ਵਿਜ਼ੀਟਰ ਵੀਜ਼ੇ ਦੀ ਦੁਰਵਰਤੋਂ ਰੋਕਣ ਲਈ ਕੈਨੇਡਾ ਤੋਂ ਬੇਰੰਗ ਮੋੜਨ ਵਾਲੇ ਪੰਜਾਬੀਆਂ ਦੀ ਗਿਣਤੀ ‘ਚ ਹੋਇਆ ਵਾਧਾ

Prabhjot Kaur
2 Min Read

ਵਿਜ਼ੀਟਰ ਵੀਜ਼ੇ ਦੀ ਹੋ ਰਹੀ ਦੁਰਵਰਤੋਂ ਰੋਕਣ ਲਈ ਕੈਨੇਡਾ ਤੋਂ ਬੇਰੰਗ ਮੋੜਨ ਵਾਲੇ ਪੰਜਾਬੀਆਂ ਦੀ ਗਿਣਤੀ ਕਾਫੀ ਵਧ ਗਈ ਹੈ। ਭੋਰਾ ਕੁ ਸ਼ੱਕ ਹੋਣ ‘ਤੇ ਕੈਨੇਡਾ ਦੀ ਬਾਰਡਰ ਏਜੰਸੀ ਦੇ ਅਧਿਕਾਰੀ ਸੈਲਾਨੀ ਵੀਜ਼ਾ ਧਾਰਕਾਂ ਨੂੰ ਹਵਾਈ ਅੱਡੇ ਤੋਂ ਝਟਪਟ ਵਾਪਸ ਭੇਜ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਮਾਮਲਿਆਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।

ਕੈਨੇਡੀਅਨ ਬਾਰਡਰ ਸਰਵਿਸ ਦੇ ਅਧਿਕਾਰੀ ਹਵਾਈ ਅੱਡੇ ‘ਤੇ ਉਨ੍ਹਾਂ ਦੇ ਦੇਸ਼ ਵਿੱਚ ਦਾਖ਼ਲ ਹੋਣ ਵੇਲੇ ਸੈਲਾਨੀਆਂ ਨੂੰ ਉਨ੍ਹਾਂ ਦੀ ਆਮਦ ਦੇ ਮਕਸਦ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਇਸ ਦੌਰਾਨ ਜੋ ਵਿਅਕਤੀ ਵਾਜਬ ਜਵਾਬ ਨਹੀਂ ਦੇ ਪਾ ਰਹੇ ਤਾਂ ਉਨ੍ਹਾਂ ਨੂੰ ਹਵਾਈ ਅੱਡਿਆਂ ਤੋਂ ਹੀ ਵਾਪਸ ਭਾਰਤ ਮੋੜਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਸਟੱਡੀ ਵੀਜ਼ਾ ‘ਤੇ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ‘ਤੇ ਵੀ ਸਖ਼ਤੀ ਵਰਤੀ ਜਾਣ ਲੱਗੀ ਹੈ। ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਉਣ ਵਾਲਿਆਂ ਦਾ ਅੰਗ੍ਰੇਜ਼ੀ ਭਾਸ਼ਾ ‘ਤੇ ਪਕੜ ਵੀ ਪਰਖੀ ਜਾ ਰਹੀ ਹੈ।

ਹਾਲਾਂਕਿ, ਬਾਰਡਰ ਏਜੰਸੀ ਇਸ ਸਬੰਧੀ ਕੋਈ ਅੰਕੜੇ ਜਾਰੀ ਨਹੀਂ ਕਰ ਰਹੀ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਹੀ ਇੱਕੋ ਦਿਨ ‘ਚ ਅੱਠ ਪੰਜਾਬੀਆਂ ਨੂੰ ਵਾਪਸ ਭੇਜਣ ਦਾ ਪ੍ਰਚਾਰ ਹੋ ਰਿਹਾ ਹੈ, ਪਰ ਇਹ ਅੰਕੜੇ ਕੈਨੇਡਾ ਵੱਲੋਂ ਜਾਰੀ ਨਹੀਂ ਕੀਤੀ ਗਏ। ਜ਼ਿਆਦਾਤਰ ਲੋਕਾਂ ਨੂੰ 10 ਸਾਲਾਂ ਲਈ ਵੀ-1 ਵੀਜ਼ਾ ਮਿਲ ਜਾਂਦਾ ਹੈ, ਜਿਸ ਤਹਿਤ ਵੀਜ਼ਾ ਧਾਰਕ ਇੱਕ ਵਾਰ ‘ਚ ਲਗਾਤਾਰ ਛੇ ਮਹੀਨੇ ਕੈਨੇਡਾ ‘ਚ ਰਹਿ ਸਕਦਾ ਹੈ। ਪਰ ਬਾਰਡਰ ਏਜੰਸੀ ਹੁਣ ਛੇ ਮਹੀਨੇ ਦੀ ਥਾਂ ਕੁਝ ਦਿਨਾਂ ਜਾਂ ਮਹੀਨੇ-ਦੋ ਮਹੀਨੇ ਦਾ ਦਾਖ਼ਲਾ ਹੀ ਦੇ ਰਹੀ ਹੈ। ਪਹਿਲੀ ਵਾਰ ਪੰਜ ਮਹੀਨੇ ਜਾਂ ਵੱਧ ਰਹਿ ਕੇ ਮੁੜਨ ਵਾਲੇ ਸੈਲਾਨੀਆਂ ਨੂੰ ਦੂਜੀ ਵਾਰ ਦਾਖ਼ਲਾ ਲੈਣਾ ਵੀ ਹੁਣ ਸੁਖਾਲਾ ਨਹੀਂ ਰਹਿ ਗਿਆ।

Share this Article
Leave a comment