• 5:28 am
Go Back

ਪੰਥਕ ਤੇ ਸਿਆਸੀ ਸੰਕਟ `ਚ ਘਿਰੇ ਅਕਾਲੀ ਦਲ ਲਈ ਮੁਸੀਬਤਾਂ ਹਾਲੇ ਘੱਟ ਨਹੀਂ ਹੋਈਆਂ ਇਹ ਗੱਲ ਬਾਦਲ ਪਰਿਵਾਰ ਬਾਖ਼ੂਬੀ ਜਾਣਦੈ ਅਤੇ ਏਸੇ ਲਈ ਅੰਦਰਖ਼ਾਤੇ ਭੁੱਲ ਬਖ਼ਸ਼ਾਉਣ ਦੀ ਚਾਰਾਜੋਈ ਵੀ ਹੋ ਰਹੀ ਹੈ। ਗ਼ਲਤੀਆਂ ਬੇਅੰਤ ਨੇ ਜੋ ਅਕਾਲੀ ਦਲ ਦੀ ਸਰਕਾਰ ਵੇਲੇ ਵੋਟਾਂ ਬਟੋਰਨ ਖ਼ਾਤਿਰ ਹੋਈਆਂ। ਜਿਸ ਵਿੱਚ ਵੱਡੀ ਗ਼ਲਤੀ ਰਾਮ ਰਹੀਮ ਨੂੰ ਨਾਟਕੀ ਢੰਗ ਨਾਲ ਮਾਫ਼ ਕਰਨਾ ਅਤੇ ਫੇਰ ਮਾਫ਼ੀਨਾਮਾ ਵਾਪਿਸ ਲੈਣਾ। ਇਸ ਤੋਂ ਬਾਅਦ ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੌਰ ਚੱਲਿਆ ਸਿੱਖ ਸੰਗਤ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਥਾਂ ਡੰਡੇ ਅਤੇ ਬੰਦੂਕਾਂ ਦਾ ਜ਼ੋਰ ਚੱਲਿਆ ਨਿਹੱਥੇ ਸਿੱਖਾਂ ਨੂੰ ਮਾਰ ਮੁਕਾ ਦਿੱਤਾ ਗਿਆ। ਫੇਰ ਅਕਾਲੀ ਦਲ ਅਤੇ ਭਾਜਪਾ ਸਰਕਾਰ ਸਮਾਂ ਰਹਿੰਦਿਆਂ ਦੋਸ਼ੀਆਂ ਨੂੰ ਫੜ੍ਹਨ `ਚ ਨਾਕਾਮ ਰਹੀ ਜਿਸ ਦਾ ਖ਼ਾਮਿਆਜ਼ਾ ਵਿਧਾਨ ਸਭਾ ਚੋਣਾਂ `ਚ ਭੁਗਤਣਾ ਪਿਆ।

ਖ਼ੈਰ, ਹੁਣ ਤਿੰਨ ਸਾਲ ਬੀਤ ਚੁੱਕੇ ਨੇ ਬਰਗਾੜੀ ਮੋਰਚਾ 5 ਮਹੀਨਿਆਂ ਤੋਂ ਬਾਦਸਤੂਰ ਜਾਰੀ ਹੈ। ਟਕਸਾਲੀ ਅਕਾਲੀ ਇਕ ਤਰੀਕੇ ਨਾਲ ਬਾਦਲ ਪਰਿਵਾਰ ਦਾ ਪੱਲਾ ਛੱਡ ਰਹੇ ਨੇ ਸੁਖਬੀਰ ਬਾਦਲ ਤੋਂ ਅਸਤੀਫ਼ਾ ਮੰਗਿਆ ਜਾ ਰਿਹਾ ਹੈ, ਪਰ ਪ੍ਰਧਾਨਗੀ ਦੀ ਕੁਰਸੀ ਛੱਡਣਾ ਸ਼ਾਇਦ ਬਾਦਲ ਪਰਿਵਾਰ ਨੂੰ ਗਵਾਰਾ ਨਹੀਂ ਇਸ ਲਈ ਹੁਣ ਅਕਾਲੀ ਦਲ `ਚ ਅੰਦਰੋਂ ਅੰਦਰੀ `ਭੁੱਲ ਬਖ਼ਸ਼ਾਉਣ ਦਾ ਨਾਟਕ` ਸ਼ੁਰੂ ਹੋਣ ਜਾ ਰਿਹਾ ਹੈ। ਏਸੇ ਲੜੀ `ਚ ਹੋਈ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਛੁੱਟੀ ਅਤੇ ਨਵੇਂ ਕਾਰਜਕਾਰੀ ਜਥੇਦਾਰ ਦੀ ਨਿਯੁਤਕੀ ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਕਿ ਸੰਕਟ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਇਸ ਲਈ ਮਾਫ਼ੀ ਮੰਗਣ ਦਾ ਦਿਨ ਵੀ ਤੈਅ ਹੋ ਗਿਆ।

