ਕੈਪਟਨ-ਸਿੱਧੂ ਵਿਵਾਦ ਖਤਮ? ਸਿੱਧੂ ਸੰਭਾਲਣਗੇ ਬਿਜਲੀ ਮਹਿਕਮੇਂ ਦਾ ਚਾਰਜ, ਦਫਤਰ ਦੇ ਬਾਹਰ ਲੱਗੀ ਨੇਮ ਪਲੇਟ

TeamGlobalPunjab
5 Min Read

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਪੈਦਾ ਹੋਇਆ ਵਿਵਾਦ ਬਹੁਤ ਜਲਦ ਖਤਮ ਹੋਣ ਤੋਂ ਬਾਅਦ ਸਿੱਧੂ ਪੰਜਾਬ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਵਿਭਾਗ ਦਾ ਚਾਰਜ ਸੰਭਾਲਣ ਜਾ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬ ਬਿਜਲੀ ਮਹਿਕਮੇਂ ਦੇ ਚੰਡੀਗੜ੍ਹ ਸਕੱਤਰੇਤ ਸਥਿਤ ਦਫਤਰ ਵਿਖੇ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਂ ਵਾਲੀ ਪਲੇਟ ਵੀ ਲੱਗ ਚੁਕੀ ਹੈ। ਹੁਣ ਸਿਰਫ ਕਸਰ ਹੈ ਤਾਂ ਸਿੱਧੂ ਵੱਲੋਂ ਆ ਕੇ ਚਾਰਜ ਸੰਭਾਲਣ ਵਾਲੇ ਰਜਿਸ਼ਟਰ ਉੱਤੇ ਹਸਤਾਖਰ ਕਰਨ ਦੀ, ਜਿਸ ਤੋਂ ਬਾਅਦ ਉਨ੍ਹਾਂ ਵਿਰੋਧੀਆਂ ਦੇ ਮੂੰਹ ‘ਤੇ ਚੇਪੀ ਲੱਗਣ ਦੀ ਉਮੀਦ ਹੈ ਜਿਹੜੇ ਕੈਪਟਨ-ਸਿੱਧੂ ਵਿਵਾਦ ਵਿੱਚ ਦੂਜੇ ਦੇ ਫਟੇ ਵਿੱਚ ਆਪਣੀ ਲੱਤ ਫਸਾਉਣ ਵਾਲੀ ਕਹਾਵਤ ਵਾਂਗ ਨਿੱਤ ਦਿਨ ਇਸ ਮੁੱਦੇ ‘ਤੇ ਬਿਆਂਨ ਦਾਗਦੇ ਰਹਿੰਦੇ ਹਨ।

Read it :ਬਿਜਲੀ ਮਹਿਕਮਾਂ ਸੰਭਾਲਣ ਨੂੰ ਤਿਆਰ ਹੋਏ ਨਵਜੋਤ ਸਿੱਧੂ, ਸ਼ਰਤ ਸੁਣ ਕੇ ਕਈਆਂ ਨੂੰ ਪਈਆਂ ਭਾਜੜਾਂ

