• 6:24 pm
Go Back

ਅੰਮ੍ਰਿਤਸਰ : 1 ਜੂਨ 2018 ਤੋਂ ਸ਼ੁਰੂ ਹੋ ਕੇ 9 ਦਸੰਬਰ 2018 ਤੱਕ 6 ਮਹੀਨੇ ਤੋਂ ਵੱਧ ਸਮਾਂ ਸ਼ਾਂਤਮਈ ਢੰਗ ਨਾਲ ਚੱਲੇ ਬਰਗਾੜੀ ਮੋਰਚੇ ਦਾ ਅੰਤ ਇੰਨਾ ਵਿਵਾਦਾਂ ਭਰਿਆ ਹੋਵੇਗਾ ਇਹ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਸੀ। ਪਰ ਇਹ ਸੱਚ ਹੈ ਤੇ ਇਸ ਨਾਲ ਜੁੜੇ ਵਿਵਾਦ ਵੱਖ-ਵੱਖ ਬਿਆਨਾਂ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਜਿੱਥੇ ਇੱਕ ਪਾਸੇ ਇਸ ਮੋਰਚੇ ਦੀ ਸਮਾਪਤੀ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕਰਨ ਮੌਕੇ ਇਸ ਮੋਰਚੇ ਦੇ ਦੂਜੇ ਪੜਾਅ ਦੀ ਰੂਪਰੇਖਾ ਉਲੀਕਣ ਲਈ 20 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਸੱਦ ਲਏ ਜਾਣ ਦਾ ਐਲਾਨ ਕੀਤਾ, ਉੱਥੇ ਦੂਜੇ ਪਾਸੇ ਇਸ ਮੋਰਚੇ ਵਿੱਚ ਭਾਈ ਮੰਡ ਦੇ ਭਾਈਵਾਲ ਰਹੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਫੈਸਲੇ ਨੂੰ ਭਾਈ ਮੰਡ ਵਲੋਂ ਆਪੇ ਲਿਆ ਗਿਆ ਨਾਦਰਸ਼ਾਹੀ ਫੈਸਲਾ ਗਰਦਾਨ ਦਿੱਤਾ ਹੈ ਤੇ ਐਲਾਨ ਕੀਤਾ ਹੈ ਕਿ ਹੁਣ ਉਹ ਭਾਈ ਮੰਡ ਨਾਲ ਮਿਲ ਕੇ ਇਸ ਸੰਘਰਸ਼ ਵਿੱਚ ਅੱਗੇ ਸ਼ਾਮਿਲ ਨਹੀਂ ਹੋਣਗੇ।

ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਦਾ ਫੈਸਲਾ ਆਪਸੀ ਸਹਿਮਤੀ ਨਾਲ ਲਿਆ ਜਾਣਾ ਚਾਹੀਦਾ ਸੀ ਜੋ ਕਿ ਨਹੀਂ ਲਿਆ ਗਿਆ ਤੇ ਇਹ ਫੈਸਲਾ ਕਾਹਲੀ ਵਿੱਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਮੋਰਚਾ ਉਦੋਂ ਤੱਕ ਸਮਾਪਤ ਨਹੀਂ ਕਰਨਾ ਚਾਹੀਦਾ ਸੀ ਜਦੋਂ ਤੱਕ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੇ ਗੋਲੀਕਾਂਡ ਦੇ ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋ ਜਾਂਦੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੀ 20 ਦਸੰਬਰ ਨੂੰ ਭਾਈ ਮੰਡ ਵਲੋਂ ਬਰਗਾੜੀ ਮੋਰਚੇ ਦੇ ਦੂਜੇ ਪੜਾਅ ਦੀ ਰੂਪਰੇਖਾ ਉਲੀਕਣ ਲਈ ਫਤਿਹਗੜ੍ਹ ਸਾਹਿਬ ਵਿਖੇ ਸੱਦੀ ਗਈ ਮੀਟਿੰਗ ਵਿੱਚ ਸ਼ਾਮਿਲ ਹੋਣ ਸਬੰਧੀ ਉਹ ਮੁੜ ਵਿਚਾਰ ਕਰਨਗੇ।

