• 5:05 am
Go Back
chief khalsa diwan

ਅੰਮ੍ਰਿਤਸਰ: ਸਿੱਖੀ ਦੇ ਪ੍ਰਚਾਰ-ਪਸਾਰ ਲਈ ਬਣੀ ਸੰਸਥਾ ਚੀਫ ਖਾਲਸਾ ਦੀਵਾਨ, ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਵਿਵਾਦਾਂ ਚ ਘਿਰੀ ਹੋਈ ਹੈ। ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਅਦਾਲਤ ਵੱਲੋਂ ਜੇਲ੍ਹ ਭੇਜੇ ਜਾਣ ਤੋਂ ਬਾਅਦ, ਹੁਣ ਸੰਸਥਾ ਦੇ ਕੰਮ ਕਾਜ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਚੁਣੇ ਗਏ ਤਿੰਨ ਮੈਂਬਰਾਂ ਦੀ ਮੈਂਬਰੀ ਵੀ ਵਿਵਾਦਾਂ ‘ਚ ਘਿਰ ਗਈ ਹੈ। ਦੱਸ ਦੇਈਏ ਕਿ ਹਰਭਜਨ ਸਿੰਘ, ਭਾਗ ਸਿੰਘ ਅਣਖੀ ਅਤੇ ਅਵਤਾਰ ਸਿੰਘ ਆਪਣੀ ਮੈਂਬਰੀ ਸ਼ੁਰੂ ਕਰਨ ਲਈ ਦੀਵਾਨ ‘ਚ ਆਏ ਸਨ, ਪਰ ਦੀਵਾਨ ਦੇ ਦੂਜੇ ਮੈਂਬਰਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਤਿੰਨਾਂ ਦੀ ਨਿਯੁਕਤੀ ਨੂੰ ਗੈਰ-ਸੰਵਿਧਾਨਕ ਦੱਸਿਆ। ਉਧਰ ਸੰਸਥਾ ਦੇ ਕਾਰਜ਼ਕਾਰੀ ਪ੍ਰਧਾਨ ਮੁਤਾਬਕ ਇਨ੍ਹਾਂ ਤਿੰਨਾਂ ਮੈਂਬਰਾਂ ਨੂੰ ਮਤੇ ਤਹਿਤ ਦੀਵਾਨ ‘ਚ ਸ਼ਾਮਿਲ ਕੀਤਾ ਗਿਆ ਹੈ। ਪਰ ਵਿਰੋਧੀ ਧੜੇ ਨੇ ਨਵੇਂ ਮੈਂਬਰਾਂ ਦੀ ਦੀਵਾਨ ‘ਚ ਸ਼ਾਮਿਲ ਕਰਨ ਵਾਲੀ ਪ੍ਰੀਕਿਰਿਆ ਨੂੰ, ਗਲਤ ਕਰਾਰ ਦਿੰਦਿਆਂ ਸਿਰੇ ਤੋਂ ਨਕਾਰ ਦਿੱਤਾ। ਇੱਧਰ ਨਵੇਂ ਮੈਂਬਰ ਭਾਗ ਸਿੰਘ ਅਣਖੀ ਮੁਤਾਬਕ ਉਹ ਇਸ ਦੇ ਬਾਵਜੂਦ ਦੀਵਾਨ ਅਤੇ ਇਸ ਦੇ ਸਾਰੇ ਮੈਂਬਰਾਂ ਦਾ ਸਤਿਕਾਰ ਕਰਦੇ ਹਨ।
ਪਹਿਲਾਂ ਦੀਵਾਨ ਦੇ ਮੁਖੀ ਚਰਨਜੀਤ ਚੱਢਾ ਦਾ ਅਸ਼ਲੀਲ ਵੀਡੀਓ ਮਾਮਲੇ ‘ਚ ਫਸਣਾ, ਫਿਰ ਨਵੇਂ ਮੁੱਖੀ ਡਾ. ਸੰਤੋਖ ਸਿੰਘ ਦਾ ਜ਼ਮੀਨ ਘੁਟਾਲਾ ਮਾਮਲੇ ਵਿੱਚ ਜੇਲ੍ਹ ਜਾਣਾ ਅਤੇ ਹੁਣ ਮੈਂਬਰੀ ਨੂੰ ਲੈ ਕੇ ਖੜਾ ਹੋਇਆ ਆਪਸੀ ਵਿਵਾਦ ਚੀਫ ਖਾਲਸਾ ਦੀਵਾਨ ਦੀ ਸਥਿਤੀ ਨੂੰ ਸਮਾਜ ‘ਚ ਹਾਸੋਹੀਣਾ ਬਣਾ ਰਿਹਾ ਹੈ। ਲੋੜ ਹੈ ਇਸ ਮਾਣਮਤੀ ਦੀ ਸੰਸਥਾ ਦੀ ਸਾਖ ਨੂੰ ਬਚਾਉਣ ਲਈ ਸਾਫ ਅਕਸ ਵਾਲੇ ਲੋਕਾਂ ਹੱਥ ਇਸਦੀ ਕਮਾਨ ਸੌਂਪਣ ਦੀ ਨਹੀਂ ਤਾਂ ਲਗਾਤਾਰ ਡਿੱਗ ਰਹੇ ਚੀਫ ਖਾਲਸਾ ਦੀਵਾਨ ਦੇ ਮਿਆਰ ਕਾਰਨ ਇਸਨੂੰ ਗੁੰਮਨਾਮੀ ਦੇ ਹਨੇਰੇ ‘ਚ ਜਾਣੋ ਕੋਈ ਨਹੀਂ ਰੋਕ ਸਕੇਗਾ।

Facebook Comments
Facebook Comment