ਨਵਜੋਤ ਸਿੰਘ ਸਿੱਧੂ ਇਸ ਮਹਿਕਮੇਂ ਦਾ ਚਾਰਜ ਕਿੰਝ ‘ਤੇ ਕਦੋਂ ਸੰਭਾਲਣ ਜਾ ਰਹੇ ਹਨ ਇਸ ਗੱਲ ਦੀ ਤਾਂ ਅਜੇ ਅਧਿਕਾਰਿਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ, ਪਰ ਸੂਤਰਾਂ ਅਨੁਸਾਰ ਕਿਸੇ ਵੀ ਵਿਅਕਤੀ ਦੀ ਨਾਂ ਦੀ ਪਲੇਟ ਉਸ ਦੇ ਕਮਰੇ ਦੇ ਬਾਹਰ ਉਦੋਂ ਲਗਦੀ ਹੈ ਜਦੋਂ ਨਾਂ ਵਾਲੀ ਪਲੇਟ ਦੇ ਵਿਅਕਤੀ ਵੱਲੋਂ ਆਪਣਾ ਆਹੁਦਾ ਸੰਭਾਲਣਾ ਹੁੰਦਾ ਹੈ। ਦੱਸ ਦਈਏ ਕਿ ਕੈਪਟਨ-ਸਿੱਧੂ ਦਾ ਇਹ ਵਿਵਾਦ ਉਸ ਵੇਲੇ ਪੈਦਾ ਹੋਇਆ ਸੀ ਜਦੋਂ ਸਿੱਧੂ ਨੇ ਲੋਕ ਸਭਾ ਚੋਣਾ ਦੌਰਾਨ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਬਠਿੰਡਾ ਰੈਲੀ ਦੌਰਾਨ ਭਾਸ਼ਣ ਦਿੰਦਿਆਂ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ 75-25 ਭਾਈਵਾਲ ਅਤੇ ਉਨ੍ਹਾਂ ਲੋਕਾਂ ਨੂੰ ਠੋਕ ਦਿਓ ਜਿਨ੍ਹਾਂ ਨੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਭਾਵੇਂ ਕਿ ਸਿੱਧੂ ਨੇ ਇਸ ਭਾਸ਼ਣ ਦੌਰਾਨ ਕਿਧਰੇ ਵੀ ਕੈਪਟਨ ਅਮਰਿੰਦਰ ਸਿੰਘ ਜਾਂ ਉਨ੍ਹਾਂ ਦੇ ਵਜ਼ੀਰਾਂ ਦਾ ਕਿਤੇ ਵੀ ਨਾਂ ਨਹੀਂ ਲਿਆ, ਪਰ ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਕਿਹੜੀ ਗੱਲੋਂ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਸਿੱਧੂ ਦੇ ਸਥਾਨਕ ਸਰਕਾਰਾਂ ਦੀ ਮਾੜੀ ਕਾਰਗੁਜਾਰੀ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਸਿੱਧੂ ਦੇ ਮਹਿਕਮੇਂ ਦੀ ਕਾਰਗੁਜਾਰੀ ਸ਼ਹਿਰਾਂ ਵਿੱਚ ਸਹੀ ਨਹੀਂ ਰਹੀ ਹੈ, ਇਸੇ ਲਈ ਪੰਜਾਬ ਵਿੱਚ ਸ਼ਹਿਰਾਂ ਅੰਦਰ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ। ਇਸ ਤੋਂ ਬਾਅਦ ਸਿੱਧੂ ਨੇ ਪੱਤਰਕਾਰ ਸੰਮੇਲਨ ਕਰਕੇ ਸਬੂਤਾਂ ਤੇ ਤੱਥਾਂ ਸਣੇ ਇਹ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਕੈਪਟਨ ਵੱਲੋਂ ਲਾਏ ਗਏ ਦੋਸ਼ ਗਲਤ ਹਨ, ਪਰ ਨਾ ਤਾਂ ਕੈਪਟਨ ਨੇ ਉਸ ਤੋਂ ਬਾਅਦ ਸਿੱਧੂ ਦੇ ਕਿਸੇ ਬਿਆਨ ਦਾ ਕੋਈ ਜਵਾਬ ਦਿੱਤਾ ਤੇ ਨਾ ਹੀ ਸਿੱਧੂ ਦੀ ਕੋਈ ਦਲੀਲ ਅਪੀਲ ਸੁਣੀ ਤੇ ਇੱਕ ਝਟਕੇ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਮੁੱਖ ਮੰਤਰੀ ਨੇ ਬਿਜਲੀ ਮਹਿਕਮਾਂ ਦੇ ਦਿੱਤਾ। ਬੱਸ ਉਦੋਂ ਤੋਂ ਹੀ ਇਹ ਰੇੜ੍ਹਕਾ ਚੱਲਿਆ ਆ ਰਿਹਾ ਸੀ। ਜਿਸ ਦੀ ਹੁਣ ਖਤਮ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਅਜਿਹਾ  ਦਾਅਵਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਵੀ ਆਈ ਸੀ ਕਿ ਨਵਜੋਤ ਸਿੰਘ ਸਿੱਧੂ ਨੇ 3 ਹਫਤਿਆਂ ਤੋਂ ਵੱਧ ਸਮੇਂ ਤੋਂ ਚੱਲੇ ਆ ਰਹੇ ਇਸ ਰੇੜ੍ਹਕੇ ਨੂੰ ਖਤਮ ਕਰਨ ਲਈ ਜਿਹੜਾ ਫਾਰਮੂਲਾ ਕਾਂਗਰਸ ਹਾਈ ਕਮਾਂਡ ਨੂੰ ਦਿੱਤਾ ਸੀ ਉਸ ਵਿੱਚ ਸਿੱਧੂ ਨੇ ਮੰਗ ਕੀਤੀ ਸੀ ਕਿ ਜਿਨ੍ਹਾਂ ਦੋਸ਼ਾਂ ਤਹਿਤ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਮਹਿਕਮਾਂ ਵਾਪਸ ਲਿਆ ਗਿਆ ਸੀ, ਉਨ੍ਹਾਂ ਹੀ ਦੋਸ਼ਾਂ ਤਹਿਤ ਕੈਪਟਨ ਵਜ਼ਾਰਤ ਦੇ ਬਾਕੀ ਮੰਤਰੀਆਂ ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਰੇ ਵਜ਼ੀਰਾਂ ਦੇ ਨਾਲ ਇੱਕੋ ਜਿਹਾ ਵਿਹਾਰ ਹੋਵੇ। ਸੂਤਰਾਂ ਦਸਦੇ ਹਨ ਕਿ ਸਿੱਧੂ ਅਨੁਸਾਰ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਖੁਸ਼ੀ ਖੁਸ਼ੀ ਆਪਣੇ ਮਹਿਕਮੇਂ ਦਾ ਕਾਰਜਭਾਰ ਸੰਭਾਲਣ ਲਈ ਤਿਆਰ ਹਨ। ਇਸ ਉਪਰੰਤ ਸਿੱਧੂ ਦੀ ਇਹ ਸ਼ਰਤ ਸੁਣ ਕੇ ਸੂਬੇ ਦੇ ਕਈ ਮੰਤਰੀਆਂ ਨੂੰ ਇਹ ਸੋਚ ਕੇ ਭਾਜੜਾਂ ਪੈ ਗਈਆਂ ਸਨ ਕਿ ਕਿਤੇ ਇਹ ਸ਼ਰਤ ਮੰਨੀ ਗਈ ਤਾਂ ਉਨ੍ਹਾਂ ਦਾ ਮਹਿਕਮਾਂ ਹੱਥੋਂ ਜਾਣਾ ਤੈਅ ਹੈ। ਹੁਣ ਨਵਜੋਤ ਸਿੰਘ ਸਿੱਧੂ ਦੇ ਨਾਂ ਦੀ ਤਖਤੀ ਉਨ੍ਹਾਂ ਦੇ ਮਹਿਕਮੇਂ ਦੇ ਦਫਤਰ ਦੇ ਬਾਹਰ ਲੱਗ ਚੁਕੀ ਹੈ ਤੇ ਚਰਚਾ ਉਨ੍ਹਾਂ ਵੱਲੋਂ ਕਿਸੇ ਵੇਲੇ ਵੀ ਚਾਰਜ ਸੰਭਾਲਣ ਦੀ ਉਠ ਖੜ੍ਹੀ ਹੋਈ ਹੈ। ਹੁਣ ਸਵਾਲ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਬਿਜਲੀ ਮਹਿਕਮੇਂ ਦਾ ਚਾਰਜ ਸੰਭਾਲਦੇ ਹਨ ਤਾਂ ਕੀ ਸਿੱਧੂ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਮਨਜੂਰ ਕਰ ਲਈਆਂ ਗਈਆਂ ਹਨ ਤੇ ਜੇਕਰ ਮਨਜੂਰ ਕਰ ਲਈਆਂ ਗਈਆਂ ਹਨ ਤਾਂ ਉਹ ਕੌਣ ਮੰਤਰੀ ਹੋਣਗੇ ਜਿਨ੍ਹਾਂ ‘ਤੇ ਸਿੱਧੂ ਦੇ ਫਾਰਮੂਲੇ ਦੀ ਗਾਜ਼ ਗਿਰਨ ਜਾ ਰਹੀ ਹੈ।

- Advertisement -

 

Share this Article
Leave a comment