• 11:34 am
Go Back

ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਦੇ ਸਾਬਕਾ ਉੱਪ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਆਤਮਹੱਤਿਆ ਕਾਂਡ ‘ਚ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰੇਟਰੀ ਨੇ ਜਾਂਚ ਕਰਕੇ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਦੀ ਜਾਂਚ ਨੂੰ ਸਵਾਲਾਂ ਦੇ ਘੇਰੇ ‘ਚ ਲਿਆਂਦਾ ਹੈ। ਇਸ ਰਿਪੋਰਟ ਦਾ ਜੇਕਰ ਸਰਲ ਅਰਥਾਂ ਵਿੱਚ ਅਰਥ ਕਢਿਆ ਜਾਵੇ ਤਾਂ ਚੱਡਾ ਦੀ ਜਾਣ ਲੈਣ ਵਾਲੀ ਉਨ੍ਹਾਂ ਦੀ ਜਿਸ ਲਾਇਸੈਂਸੀ ਰਿਵਾਲਵਰ ਨੰਬਰ ਬੀ-74402 ਤੋਂ ਗੋਲੀ ਚੱਲੀ ਸੀ ਉਹ ਗੋਲੀ ਚੱਡਾ ਨੇ ਆਪ ਖੁਦ ਨਹੀਂ ਚਲਾਈ ਸੀ।
ਰਿਪੋਰਟ ਅਨੁਸਾਰ ਫੋਰੈਂਸਿਕ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਸਨ ਕਿ ਇੰਦਰਪ੍ਰੀਤ ਸਿੰਘ ਚੱਡਾ ਦੀ ਮ੍ਰਿਤਕ ਦੇਹ ਦੇ ਦੋਵਾਂ ਹੱਥਾਂ ਤੋਂ ਕੋਈ ਗੰਨ ਪਾਊਡਰ ਨਹੀਂ ਮਿਲਿਆ ਸੀ। ਅੰਮ੍ਰਿਤਸਰ ਦੀ ਅਦਾਲਤ ਵਿੱਚ ਦਾਇਰ ਕੀਤੀ ਗਈ ਫੋਰੈਂਸਿਕ ਸਾਇੰਸ ਰਿਪੋਰਟ ਦੇ ਮਾਹਰਾਂ ਪੀਐੱਸ ਸਹਿਗਲ ਤੇ ਸੰਦੀਪ ਸਿੰਘ ਸਹੋਤਾ ਨੇ ਇਹ ਦਾਅਵਾ ਕੀਤਾ ਹੈ ਕਿ ਜਿਸ ਗੋਲੀ ਨਾਲ ਚੱਡਾ ਦੀ ਮੌਤ ਹੋਈ ਹੈ ਉਸ ਪਿਸਤੌਲ ਵਿੱਚੋਂ ਚਲਾਈ ਗਈ ਇੱਕ ਗੋਲੀ ਨਾਲ ਮੇਲ ਨਹੀਂ ਖਾਂਦੀ। ਫੋਰੈਂਸਿਕ ਮਾਹਰਾਂ ਅਨੁਸਾਰ ਪੂਰੀ ਤਰ੍ਹਾਂ ਨੁਕਸਾਨੇ ਗਏ ਗੋਲੀ ਸਿੱਕੇ ਨਾਲ ਸਬੰਧਤ ਉਹ ਕੋਈ ਨਿਸ਼ਚਿਤ ਰਾਏ ਪੇਸ਼ ਨਹੀਂ ਕਰ ਸਕਦੇ ਕਿ ਇਹ ਗੋਲੀ 0.33 ਇੰਚ ਵਾਲੇ ਵੈਬਲੀ ਐਂਡ ਸਕਾਟ ਪਸਤੌਲ ਨੰਬਰ ਬੀ -74402 ਤੋਂ ਹੀ ਚਲਾਈ ਗਈ ਸੀ।
ਇਥੇ ਦੱਸ ਦੇਈਏ ਕਿ 3 ਜਨਵਰੀ 2018 ਨੂੰ ਅੰਮ੍ਰਿਤਸਰ ਦੇ ਅਜਨਾਲਾ ਰੋਡ ਵਿਖੇ ਇੰਦਰਜੀਤ ਸਿੰਘ ਚੱਡਾ ਬਾਰੇ ਪੁਲਿਸ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੀ ਗੱਡੀ ਵਿੱਚ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ ਤੇ ਇਸ ਨਾਲ ਸਬੰਧਤ ਕੇਸ ਅਦਾਲਤ ਵਿੱਚ ਹਾਲੇ ਵੀ ਵਿਚਾਰ ਅਧੀਨ ਹੈ। ਇੱਧਰ ਦੂਜੇ ਪਾਸੇ ਫੋਰੈਂਸਿਕ ਸਾਇੰਸ ਮਾਹਰਾਂ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨੂੰ ਚੱਡਾ ਦੇ ਵਕੀਲ ਅਨੰਦ ਗੌਤਮ ਨੇ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਚੱਡਾ ਦੀ ਮੌਤ ਹੋਈ ਸੀ ਤਾਂ ਉਹ ਖੁਦ ਹਸਪਤਾਲ ਪਹੁੰਚੇ ਸਨ ਜਿਥੇ ਚੱਡਾ ਦੇ ਕਪੜੇ ਬਦਲੇ ਗਏ ਤੇ ਹੋ ਸਕਦਾ ਹੈ ਕਿ ਅਜਿਹਾ ਕਰਦਿਆਂ ਗਨ ਪਾਊਡਰ ਨੂੰ ਚੱਡਾ ਦੇ ਹੱਥਾਂ ਤੋਂ ਸਾਫ ਕਰ ਦਿੱਤਾ ਹੋਵੇ।

Facebook Comments
Facebook Comment