• 5:54 pm
Go Back

ਪਟਿਆਲਾ : ਇਨ੍ਹੀਂ ਦਿਨੀਂ ਮੀਡੀਆ ਦੇ ਲਗਭਗ ਸਾਰੇ ਹੀ ਤਬਕਿਆਂ ਵਿੱਚ ਇਹ ਸਵਾਲ ਸਾਰੇ ਹੀ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਬੜੇ ਜ਼ੋਰਾਂ ਸ਼ੋਰਾਂ ਨਾਲ ਗਰਮ ਹੈ ਕਿ ਆਖਰ ਬਰਗਾੜੀ ਸ਼ਰਧਾਂਜਲੀ ਸਮਾਗਮ ਅਤੇ ਰੋਸ ਮਾਰਚ ਵਿੱਚ ਲੱਖਾਂ ਦੀ ਭੀੜ ਇਕੱਠੀ ਕਰਨ ਵਾਲੇ ਖਹਿਰਾ ਵੱਲੋਂ ਅੱਠ ਦਸੰਬਰ ਨੂੰ ਸ਼ੁਰੂ ਕੀਤੇ ਗਏ ਇਨਸਾਫ ਮਾਰਚ ਦੀ ਹਾਲਤ ਪੂਰੀ ਤਰ੍ਹਾਂ ਫੁੱਲੇ ਉਸ ਗੁਬਾਰੇ ਵਰਗੀ ਕਿਉਂ ਹੁੰਦੀ ਜਾ ਰਹੀ ਹੈ ਜਿਸ ਵਿਚੋਂ ਹਵਾ ਹੌਲੀ-ਹੌਲੀ ਕਰਕੇ ਲੀਕ ਕਰ ਰਹੀ ਹੋਵੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਇਨਸਾਫ਼ ਮਾਰਚ ਵਿੱਚ ਅੱਜਕੱਲ ਨਾ ਤਾਂ ਖਹਿਰਾ ਨਾਲ ਕੰਵਰ ਸੰਧੂ ਦਿਖਾਈ ਦੇ ਰਹੇ ਹਨ ਤੇ ਨਾ ਹੀ ਜੈ ਕਿਸ਼ਨ ਰੋੜੀ। ਜਿਨ੍ਹਾਂ ਬੈਂਸ ਭਰਾਵਾਂ ਅਤੇ ਡਾ. ਗਾਂਧੀ ਦੇ ਦਮ ’ਤੇ ਖਹਿਰਾ ਨੇ ਇਸ ਇਨਸਾਫ ਮਾਰਚ ਨੂੰ ਸਫ਼ਲ ਬਣਾਉਣ ਲਈ ਵੱਡੇ-ਵੱਡੇ ਦਾਅਵੇ ਕੀਤੇ ਸਨ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਅਸੀਂ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਹਰਾ ਕੇ ਨਵਾਂ ਇਤਿਹਾਸ ਕਾਇਮ ਕਰਾਂਗੇ, ਉਹ ਬੈਂਸ ਭਰਾ ਅੱਜਕੱਲ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਸ਼ਾਮਲ ਹੋਏ ਪਏ ਹਨ ਤੇ ਡਾ. ਗਾਂਧੀ ਆਪਣੇ ਘਰ ਬੈਠੇ ਕਦੇ ਪੱਤਰਕਾਰਾਂ ਨਾਲ ਗੱਲ ਕਰਦੇ ਹਨ ਤੇ ਕਦੇ ਮਰੀਜ਼ ਦੇਖਦੇ ਹਨ। ਅਜਿਹੇ ਵਿੱਚ ਇਨਸਾਫ ਲੈਣ ਲਈ ਇਕੱਲੇ ਹੀ ਮੋਰਚਾ ਕੱਢ ਕੇ ਤੁਰੇ ਫਿਰਦੇ ਸੁਖਪਾਲ ਖਹਿਰਾ ਦੇ ਵਿਰੋਧੀ ਇਸ ਗੱਲ ਦੀ ਬੜੀ ਬੁਰੀ ਤਰ੍ਹਾਂ ਸਕੈਨਿੰਗ ਕਰ ਰਹੇ ਹਨ ਕਿ ਖਹਿਰਾ ਜਿੱਥੇ ਜਾ ਕੇ ਸੰਬੋਧਨ ਕਰਦੇ ਹਨ ਉੱਥੇ ਕਿੰਨੀ ਭੀੜ ਇਕੱਠੀ ਹੁੰਦੀ ਹੈ।

ਇਸ ਸਾਰੇ ਘਟਨਾਕ੍ਰਮ ਦਾ ਬੜੀ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਵਾਲੇ ਲੋਕਾਂ ਅਨੁਸਾਰ ਜਿਹੜੇ ਲੋਕ ਖਹਿਰਾ ਦਾ ਸਾਥ ਛੱਡ-ਛੱਡ ਕੇ (ਭਾਵੇਂ ਕੁਝ ਸਮੇਂ ਲਈ ਹੀ) ਜਾ ਰਹੇ ਹਨ, ਖਹਿਰਾ ਨੂੰ ਉਨ੍ਹਾਂ ਤੇ ਬੇਹੱਦ ਮਾਣ ਸੀ ਤੇ ਸ਼ਾਇਦ ਉਨ੍ਹਾਂ ਦੇ ਦਮ ਤੇ ਹੀ ਖਹਿਰਾ ਨੇ ਨਵੀਂ ਪਾਰਟੀ ਬਣਾਉਣ ਦੀ ਚਾਹ ਨੂੰ ਲੈ ਕੇ ਇਹ ਇਨਸਾਫ਼ ਮਾਰਚ ਕੱਢਿਆ ਸੀ ਪਰ ਇਸ ਇਨਸਾਫ ਮਾਰਚ ਦਾ ਅੰਤ ਹੁੰਦਿਆਂ ਹੁੰਦਿਆਂ ਇਸ ਨਾਲੋਂ ਖਹਿਰਾ ਦੇ ਸਾਥੀ ਦੂਰ ਹੁੰਦੇ ਚਲੇ ਗਏ। ਜਿਹੜੇ ਲੋਕਾਂ ਨੇ ਇਸ ਇਨਸਾਫ ਮਾਰਚ ਤੋਂ ਦੂਰੀ ਬਣਾਈ ਹੈ ਉਨ੍ਹਾਂ ਵਿੱਚ ਗੜ੍ਹਸ਼ੰਕਰ ਦੇ ਉਹ ਵਿਧਾਇਕ ਜੈ ਕਿਸ਼ਨ ਰੋੜੀ ਵੀ ਹਨ ਜਿਹੜੇ ਪਹਿਲਾਂ ਕੇਜਰੀਵਾਲ ਦਾ ਸਾਥ ਛੱਡ ਕੇ ਖਹਿਰਾ ਨਾਲ ਆਏ ਤੇ ਫਿਰ ਵਾਪਸ ਚਲੇ ਗਏ ਸਨ ਤੇ ਹੁਣ ਉਹ ਫਿਰ ਇਹ ਤਰਕ ਦੇ ਕੇ ਇਸ ਇਨਸਾਫ਼ ਮਾਰਚ ਤੋਂ ਦੂਰ ਹੋ ਗਏ ਹਨ ਕਿ ਗੜ੍ਹਸ਼ੰਕਰ ਉਸ ਜਗ੍ਹਾ ਤੋਂ ਦੂਰ ਹੈ ਜਿੱਥੇ ਇਹ ਇਨਸਾਫ਼ ਮਾਰਚ ਕੱਢਿਆ ਜਾ ਰਿਹਾ ਹੈ ਜਦਕਿ ਇਹੋ ਜੈ ਕਿਸ਼ਨ ਰੋੜੀ ਬਠਿੰਡਾ ਕਨਵੈਨਸ਼ਨ ਵਿੱਚ ਹੁਮ-ਹੁਮਾ ਕੇ ਆਪਣੀ ਹਾਜ਼ਰੀ ਲਵਾ ਚੁੱਕੇ ਹਨ, ਪਰ ਇੱਥੇ ਉਹ ਇੱਕ ਵਾਰ ਵੀ ਨਹੀਂ ਪਹੁੰਚੇ। ਇਸ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਸਣੇ ਡਾ. ਗਾਂਧੀ ਤੇ ਕੰਵਰ ਸੰਧੂ ਨੇ ਇਸ ਇਨਸਾਫ ਮਾਰਚ ਦੀ ਸ਼ੁਰੂਆਤ ਵਿੱਚ ਤਾਂ ਹਾਜ਼ਰੀ ਲਵਾਈ ਪਰ ਬਾਅਦ ਵਿੱਚ ਇਹ ਲੋਕ ਵੀ ਇੱਕ-ਇੱਕ ਕਰਕੇ ਆਪੋ ਆਪਣੇ ਕੰਮਾਂ ਵਿੱਚ ਮਸਤ ਹੋ ਗਏ। ਅੱਜ ਹਾਲਤ ਇਹ ਹੈ ਕਿ ਠੰਢ ਤੇ ਬਰਸਾਤ ਦੇ ਮੌਸਮ ਵਿੱਚ ਤਲਵੰਡੀ ਸਾਬੋ ਤੋਂ ਪਟਿਆਲਾ ਦੀਆਂ ਸੜਕਾਂ ਤੇ ਕੱਚੇ ਨੀਲੇ ਰੰਗ ਦੇ ਗਿੱਲੇ ਹੋ ਚੁੱਕੇ ‘ਪੰਜਾਬੀ ਏਕਤਾ’ ਲਿਖੇ ਝੰਡੇ ਚੁੱਕੀ ਫਿਰਦੇ ਖਹਿਰਾ ਜਦੋਂ ਰਸਤੇ ਵਿੱਚ ਪੈਂਦੇ ਪਿੰਡਾਂ ਕਸਬਿਆਂ ਵਿੱਚ ਪਹੁੰਚਦੇ ਹਨ ਤਾਂ ਉੱਥੇ ਲੋਕ ਦਬੀ ਜ਼ਬਾਨ ਵਿੱਚ ਚੁਗਲੀਆਂ ਕਰਨ ਲੱਗ ਪੈਂਦੇ ਹਨ ਕਿ ਪਹਿਲਾਂ ਆਪ ਤਾਂ ਇਕੱਠੇ ਹੋ ਜਾਓ ਫਿਰ ਪੰਜਾਬ ਨੂੰ ਇਕੱਠੇ ਕਰਨਾ। ਮਤਲਬ ਭੀੜ ਬਹੁਤ ਘੱਟ ਇਕੱਠੀ ਹੋ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ।

ਅਜਿਹਾ ਕਿਉਂ ਹੋ ਰਿਹਾ ਹੈ? ਆਖਰ ਐਸਾ ਕੀ ਹੋਇਆ ਕਿ ਨਾ ਸਿਰਫ਼ ਸੁਖਪਾਲ ਖਹਿਰਾ ਦੇ ਸਾਥੀ ਉਸਦਾ ਸਾਥ ਛੱਡਦੇ ਜਾ ਰਹੇ ਹਨ ਬਲਕਿ ਲੋਕਾਂ ਦਾ ਮੋਹ ਵੀ ਕਿਤੇ ਨਾ ਕਿਤੇ ਖਹਿਰਾ ਤੋਂ ਭੰਗ ਹੁੰਦਾ ਦਿਖਾਈ ਦੇ ਰਿਹਾ ਹੈ। ਵਿਸ਼ਲੇਸ਼ਕ ਇਸਦਾ ਜਵਾਬ ਦਿੰਦੇ ਹਨ ਕਿ ਸ਼ਾਇਦ ਖਹਿਰਾ ਨੂੰ ਡੂੰਘੀ ਸਿਆਸੀ ਚਾਲ ਨਾਲ ਮਾਤ ਦਿੱਤੀ ਗਈ ਹੈ ਕਿਉਂਕਿ ਜੇਕਰ ਪਿਛਲੇ ਦਿਨੀਂ ਖਹਿਰਾ ਦੀ ਚੜ੍ਹਤ ਦਾ ਰਾਜ਼ ਦੇਖਿਏ ਤਾਂ ਉਸਦਾ ਆਧਾਰ ਕਿਤੇ ਨਾ ਕਿਤੇ ਬਰਗਾੜੀ ਮੋਰਚੇ ਨਾਲ ਜੁੜਨਾ ਮੰਨਿਆ ਜਾ ਰਿਹਾ ਸੀ। ਅੱਜ ਹਾਲਾਤ ਇਹ ਹਨ ਕਿ ਬਰਗਾੜੀ ਮੋਰਚਾ ਪਤਾ ਨਹੀਂ ਕਿਹੜੀ ਹਫੜਾ ਦਫੜੀ ਵਿੱਚ ਆਪਣੇ ਟੈਂਟ ਇਕੱਠੇ ਕਰਕੇ ਲਾਂਭੇ ਹੋ ਗਿਆ ਤੇ ਹੁਣ ਆਪਸ ਵਿਚ ਹੀ ਤੋਹਮਤੋ-ਤੋਹਮਤੀ ਹੋਇਆ ਪਿਆ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਸੱਦ ਲਿਆ ਹੈ। ਇਨ੍ਹਾਂ ਘਟਨਾਵਾਂ ਨੇ ਨਾ ਸਿਰਫ਼ ਖਹਿਰਾ ਦੇ ਕਈ ਸਾਥੀਆਂ ਸਣੇ ਹੋਰ ਆਗੂਆਂ ਨੂੰ ਆਪਣੇ ਵੱਲ ਖਿੱਚਿਆ ਹੈ ਬਲਕਿ ਮੀਡੀਆ ਵੀ ਇਨ੍ਹਾਂ ਘਟਨਾਵਾਂ ਨੂੰ ਹੀ ਕਵਰੇਜ ਦੇਣ ਲਈ ਤਰਜੀਹ ਦੇ ਰਿਹਾ ਹੈ। ਅਜਿਹੇ ਵਿੱਚ ਇਸ ਤਰਕ ਨੂੰ ਮੰਨਣ ਨੂੰ ਜੀਅ ਕਰਦਾ ਹੈ ਕਿ ਖਹਿਰਾ ਦਾ ਇਨਸਾਫ ਮੋਰਚਾ ਸਿਆਸਤ ਦਾ ਸ਼ਿਕਾਰ ਹੋ ਗਿਆ ਹੈ। ਪਰ ਅਜੇ ਵੀ ਇਸ ਇਨਸਾਫ ਮੋਰਚੇ ਦੇ ਖਤਮ ਹੋਣ ਵਿੱਚ ਦੋ ਦਿਨ ਬਾਕੀ ਹਨ ਤੇ ਇਸਦਾ ਕੀ ਨਤੀਜਾ ਨਿਕਲੇਗਾ ਇਹ ਐਲਾਨ ਕਰਨਾ ਅਜੇ ਥੋੜ੍ਹਾ ਜਲਦਬਾਜੀ ਹੋਵੇਗਾ। ਹਾਂ ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਇਸ ਅੱਠ ਦਿਨਾਂ ਦੇ ਇਨਸਾਫ ਮਾਰਚ ਨੇ ਸੁਖਪਾਲ ਖਹਿਰਾ ਨੂੰ ਕਈ ਸਬਕ ਜਰੂਰ ਦਿੱਤੇ ਹੋਣਗੇ ਤੇ ਉਹ ਇਨ੍ਹਾਂ ਸਬਕਾਂ ਦੀ ਛਾਂ ਵਿੱਚ ਬੈਠ ਕੇ ਇਹ ਜਰੂਰ ਸੋਚਣਗੇ ਕਿ ਉਨ੍ਹਾਂ ਨੇ ਤਿੰਨ ਸਾਲ ਦੀ ਬਾਕੀ ਰਹਿੰਦੀ ਵਿਧਾਇਕੀ ਛੱਡ ਕੇ ਨਵੀਂ ਪਾਰਟੀ ਬਣਾਉਣੀ ਹੈ ਜਾਂ ਨਹੀਂ। ਕਿਉਂਕਿ ਸੋਸ਼ਲ ਮੀਡੀਆ ਤੇ ਬੈਠ ਕੇ ‘ਸੁਖਪਾਲ ਖਹਿਰਾ ਜ਼ਿੰਦਾਬਾਦ’ ਕਰਨਾ ਬਹੁਤ ਸੌਖਾ ਹੈ, ਸੱਚ ਦਾ ਸਾਹਮਣਾ ਕਰਾਉਂਦੇ ਪੱਤਰਕਾਰਾਂ ਨੂੰ ਭੱਦੀ ਸ਼ਬਦਾਵਲੀ ਵਿੱਚ ਬੇਇੱਜ਼ਤ ਕਰਨਾ ਸੌਖਾ ਹੈ, ਪਰ ਠੰਢ ਅਤੇ ਬਰਸਾਤ ਵਿੱਚ ਗਿੱਲੇ ਝੰਡੇ ਚੁੱਕ ਕੇ ਸੜਕਾਂ ’ਤੇ ਤੁਰਨਾ ਬੜਾ ਔਖਾ। ਕਿਉਂਕਿ ਸਿਆਸਤ ਕਹਿੰਦੀ ਹੈ ਕਿ ਹੱਕ ਗੱਲਾਂ ਨਾਲ ਨਹੀਂ ਬਾਹਵਾਂ ਦੇ ਜ਼ੋਰ ਨਾਲ ਲਏ ਜਾਂਦੇ ਹਨ ਤੇ ਇਹ ਜ਼ੋਰ ਹੁਣ ਕਿੰਨਾ ਕੁ ਰਹਿ ਗਿਆ ਹੈ ਇਹ ਗੁਬਾਰੇ ’ਚੋਂ ਨਿਕਲਦੀ ਫੂਕ ਸਾਫ਼ ਦੱਸ ਰਹੀ ਹੈ।

Facebook Comments
Facebook Comment