• 3:54 am
Go Back

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ) :ਪੰਜਾਬ ਸਰਕਾਰ ਦੁਆਰਾ ਝੋਨਾ ਲਵਾਈ ਲਈ ਬਿਜਲੀ 20 ਜੂਨ ਤੋਂ ਦੇਣ ਦੇ ਫੈਸਲੇ ਨੂੰ ਬਦਲ ਕੇ 10 ਜੂਨ ਤੋਂ ਲਾਗੂ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪਾਵਰਕਾਮ ਐਸ.ਡੀ.ਓ/ਐਕਸੀਐਨ ਦਫ਼ਤਰਾਂ ਅੱਗੇ 10 ਜੂਨ ਨੂੰ ਪੰਜਾਬ ਭਰ ‘ਚ ਧਰਨੇ ਮਾਰਨ ਦਾ ਫੈਸਲਾ ਕੀਤਾ ਗਿਆ ਹੈ। ਲਿਖਤੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਪਿਛਲੇ ਸਾਲ 15 ਜੂਨ ਤੋਂ ਝੋਨਾ ਲਾਉਣ ਕਾਰਨ ਵੀ ਵਾਢੀ ਦੇ ਮਗਰਲੇ ਦਿਨਾਂ ‘ਚ ਕਿਸਾਨਾਂ ਨੂੰ ਹਫ਼ਤਿਆਂ ਬੱਧੀ ਮੰਡੀਆਂ ‘ਚ ਰੁਲਣਾ ਪਿਆ ਸੀ, ਕਿਉਂਕਿ ਦਾਣਿਆਂ ਦੀ ਨਮੀ ਘਟਣ ਦਾ ਨਾਂ ਨਹੀਂ ਲੈ ਰਹੀ ਸੀ। ਖਰੀਦ ਇੰਸਪੈਕਟਰਾਂ ਅਤੇ ਵਪਾਰੀਆਂ ਨੇ ਕਿਸਾਨਾਂ ਦੀ ਰੱਜ ਕੇ ਲੁੱਟ ਕੀਤੀ ਸੀ। ਝੋਨਾ 10 ਦਿਨ ਲੇਟ ਲਾਉਣ ਨਾਲ ਪਾਣੀ ਦੀ ਬਚਤ ਤਾਂ ਮਹਿਜ਼ ਬਹਾਨਾ ਹੈ ਜੀਹਦੀ ਆੜ ‘ਚ ਸਰਕਾਰੀ ਖਰੀਦ ਠੱਪ ਕਰਨ ਦੀ ਸਾਮਰਾਜੀ ਨੀਤੀ ਮੜ੍ਹੀ ਜਾਣੀ ਹੈ। ਵੱਡੇ ਵਪਾਰੀਆਂ ਅਤੇ ਦੇਸੀ -ਵਿਦੇਸ਼ੀ ਸਾਮਰਾਜੀ ਕੰਪਨੀਆਂ ਦੇ ਅੰਨ੍ਹੇ ਮੁਨਾਫ਼ਿਆਂ ਦਾ ਰਾਹ ਪੱਧਰਾ ਕੀਤਾ ਜਾਣਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਜੇਕਰ ਨਮੀ ਦੀ ਮਾਤਰਾ ਵਧਾ ਕੇ 24% ਕਰ ਦਿੱਤੀ ਜਾਵੇ ਤਾਂ ਕਿਸਾਨ 20 ਜੂਨ ਤੋਂ ਝੋਨਾ ਲਾਉਣ ਨੂੰ ਤਿਆਰ ਹੋਣਗੇ। ਪ੍ਰੰਤੂ ਜੇਕਰ ਇਹ ਮਾਤਰਾ ਨਾ ਵਧਾਈ ਗਈ ਤਾਂ ਝੋਨਾ 10 ਜੂਨ ਤੋਂ ਹੀ ਲਾਇਆ ਜਾਵੇਗਾ। ਇਸੇ ਤਰੀਕ ਤੋਂ ਬਿਜਲੀ ਲੈਣ ਵਾਸਤੇ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਬਿਆਨ ਦੇ ਅਖੀਰ ਵਿੱਚ ਝੋਨਾ ਬੀਜਣ ਵਾਲੇ ਸਮੂਹ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਆਪੋ-ਆਪਣੇ ਇਲਾਕੇ ‘ਚ ਧਰਨੇ ਵਾਲੇ ਦਾ ਦਫ਼ਤਰ ਦਾ ਕਿਸਾਨ ਆਗੂਆਂ ਤੋਂ ਪਤਾ ਕਰਕੇ 10 ਜੂਨ ਨੂੰ ਵਹੀਰਾਂ ਘੱਤ ਕੇ ਧਰਨਿਆਂ ਵਿੱਚ ਪਹੁੰਚਣ। ਫੇਰ ਸਰਕਾਰ ਦੀ ਕੀ ਮਜਾਲ ਹੈ ਕਿ ਉਹ ਬਿਜਲੀ ਨਾ ਛੱਡੇ।

Facebook Comments
Facebook Comment