ ਉਹ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਬਠਿੰਡਾ ਕਨਵੈਨਸ਼ਨ ਦੇ 6 ਮਤਿਆਂ ਦੀ ਸ਼ਰਤ ਤਹਿਤ ਹੀ ਕਿਸੇ ਤਰ੍ਹਾਂ ਦਾ ਸਮਝੌਤਾ ਦੂਜੀ ਧਿਰ ਨਾਲ ਹੋ ਸਕੇਗਾ।ਪਰ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਹੀ ਉਹ ਸਰਗਰਮੀਆਂ ਕਰ ਰਹੇ ਹਨ। ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਗਏ ਹਨ।

ਖਹਿਰਾ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ ਜੋ ਮੀਟਿੰਗ ਵਿਧਾਇਕਾਂ ਦੀ ਬੁਲਾਉਣਗੇ ਉਸ ਵਿੱਚ ਉਨ੍ਹਾਂ ਦੇ ਸਾਥੀ ਵਿਧਾਇਕ ਨਹੀਂ ਜਾਣਗੇ ਕਿਉਂਕਿ ਬਠਿੰਡਾ ਕਨਵੈਨਸ਼ਨ ਨੂੰ ਹਰਪਾਲ ਸਿੰਘ ਚੀਮਾਂ ਤਾਂ ਮੰਨ ਨਹੀਂ ਰਹੇ। ਜੇਕਰ ਸਮਝੌਤੇ ਲਈ ਅਰਵਿੰਦ ਕੇਜਰੀਵਾਲ ਦਾ ਸੱਦਾ ਉਨ੍ਹਾਂ ਨੂੰ ਮਿਲਦਾ ਹੈ ਤਾਂ ਇਸ ਦਾ ਫੈਸਲਾ ਵੀ ਪਾਰਟੀ ਦੀ ਪੀਏਸੀ ਹੀ ਲਵੇਗੀ।

ਨਵਜੋਤ ਸਿੱਧੂ ਜੱਫੀ ਮਾਮਲੇ ਬਾਰੇ ਖਹਿਰਾ ਨੇ ਕਿਹਾ ਕਿ ਇਸ ਗੱਲ ਨੂੰ ਬੇਲੋੜਾ ਮੁੱਦਾ ਬਣਾਇਆ ਜਾ ਰਿਹਾ ਹੈ। ਭਾਜਪਾ ਵੱਲੋਂ ਨਵਜੋਤ ਸਿੱਧੂ ਦਾ ਵਿਰੋਧ ਕੀਤਾ ਜਾਣਾ ਤਾਂ ਭਾਵੇਂ ਠੀਕ ਹੈ ਪਰ ਜਦੋਂ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਤਾਂ ਗੱਲ ਗਲੇ ਹੇਠੋਂ ਨਹੀਂ ਉੱਤਰ ਰਹੀ। ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਵਿੱਚ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਦਭਾਵਨਾ ਦਾ ਮਾਹੌਲ ਬਣਾਉਣ ਲਈ ਪਟਿਆਲਾ ਵਿੱਚ ਕਬੱਡੀ ਮੈਚ ਕਰਵਾਇਆ ਸੀ । ਉਹ ਖ਼ੁਦ ਵੀ ਪਾਕਿਸਤਾਨ ਗਏ ਸਨ । ਖਹਿਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਲਈ ਗੱਲਬਾਤ ਚਲਾਈ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਸਮੂਹ ਸਿੱਖ ਪੰਥ ਦੀ ਅਰਦਾਸ ਪੂਰਨ ਹੋ ਜਾਵੇਗੀ ਕਿਉਂਕਿ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਇਹ ਅਰਦਾਸ ਕਰਦਾ ਹੈ ਕਿ ਪੰਥ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਅਤੇ ਸੇਵਾ ਸੰਭਾਲ ਦਾ ਬਲ ਬਖਸ਼ਿਆ ਜਾਵੇ।

Facebook Comments
Facebook Comment