• 10:51 am
Go Back

ਅੰਮ੍ਰਿਤਸਰ : ਬਾਲੀਵੁਡ ਅਦਾਕਾਰ ਕਪਿਲ ਸ਼ਰਮਾ ਤੇ ਗਿੰਨੀ ਦਾ ਵਿਆਹ ਇਨੀਂ ਦਿਨੀਂ ਮੀਡੀਆ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਨ੍ਹਾਂ ਚਰਚਾਵਾਂ ਵਿੱਚ ਚਾਰ ਚੰਨ ਬੱਬੂ ਮਾਨ ਅਤੇ ਦਲੇਰ ਮਹਿੰਦੀ ਨੇ ਵੀ ਉਸ ਵੇਲੇ ਲਾ ਦਿੱਤੇ ਜਦੋਂ ਇਹ ਦੋਵੇਂ ਕਲਾਕਾਰ ਕਪਿਲ ਦੀ ਰਿਸੈਪਸ਼ਨ ਪਾਰਟੀ ਵਿੱਚ ਸ਼ਾਮਲ ਹੋਣ ਪਹੁੰਚੇ। ਇਸ ਪਾਰਟੀ ਵਿੱਚ ਬੱਬੂ ਮਾਨ ਨੂੰ ਦਲੇਰ ਮਹਿੰਦੀ ਤੇ ਐਨਾ ਗੁੱਸਾ ਆ ਗਿਆ ਕਿ ਉਹ ਇਸ ਰਿਸੈਪਸ਼ਨ ਪਾਰਟੀ ਵਿੱਚ ਕਪਿਲ ਤੇ ਗਿੰਨੀ ਨੂੰ ਸਟੇਜ ਤੇ ਜਾ ਕੇ ਬਿਨਾਂ ਵਧਾਈ ਦਿੱਤਿਆਂ ਹੀ ਉੱਥੋਂ ਚਲੇ ਗਏ। ਹਾਲਾਂਕਿ ਇਹ ਰਿਸੈਪਸ਼ਨ ਪਾਰਟੀ ਰੁਕੀ ਨਹੀਂ ਤੇ ਆਪਣੀ ਰਫਤਾਰ ਉਵੇਂ ਹੀ ਅੱਗੇ ਵਧਦੀ ਚਲੀ ਗਈ ਪਰ ਜਿਸ ਢੰਗ ਨਾਲ ਬੱਬੂ ਮਾਨ ਇਹ ਪਾਰਟੀ ਛੱਡ ਕੇ ਉਥੋਂ ਚਲੇ ਗਏ ਉਹ ਪੂਰੀ ਪਾਰਟੀ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਹੋਇਆ ਇੰਝ ਕਿ ਕਪਿਲ ਸ਼ਰਮਾ ਨੇ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਸੀ ਜਿਸ ਵਿੱਚ ਬਾਲੀਵੁਡ ਤੇ ਪਾਲੀਵੁਡ ਦੇ ਕਲਾਕਾਰਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ ਸੀ। ਰਾਤ 11.00 ਵਜੇ ਦੇ ਲਗਭਗ ਜਿਉਂ ਹੀ ਕਪਿਲ ਸ਼ਰਮਾ ਗਿੰਨੀ ਨਾਲ ਸਟੇਜ ਤੇ ਪੁੱਜੇ ਤਾਂ ਉੱਥੇ ਮੌਜੂਦ ਦਲੇਰ ਮਹਿੰਦੀ ਨੇ ਗਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨਵ-ਵਿਆਹੀ ਜੋੜੀ ਨੂੰ ਮੁਬਾਰਕਬਾਦ ਦੇਣ ਲਈ ਸਤਿੰਦਰ ਸਰਤਾਜ ਤੇ ਮਲਕੀਤ ਸਿੰਘ ਤੋਂ ਇਲਾਵਾ ਜਦੋਂ ਬੱਬੂ ਮਾਨ ਵੀ ਸਟੇਜ ਵੱਲ ਜਾਣ ਲੱਗੇ ਤਾਂ ਇੰਨੇ ਨੂੰ ਦਲੇਰ ਮਹਿੰਦੀ ਨੇ ਸਟੇਜ ਤੋਂ ਮਾਈਕ ਤੇ ਇਹ ਐਲਾਨ ਕਰ ਦਿੱਤਾ ਕਿ ਹਲੇ ਦੋ ਮਿੰਟ ਰੁਕ ਜਾਉ ਮੈਂ ਗਾ ਰਿਹਾ ਹਾਂ।