ਇਹ ਦਿਨ ਹੋਵੇਗਾ ਅਕਾਲੀ ਦਲ ਦਾ ਸਥਾਪਨਾ ਦਿਵਸ ਜੀ ਹਾਂ, 14 ਦਸੰਬਰ ਨੂੰ ਮਾਫ਼ੀ ਮੰਗਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਤਮਾਮ ਲੀਡਰਸ਼ਿਪ ਨੂੰ ਭਰੋਸੇ ਵਿੱਚ ਲੈ ਕੇ ਬਾਦਲ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵੇਗਾ। ਲਿਹਾਜ਼ਾ ਬਾਦਲ ਪਰਿਵਾਰ ਇਹ ਮੰਨ ਚੁੱਕਿਆ ਕਿ ਗ਼ਲਤੀਆਂ ਹੋਈਆਂ ਨੇ ਪਰ ਗੋਲੀਕਾਂਡ ਅਤੇ ਬੇਅਦਬੀ `ਚ ਬਾਦਲਾਂ ਦਾ ਕੋਈ ਹੱਥ ਨਹੀਂ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਮਸਲੇ ਨੂੰ ਏਨਾ ਕੁ ਗੁੰਝਲਦਾਰ ਕਰ ਦਿੱਤਾ ਕਿ ਇਲਜ਼ਾਮਾਂ ਦੀ ਸੂਈ ਪੱਕੇ ਤੌਰ `ਤੇ ਬਾਦਲ ਪਰਿਵਾਰ ‘ਤੇ ਆ ਟਿਕੀ। ਲੋਕਾਂ ਦੀ ਨਜ਼ਰਾਂ `ਚ `ਦੋਸ਼ੀ` ਬਣ ਗਏ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਮਾਝੇ ਦੀ ਨਾਰਾਜ਼ ਲੀਡਰਸ਼ਿਪ ਜਾਂ ਕਹਿ ਲਓ ਕਿ ਮਾਝੇ ਦੇ ਜਰਨੈਲਾਂ ਨੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕ ਕੇ ਭੁੱਲਾਂ ਬਖ਼ਸ਼ਾਉਣ ਦੀ ਅਰਦਾਸ ਕਰ ਦਿੱਤੀ ਹੈ ਤੇ ਹੁਣ ਬਾਦਲਾਂ ਨੂੰ ਵੀ ਮਹਿਸੂਸ ਹੋ ਰਿਹੈ ਕਿ ਡੂੰਘੇ ਹੁੰਦੇ ਸਿਆਸੀ ਘਟਨਾਕ੍ਰਮ ਤੋਂ ਬਚਣ ਲਈ ਮਾਫ਼ੀ ਮੰਗ ਲੈਣੀ ਚਾਹੀਦੀ ਹੈ.. ਕਿਉਂਕਿ ਸਰਕਾਰ ਅਕਾਲੀ ਦਲ ਦੀ ਸੀ ਅਤੇ ਜ਼ਿੰਮੇਵਾਰੀ ਵੀ ਅਕਾਲੀ ਦਲ ਨੂੰ ਕਬੂਲਨੀ ਪਵੇਗੀ।

ਇਸੇ ਲਈ ਕਾਰਜਕਾਰੀ ਜਥੇਦਾਰ ਹੱਥ ਵਾਗਡੋਰ ਦੇ ਕੇ ਗਿਆਨੀ ਗੁਰਬਚਨ ਸਿੰਘ ਨੂੰ ਲਾਂਭੇ ਕੀਤਾ ਗਿਆ ਕਿਉਂਕਿ ਜੇ ਗਿਆਨੀ ਗੁਰਬਚਨ ਸਿੰਘ ਦੇ ਸਾਹਮਣੇ ਹੀ ਪੇਸ਼ ਹੁੰਦੇ ਤਾਂ ਮਾਫ਼ੀ ਦਾ ਕੋਈ ਮਤਲਬ ਨਹੀਂ ਰਹਿਣਾ ਸੀ ਕਿਉਂ ਕਿ ਰਾਮ ਰਹੀਮ ਮਾਫ਼ੀਨਾਮੇ ਦਾ ਚੈਪਟਰ ਵੀ ਗਿਆਨੀ ਗੁਰਬਚਨ ਸਿੰਘ ਤੋਂ ਬਿਨ੍ਹਾਂ ਅਧੂਰਾ ਹੈ। ਸੋ ਹੁਣ ਨਜ਼ਰਾਂ 14 ਦਸੰਬਰ ਅਤੇ ਉਸ ਤੋਂ ਪਹਿਲਾਂ ਬਦਲ ਰਹੀ ਅਕਾਲੀ ਸਿਆਸਤ ‘ਤੇ ਟਿਕਣੀਆਂ ਲਾਜ਼ਮੀ ਨੇ ਟਕਸਾਲੀ ਅਕਾਲੀ ਅਕਾਲੀ ਦਲ ਬਚਾਓ ਲਹਿਰ ਲਈ ਪੱਬਾਂ ਭਾਰ ਨੇ ਬ੍ਰਹਮਪੁਰਾ ਮੀਟਿੰਗਾਂ ਕਰ ਰਹੇ ਹਨ ਖ਼ਿਲਾਫ਼ਤ ਵੀ ਹੋ ਰਹੀ ਹੈ। ਅਜਿਹੇ ਵਿੱਚ ਅਕਾਲੀ ਦਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪੈਂਡਾ ਤੈਅ ਕਰਨਾ ਸੁਖਾਲਾ ਨਹੀਂ ਜਾਪਦਾ।

Facebook Comments
Facebook Comment