ਅਮਰੀਕਾ ਲਈ ਸਿਰ ਦਰਦ ਬਣੀ ਦਿੱਲੀ ਦੀ ਜਾਅਲੀ ਸਮਾਨ ਵੇਚਣ ਵਾਲੀ ਇਹ ਨੰਬਰ ਵਨ ਮਾਰਕਿਟ

TeamGlobalPunjab
2 Min Read

ਨਵੀਂ ਦਿੱਲੀ: ਅਮਰੀਕਾ ਨੇ ਵੀ ਦਿੱਲੀ ਦੇ ਇਕ ਬਜ਼ਾਰ ਨੂੰ ਜਾਅਲੀ ਸਮਾਨ ਵੇਚਣ ਵਾਲਾ ਦੁਨੀਆ ਦਾ ਸਭ ਤੋਂ ਬਦਨਾਮ ਬਜ਼ਾਰ ਕਰਾਰ ਦਿਤਾ ਹੈ ਅਤੇ ਇਸ ਬਜ਼ਾਰ ਸਬੰਧੀ ਕਾਰਵਾਈ ਲਈ ਠੋਸ ਕਦਮ ਉਠਾਏ ਜਾਣ ਦੀ ਮੰਗ ਵੀ ਕੀਤੀ ਹੈ। ਇਹ ਬਾਜ਼ਾਰ ਦਿੱਲੀ ਦੇ ਕਰੋਲਬਾਗ ਇਲਾਕੇ ‘ਚ ਟੈਂਕ ਰੋਡ ‘ਤੇ ਸਥਿਤ ਹੈ।

ਦਰਅਸਲ ਅਮਰੀਕਾ ਦੀ ਬਦਨਾਮ ਬਜ਼ਾਰਾਂ ਦੀ ਸੂਚੀ ਵਿਚ 33 ਆਨਲਾਈਨ ਅਤੇ 25 ਆਫ਼ਲਾਈਨ ਬਾਜ਼ਾਰਾਂ ਦੀ ਪਛਾਣ ਕੀਤੀ ਗਈ ਹੈ। ਇਹ ਬਜ਼ਾਰ ਕਥਿਤ ਤੌਰ ‘ਤੇ ਕਾਪੀਰਾਈਟ ਅਤੇ ਟ੍ਰੇਡਮਾਰਕ ਦਾ ਉਲੰਘਣ ਕਰਕੇ ਉਤਪਾਦਾਂ ਦੀ ਵਿਕਰੀ ਕਰ ਰਹੇ ਹਨ। ਇਨ੍ਹਾਂ ਬਜ਼ਾਰਾਂ ਦੀ 2018 ਦੀ ਸੂਚੀ ਵਿਚ ਦਿੱਲੀ ਦੇ ਟੈਂਕ ਰੋਡ ਬਾਜ਼ਾਰ ਦਾ ਨਾਮ ਵੀ ਸ਼ਾਮਲ ਸੀ। ਅੰਕੜੇ ਇਕੱਠੇ ਕਰਨ ਵਾਲਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਬਜ਼ਾਰ ਅਜੇ ਵੀ ਜਾਅਲੀ ਸਮਾਨ ਦੀ ਵਿਕਰੀ ਕਰ ਰਿਹਾ ਹੈ।

ਇਨ੍ਹਾਂ ਵਿਚ ਕੱਪੜੇ, ਜੁੱਤੀਆਂ-ਚੱਪਲਾਂ ਆਦਿ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੈਂਕ ਰੋਡ ਦੇ ਥੋਕ ਕਾਰੋਬਾਰੀ ਜਾਅਲੀ ਸਮਾਨਾਂ ਦੀ ਸਪਲਾਈ ਹੋਰ ਭਾਰਤੀ ਬਾਜ਼ਾਰਾਂ ਜਿਵੇਂ ਗੱਫ਼ਾਰ ਮਾਰਕੀਟ ਅਤੇ ਅਜ਼ਮਲ ਖ਼ਾਨ ਰੋਡ ਨੂੰ ਵੀ ਕਰਦੇ ਹਨ।

ਰਿਪੋਰਟ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਹ ਥੋਕ ਕਾਰੋਬਾਰੀ ਬਿਨਾਂ ਕਿਸੇ ਡਰ ਭੈਅ ਦੇ ਕਾਰੋਬਾਰ ਕਰ ਰਹੇ ਹਨ ਅਤੇ ਉਨ੍ਹਾਂ ਨੇ ਕੁੱਝ ਸਾਲਾਂ ਦੌਰਾਨ ਹੀ ਇਸ ਨੂੰ ਕਾਫ਼ੀ ਫੈਲਾਅ ਲਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਅਮਰੀਕੀ ਅਰਥਵਿਵਸਥਾ ਨੂੰ ਨੁਕਸਾਨ ਹੋ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਸਾਰਕ ਪੱਧਰ ‘ਤੇ ਕਰੀਬ ਢਾਈ ਫ਼ੀਸਦੀ ਜਾਂ 500 ਅਰਬ ਡਾਲਰ ਦੇ ਉਤਪਾਦ ਜਾਅਲੀ ਹੁੰਦੇ ਹਨ।

Share this Article
Leave a comment