ਬੱਸ ਐਨਾ ਸੁਣਨਾ ਸੀ ਕਿ ਬੱਬੂ ਮਾਨ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜਿਆ ਤੇ ਉਹ ਬਿਨਾਂ ਕਿਸੇ ਨਾਲ ਬੋਲੇ ਤੇ ਵਿਆਹੇ ਜੋੜੇ ਨੂੰ ਵਧਾਈ ਦਿੱਤਿਆਂ ਉਥੋਂ ਕਾਰ ਵਿੱਚ ਬੈਠ ਕੇ ਨਿਕਲ ਗਏ। ਇਸ ਦੌਰਾਨ ਗਾਇਕ ਸਰਤਾਜ ਨੂੰ ਵੀ ਸ਼ਾਇਦ ਦਲੇਰ ਮਹਿੰਦੀ ਦੀ ਗੱਲ ਚੰਗੀ ਨਹੀਂ ਲੱਗੀ ਤੇ ਉਹ ਵੀ ਪਾਰਟੀ ਛੱਡ ਕੇ ਵਾਪਸ ਚਲੇ ਗਏ। ਇਨ੍ਹਾਂ ਦੇ ਜਾਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਟੇਜ ਸੰਭਾਲ ਰਹੀ ਸਤਿੰਦਰ ਸੱਤੀ ਨੇ ਦੋਵਾਂ ਦੇ ਨਾਂ ਬੋਲੇ। ਬਹਿਰਹਾਲ ਦਲੇਰ ਮਹਿੰਦੀ ਐਨਾ ਕੁਝ ਹੋਣ ਦੇ ਬਾਵਜੂਦ ਵੀ ਆਪਣੀ ਧੁਨ ਵਿੱਚ ਗਾਈ ਗਏ। ਦੱਸ ਦੇਈਏ ਕਿ ਇਸ ਸਮਾਗਮ ਵਿੱਚ ਕਪਿਲ ਸ਼ਰਮਾ ਨੂੰ ਵਧਾਈ ਦੇਣ ਆਉਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਹਾਸ ਕਲਾਕਾਰ ਭਾਰਤੀ ਸਿੰਘ, ਨਿਰਦੇਸ਼ਕ ਅੱਬਾਸ ਮਸਤਾਨ, ਰਾਜੀਵ ਠਾਕੁਰ, ਕਿੱਕੂ ਸ਼ਾਰਦਾ, ਕਰਮਜੀਤ ਅਨਮੋਲ, ਕਲੇਰ ਕੰਠ, ਸ਼ੋਭਨਾ, ਤੇਜੀ ਸੰਧੂ, ਨਛੱਤਰ ਗਿੱਲ ਤੇ ਹੋਰ ਕਈ ਗਾਇਕ ਅਤੇ ਫਿਲਮੀ ਅਦਾਕਾਰ ਵੀ ਮੌਜੂਦ ਸਨ।  ਇਸ ਪਾਰਟੀ ਦੇ ਸਭ ਤੋਂ ਆਕਰਸ਼ਕ ਪਲ ਉਹ ਰਹੇ ਜਦੋਂ ਦਲੇਰ ਮਹਿੰਦੀ ਦੇ ਗਾਏ ਗੀਤ ਤੇ ਕਪਿਲ ਸ਼ਰਮਾ ਨਾ ਚਾਹੁੰਦਿਆਂ ਹੋਇਆਂ ਵੀ ਭੰਗੜਾ ਪਾਉਣ ਲੱਗ ਪਏ।

Facebook Comments
Facebook Comment