• 3:58 am
Go Back

ਬਲਾਚੌਰ:  ਬਲਾਚੌਰ ਦੇ ਪਿੰਡ ਵਿਛੋੜੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਸਾਰੀ ਮੰਦਭਾਗੀ ਘਟਨਾ ਗੁਰਦੁਆਰੇ ਸਾਹਿਬ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਕੱਤਰ ਜਾਣਕਾਰੀ ਮੁਤਾਬਕ ਪਿੰਡ ਦੇ ਇਕ ਵਿਅਕਤੀ ਜਗਜੀਤ ਸਿੰਘ ਉਰਫ ਜੱਗਾ (35) ਪੁੱਤਰ ਹਰਬੰਸ ਸਿੰਘ ਵਾਸੀ ਵਿਛੋੜੀ ਦੀ ਮਾਤਾ ਸੁਰਿੰਦਰ ਕੌਰ ਦੀ ਮੌਤ ਹੋ ਗਈ ਸੀ,  ਜਗਜੀਤ ਸਿੰਘ ਜੱਗਾ ਸਸਕਾਰ ਦੌਰਾਨ ਤੇਜ਼ੀ ਨਾਲ ਸ਼ਮਸ਼ਾਨਘਾਟ ‘ਚੋਂ ਆ ਗਿਆ। ਸ਼ਮਸ਼ਾਨਘਾਟ ਵਿਚ ਅਰਦਾਸ ਕਰਨ ਲਈ ਗੁਰਦੁਆਰਾ ਧਰਮਸ਼ਾਲਾ ਵਿਛੋੜੀ ਦੇ ਗ੍ਰੰਥੀ ਗੁਰਜਿੰਦਰ ਸਿੰਘ ਨੇ ਜਦੋਂ ਗੁਰਦੁਆਰਾ ਸਾਹਿਬ ਆ ਕੇ ਦੇਖਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਪਾਵਨ ਅੰਗਾਂ ਦੀ ਬੇਅਦਬੀ ਕੀਤੀ ਹੋਈ ਸੀ। ਗ੍ਰੰਥੀ ਸਿੰਘ ਨੇ ਇਸ ਦੀ ਜਾਣਕਾਰੀ ਤੁਰੰਤ ਕਮੇਟੀ ਮੈਂਬਰਾਂ ਨੂੰ ਦਿੱਤੀ ਅਤੇ ਉਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਜਗਜੀਤ ਸਿੰਘ ਜੱਗਾ ਦੀ ਇਸ ਘਿਨਾਉਣੀ ਹਰਕਤ ਨੂੰ ਦੇਖਿਆ। ਇਸ ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਗੁਰਦਿਆਲ ਸਿੰਘ ਕਾਠਗੜ੍ਹ, ਅਜੇ ਕੁਮਾਰ ਐੱਸ. ਐੱਚ. ਓ. ਬਲਾਚੌਰ ਤੇ ਹੋਰ ਅਧਿਕਾਰੀਆਂ ਨੇ ਉਪਰੋਕਤ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਇਹ ਮੰਦਭਾਗੀ ਘਟਨਾ ਅੱਗ ਵਾਂਗ ਫੈਲ ਗਈ ਅਤੇ ਜਥੇਦਾਰ ਤਖਤ ਸ੍ਰੀ ਕੇਸਗ਼ੜ੍ਹ ਸਾਹਿਬ ਜਥੇਦਾਰ ਰਘਵੀਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਤੋਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ।

Facebook Comments
Facebook Comment