• 7:31 am
Go Back

ਫਰੀਦਾਬਾਦ: ਇਥੋਂ ਦੀ ਇਕ ਅਦਾਲਤ ਨੇ ਅੱਜ ਹੀਰਿਆਂ ਦੀ ਲੁੱਟ ਦੇ ਇਕ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਵਿਜੀਲੈਂਸ ਐਸਐਸਪੀ ਸ਼ਿਵ ਕੁਮਾਰ ਦੇ ਪੁੱਤਰ ਮੋਹਿਤ ਸ਼ਰਮਾ ਸਮੇਤ ਛੇ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਜ਼ਿਲ੍ਹਾ ਸੈਸ਼ਨ ਜੱਜ ਦੀਪਕ ਗੁਪਤਾ ਦੀ ਅਦਾਲਤ ਨੇ ਸੁਣਾਈ ਹੈ। ਅਦਾਲਤ ਨੇ 2 ਜੁਲਾਈ ਨੂੰ ਮੋਹਿਤ ਸਮੇਤ ਛੇ ਜਣਿਆਂ ਨੂੰ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ ਸੀ। ਇਨ੍ਹਾਂ ਵਿੱਚੋਂ ਮੋਹਿਤ, ਅਸ਼ੋਕ ਕੁਮਾਰ, ਸੁਰੇਸ਼ ਕੁਮਾਰ, ਮੁਹੰਮਦ ਮਿਹਰਬਾਨ ਅਤੇ ਭੁਪਿੰਦਰ ਸਿੰਘ ਨੂੰ 10 ਸਾਲ ਜਦੋਂ ਕਿ ਹਰਬੰਸ ਲਾਲ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ 2013 ਤੋਂ ਚੱਲ ਰਹੀ ਸੀ ਜਦੋਂ ਤੋਂ ਇਹ ਕੇਸ ਲੁਧਿਆਣਾ ਤੋਂ ਇਥੇ ਤਬਦੀਲ ਹੋਇਆ ਸੀ। ਅਦਾਲਤ ਨੇ ਮੋਹਿਤ, ਅਸ਼ੋਕ, ਸੁਰੇਸ਼, ਮੁਹੰਮਦ ਨੂੰ ਦੋਸ਼ੀ ਮੰਨਦਿਆਂ 40,000 ਹਰੇਕ ਅਤੇ ਭੁਪਿੰਦਰ ਸਿੰਘ ਅਤੇ ਹਰਬੰਸ ਲਾਲ ਨੂੰ ਕ੍ਰਮਵਾਰ 35 ਹਜ਼ਾਰ ਅਤੇ 25 ਹਜ਼ਾਰ ਦਾ ਜੁਰਮਾਨਾ ਵੀ ਕੀਤਾ ਹੈ। ਦੋ ਜੁਲਾਈ ਨੂੰ ਇਸ ਕੇਸ ਨਾਲ ਸਬੰਧਤ ਅਮਨਦੀਪ ਸਿੰਘ, ਸੁਖਦੇਵ ਸਿੰਘ ਅਤੇ ਗੁਰਧਿਆਨ ਸਿੰਘ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਮਾਮਲਾ ਸਾਲ 2008 ਦੇ ਨਵੰਬਰ ਮਹੀਨਾ ਦਾ ਹੈ। ਉਸ ਸਮੇਂ ਮੋਹਿਤ ਦਾ ਲੁਧਿਆਣਾ ਵਿੱਚ ਹੀਰਿਆਂ ਦਾ ਕਾਰੋਬਾਰ ਸੀ। ਉਸ ਸਮੇਂ ਮੁੰਬਈ ਦੀ ਕੰਪਨੀ ਸ਼ਾਹ ਐਂਡ ਸ਼ਾਹ ਦਾ ਪ੍ਰਬੰਧਕ ਭਵੇਸ਼ ਸ਼ਾਹ ਮੋਹਿਤ ਨੂੰ ਹੀਰੇ ਦਿਖਾਉਣ ਲਈ ਆਇਆ ਸੀ। ਹੀਰੇ ਦੇਖਣ ਤੋਂ ਬਾਅਦ ਮੋਹਿਤ ਨੇ ਆਪਣਾ ਸ਼ੈਤਾਨੀ ਦਿਮਾਗ ਚਲਾਇਆ, ਤੇ ਆਪਣੇ ਸਾਥੀਆਂ ਨਾਲ ਮਿਲ ਕੇ ਹੀਰਾ ਵਪਾਰੀ ਤੇ ਹਮਲਾ ਬੋਲ ਦਿੱਤਾ ਤੇ ਉਸ ਨੂੰ ਗੰਭੀਰ ਜਖਮੀ ਕਰ ਚਾਰ ਕਰੋੜ ਦੇ ਹੀਰੇ ਲੁੱਟ ਕੇ ਫਰਾਰ ਹੋ ਗਿਆ ਸੀ।

Facebook Comments
Facebook Comment