ਇੱਧਰ ਦੂਜੇ ਪਾਸੇ ਭਾਈ ਧਿਆਨ ਸਿੰਘ ਮੰਡ ਇਹ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਹਨ ਕਿ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਭਾਈ ਜਗਤਾਰ ਸਿੰਘ ਹਵਾਰਾ ਨਾਲ ਇਸ ਮੋਰਚੇ ਦੀ ਸਮਾਪਤੀ ਨੂੰ ਲੈ ਕੇ ਉਨ੍ਹਾਂ ਦੇ ਕਿਸੇ ਤਰ੍ਹਾਂ ਦੇ ਵੀ ਕੋਈ ਮਤਭੇਦ ਹੋਏ ਹਨ। ਉਨ੍ਹਾਂ ਬਰਗਾੜੀ ਮੋਰਚੇ ਨੂੰ ਪੂਰੀ ਤਰ੍ਹਾਂ ਸਫਲ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਸ ਮੋਰਚੇ ਦਾ ਹੀ ਦਬਾਅ ਸੀ ਕਿ ਸਰਕਾਰ ਬਾਦਲਾਂ ਅਤੇ ਅਕਸ਼ੈ ਕੁਮਾਰ ਵਰਗੇ ਲੋਕਾਂ ਤੋਂ ਪੁਛਗਿੱਛ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੋਰਚਾ ਜਾਰੀ ਰਹੇਗਾ। ਇਸ ਤੋਂ ਇਲਾਵਾ ਇਸ ਮੋਰਚੇ ਵਿਚ ਭਾਈਵਾਲ ਤੀਜੇ ਮੁਤਵਾਜ਼ੀ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਭਾਈ ਦਾਦੂਵਾਲ ਵਾਂਗ ਹੀ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਮੋਰਚੇ ਦੀ ਸਮਾਪਤੀ ਸਬੰਧੀ ਲਏ ਗਏ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਸ ਮੋਰਚੇ ਤੋਂ ਵੱਖ ਹੋ ਚੁੱਕੇ ਹਨ ਕਿਉਂਕਿ ਜਦੋਂ ਮੋਰਚਾ ਸ਼ੁਰੂ ਕੀਤਾ ਗਿਆ ਸੀ ਤਾਂ ਕੁਝ ਦਿਨ ਬਾਅਦ ਹੀ ਪੰਜਾਬ ਸਰਕਾਰ ਦੇ ਮੰਤਰੀ ਉੱਥੇ ਗੱਲਬਾਤ ਕਰਨ ਲਈ ਆਏ ਸਨ ਪਰ ਭਾਈ ਮੰਡ ਨੇ ਇਹ ਮਾਮਲਾ ਜਾਣਬੁਝ ਕੇ ਲਟਕਾਈ ਰੱਖਿਆ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਜੇਕਰ ਕੁਝ ਸਿੱਖ ਬੰਦੀਆਂ ਦੀ ਰਿਹਾਈ ਹੋਣ ਜਾ ਰਹੀ ਹੈ ਤਾਂ ਉਸਦਾ ਸਿਹਰਾ ਸਿਰਫ਼ ਬਰਗਾੜੀ ਮੋਰਚੇ ਨੂੰ ਜਾਂਦਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੇ ਗੋਲੀਕਾਂਡ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਉਸ ਤੋਂ ਬਾਅਦ ਹਰਕਤ ਵਿੱਚ ਆਈ ਪੰਜਾਬ ਸਰਕਾਰ ਵਲੋਂ ਕਸੂਰਵਾਰਾਂ ਵਿਰੁੱਧ ਸਖਤੀ ਨਾਲ ਕਾਰਵਾਈ ਵੀ ਬਰਗਾੜੀ ਮੋਰਚੇ ਦੇ ਦਬਾਅ ਹੇਠ ਹੀ ਕੀਤੀ ਜਾ ਰਹੀ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਨ੍ਹਾਂ ਸਿੰਘਾਂ ਦੀ ਉਸ ਗੋਲੀਕਾਂਡ ਵਿੱਚ ਸ਼ਹਾਦਤ ਹੋਈ ਸੀ ਅਤੇ ਜਿਹੜੇ ਜ਼ਖਮੀ ਹੋਏ ਸਨ ਉਨ੍ਹਾਂ ਨੂੰ ਮੁਆਵਜ਼ੇ ਦਿੱਤੇ ਜਾਣ ਦਾ ਦਬਾਅ ਵੀ ਇਸੇ ਬਰਗਾੜੀ ਮੋਰਚੇ ਨੇ ਹੀ ਪਾਇਆ ਸੀ, ਪਰ ਇਸਦੇ ਬਾਵਜੂਦ ਵੀ ਇਸ ਮੋਰਚੇ ਨੂੰ ਅਜੇ ਪੂਰੀ ਤਰ੍ਹਾਂ ਕਾਮਯਾਬ ਨਹੀਂ ਮੰਨਿਆ ਜਾ ਰਿਹਾ ਸੀ ਕਿਉਂਕਿ ਦੁਨੀਆਂ ਭਰ ਦੀ ਸਿੱਖ ਸੰਗਤ ਜੋ ਕਿ ਇਸ ਮੋਰਚੇ ਨੂੰ ਸਮਰਥਨ ਦੇ ਰਹੀ ਸੀ ਉਸਦੀ ਇਹ ਪੁਰਜ਼ੋਰ ਮੰਗ ਸੀ ਕਿ ਇਨ੍ਹਾਂ ਮਾਮਲਿਆਂ ਵਿੱਚ ਬਾਦਲਾਂ ਤੋਂ ਇਲਾਵਾ ਡੀਜੀਪੀ ਸੁਮੇਧ ਸੈਣੀ ਅਤੇ ਉਨ੍ਹਾਂ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਵੇ ਜਿਹੜੇ ਉਸ ਵੇਲੇ ਵਾਪਰੇ ਗੋਲੀਕਾਂਡ ਲਈ ਜਿੰਮੇਵਾਰ ਸਨ। ਅਜਿਹੇ ਵਿੱਚ ਇਹ ਵੱਡੀ ਮੰਗ ਨਾ ਮੰਨੇ ਜਾਣ ਦੇ ਬਾਵਜੂਦ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਮੋਰਚੇ ਦੀ ਸਮਾਪਤੀ ਦਾ ਐਲਾਨ ਕੀਤੇ ਜਾਣਾ ਲੋਕਾਂ ਨੂੰ ਹਜ਼ਮ ਨਹੀਂ ਹੋਇਆ ਤੇ ਸਿੱਖ ਇਤਿਹਾਸ ਵਿੱਚ ਸਭ ਤੋਂ ਲੰਮਾ ਸਮਾਂ ਉਨ੍ਹਾਂ ਲੋਕਾਂ ਵਲੋਂ ਸ਼ਾਂਤਮਈ ਢੰਗ ਨਾਲ ਚਲਾਏ ਗਏ ਇਸ ਮੋਰਚੇ ਦਾ ਅੰਤ ਵਿਵਾਦਮਈ ਹੋ ਨਿਬੜਿਆ ਜਿਨ੍ਹਾਂ ਲੋਕਾਂ ਤੇ ਵਿਰੋਧੀਆਂ ਵਲੋਂ ਦੇਸ਼ਧ੍ਰੋਹੀ ਅਤੇ ਖਾੜਕੂ ਹੋਣ ਦੇ ਇਲਜ਼ਾਮ ਲਾਏ ਗਏ ਸਨ। ਅੰਤ ਵਿਚ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਦੁਨੀਆਂ ਭਰ ਵਿੱਚ ਰਹਿੰਦੀ ਸਿੱਖ ਸੰਗਤ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਇਹ ਸੋਚਣ ਤੇ ਮਜਬੂਰ ਹੋ ਗਈ ਹੈ ਕਿ ਕਿਸ ਤੇ ਵਿਸ਼ਵਾਸ ਕਰੀਏ ਤੇ ਕਿਸ ਤੇ ਨਾ।

Facebook Comments
Facebook Comment