• 12:04 pm
Go Back

ਸਾਡਾ ਦੇਸ਼ ਇੱਕ ਲੋਕਤੰਤਰ ਦੇਸ਼ ਹੈ, ਜਿੱਥੇ ਹਰੇਕ ਨੂੰ ਆਜ਼ਾਦੀ ਨਾਲ ਵਿਚਰਨ ਦਾ ਹੱਕ ਹੈ, ਪਰ ਇਸ ਹੱਕ ਨੂੰ ਸਾਡੀਆਂ ਔਰਤਾਂ ਸਹੀ ਰੂਪ ‘ਚ ਮਾਣਦੀਆਂ ਨਜ਼ਰ ਨਹੀਂ ਆ ਰਹੀਆਂ। ਔਰਤਾਂ ਵੀ ਉਸ ਰੱਬ ਦੀਆਂ ਬਣਾਈਆਂ ਹੋਈਆਂ ਹਨ, ਹਰ ਵਾਰ ਲੋਕ ਉਨ੍ਹਾਂ ਨੂੰ ਕਿਉਂ ਬੁਰੀਆਂ ਨਜ਼ਰਾਂ ਨਾਲ ਦੇਖਦੇ ਹਨ। ਪਹਿਲਾਂ ਵਾਲੇ ਸਮੇਂ ਔਰਤਾਂ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਸੀ, ਉਨ੍ਹਾਂ ਨੂੰ ਹਰ ਪਾਸਿਓਂ ਇੱਜ਼ਤ ਦਿੱਤੀ ਜਾਂਦੀ ਸੀ। ਔਰਤਾਂ ਨੂੰ ਰੱਬ ਵਾਂਗ ਪੂਜਿਆ ਜਾਂਦਾ ਸੀ, ਪਰ ਅੱਜ ਦਾ ਸਮਾਂ ਪਹਿਲਾਂ ਵਾਂਗ ਨਹੀਂ ਰਿਹਾ, ਅੱਜ ਕੱਲ੍ਹ ਥਾਂ ਥਾਂ ਔਰਤਾਂ ਨੂੰ ਬੁਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ, ਅੱਜਕਲ੍ਹ ਤਾਂ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ, ਜਿਸਨੂੰ ਭਰੂਣ ਹੱਤਿਆ ਕਿਹਾ ਜਾਂਦਾ ਹੈ। ਅੱਜਕਲ੍ਹ ਦੇ ਲੋਕਾਂ ਨੂੰ ਕੁੜੀਆਂ ਨਹੀਂ ਬਲਕਿ ਮੁੰਡੇ ਚਾਹੀਦੇ ਹਨ, ਇਸ ਲਈ ਕੁਝ ਮਾਵਾਂ ਆਪਣੀਆਂ ਕੁੜੀਆਂ ਨੂੰ ਕੁੱਖ ‘ਚ ਮਾਰ ਰਹੀਆਂ ਹਨ, ਪਰ ਅੱਜ ਦੇ ਲੋਕ ਇਹ ਕਿਉਂ ਨਹੀਂ ਸੋਚਦੇ ਕਿ ਅਗਰ ਇਸ ਜੱਗ ‘ਤੇ ਕੁੜੀਆਂ ਹੋਣਗੀਆਂ ਤਾਂ ਹੀ ਉਨ੍ਹਾਂ ਦਾ ਖਾਨਦਾਨ ਅੱਗੇ ਵਧੇਗਾ। ਜੇਕਰ ਅਸੀਂ ਇੰਝ ਹੀ ਕੁੜੀਆਂ ਨੂੰ ਮਾਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਤੋਂ ਕੁੜੀਆਂ ਦਾ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ। ਅੱਜ ਦੇ ਸਮੇਂ ਸਾਨੂੰ ਚਾਹੀਦਾ ਹੈ ਕਿ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਾ ਹੱਕ ਦਿੱਤਾ ਜਾਵੇ,ਕਿਉਂਕਿ ਅੱਜ ਕੱਲ ਦਾ ਇਹੋ ਜਿਹਾ ਕੋਈ ਕੰਮ ਨਹੀਂ ਜੋ ਕੁੜੀਆਂ ਨਹੀਂ ਕਰ ਸਕਦੀਆਂ, ਅੱਜਕਲ੍ਹ ਹਰ ਉੱਚ ਅਹੁਦੇ ‘ਤੇ ਇੱਕ ਔਰਤ ਹੀ ਬਿਰਾਜਮਾਨ ਹੁੰਦੀ ਹੈ, ਅੱਜਕਲ੍ਹ ਹਰ ਖੇਤਰ ‘ਚ ਕੁੜੀਆਂ ਆਪਣਾ ਨਾਮ ਚਮਕਾ ਰਹੀਆਂ ਹਨ, ਉਹ ਹਰ ਖੇਤਰ ‘ਚ ਮੁੰਡਿਆਂ ਨੂੰ ਟੱਕਰ ਦੇ ਰਹੀਆਂ ਹਨ। ਉਹ ਉਨ੍ਹਾਂ ਨਾਲ ਮੋਢੇ ਦੇ ਬਰਾਬਰ ਮੋਢਾ ਲਾ ਕੇ ਖੜ ਗਈਆਂ ਹਨ, ਉਹ ਹਰ ਖੇਤਰ ‘ਚ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ, ਪ੍ਰੰਤੂ ਅਜੇ ਵੀ ਕਈ ਥਾਂਈ ਕੁਝ ਜਨਤਕ ਥਾਂਵਾਂ ‘ਤੇ ਔਰਤਾਂ ਨਾਲ ਛੇੜਛਾੜ ਤੇ ਬਦਤਮੀਜ਼ੀ ਦੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ, ਜਿਸ ਕਾਰਣ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਦਿਨ ਦਿਹਾੜੇ ਹੁੰਦੀ ਛੇੜਖ਼ਾਨੀ ਦੀਆਂ ਘਟਨਾਵਾਂ ‘ਚ ਦਿਨ ਛੁਪਦਿਆਂ ਹੀ ਬੜੀ ਤੇਜ਼ੀ ਨਾਲ ਵਾਧਾ ਹੋ ਜਾਂਦਾ ਹੈ। ਕੀ ਅਜਿਹਾ ਕੁਝ ਸੱਭਿਆਚਾਰਕ ਸਮਾਜ ਨੂੰ ਸ਼ੋਭਾ ਦਿੰਦਾ ਹੈ? ਕੀ ਸਾਡੇ ਪੂਰਵਜਾਂ ਨੇ ਸਾਨੂੰ ਔਰਤਾਂ ਨਾਲ ਅਜਿਹਾ ਵਰਤਾਓ ਕਰਨਾ ਸਿਖਾਇਆ ਹੈ? ਇਸ ਤਰ੍ਹਾਂ ਦੇ ਬਹੁਤ ਸਾਰੇ ਸੁਆਲ ਸਾਡੇ ਸਾਹਮਣੇ ਖੜੇ ਹਨ। ਅੱਜ ਦੇ ਪਦਾਰਥਵਾਦੀ ਯੁੱਗ ‘ਚ ਭਾਵੇਂ ਜਿੰਨੀ ਵੀ ਕਿਸੇ ਦੀ ਆਮਦਨ ਵੱਧ ਹੋਵੇ ਪਰ ਲੋਕਾਂ ਨੇ ਲੋੜਾਂ ਇੰਨੀਆਂ ਵਧਾ ਲਈਆਂ ਹਨ ਕਿ ਪਤੀ ਪਤਨੀ ਦੋਵਾਂ ਦੀ ਕਮਾਈ ਨਾਲ ਵੀ ਮਸਾਂ ਹੀ ਘਰ ਚੱਲਦੇ ਹਨ। ਇਸ ਕਰਕੇ ਅੱਜ ਔਰਤਾਂ, ਘਰੇਲੂ ਸੁਆਣੀਆਂ ਬਣਨ ਦੀ ਬਜਾਇ ਕੋਈ ਨਾ ਕੋਈ ਛੋਟੀ ਮੋਟੀ ਤੋਂ ਲੈ ਕੇ ਵੱਡੀ ਨੌਕਰੀ ਹਾਸਿਲ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ, ਜਿਸ ਕਾਰਨ ਪਿਛਲੇ ੨੦ ਸਾਲਾਂ ਦੇ ਮੁਕਾਬਲੇ ਅੱਜਕਲ੍ਹ ਔਰਤਾਂ, ਮਰਦਾਂ ਵਾਂਗ ਹੀ ਹਰੇਕ ਕਾਰੋਬਾਰ ‘ਚ ਹੱਥ ਅਜ਼ਮਾ ਰਹੀਆਂ ਹਨ। ਦੂਜੀ ਗੱਲ ਮਾਪਿਆਂ ‘ਚ ਵਧ ਰਹੀ ਚੇਤੰਨਤਾ ਕਾਰਣ ਅੱਜਕਲ੍ਹ ਲੜਕੀਆਂ ਨੂੰ ਵੀ ਲਗਭਗ ਸੌ ਫੀਸਦੀ ਪੜਾਉਣ ਦੇ ਯਤਨ ਜਾਰੀ ਹਨ। ਇਸ ਕਰਕੇ ਸਾਨੂੰ ਜਨਤਕ ਥਾਂਵਾਂ ‘ਤੇ ਔਰਤਾਂ, ਲੜਕੀਆਂ ਦੀ ਗਿਣਤੀ ਮਰਦਾਂ ਦੇ ਨੇੜ੍ਹੇ ਹੀ ਦੇਖਣ ਨੂੰ ਮਿਲਦੀ ਹੈ। ਹੁਣ ਸਵਾਲ ਖੜਾ ਹੁੰਦਾ ਹੈ ਕਿ ਔਰਤਾਂ ਨਾਲ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ? ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਬਹੁਤ ਪੜ੍ਹ ਲਿਖ ਜਾਣ ਦੇ ਬਾਵਜੂਦ ਵੀ ਸਾਡੀ ਨਵੀਂ ਪੀੜ੍ਹੀ ਸਮਾਜਿਕ ਕਦਰਾਂ ਕੀਮਤਾਂ ਦੀ ਸਿੱਖਿਆ ਤੋਂ ਵਾਂਝੀ ਹੈ ਜਿਸ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਕਿ ਔਰਤਾਂ ਵੀ ਮਰਦਾਂ ਵਾਂਗ ਜਿਊਣ ਦਾ ਹੱਕ ਰੱਖਦੀਆਂ ਹਨ ਅਤੇ ਜਿਸ ਤਰ੍ਹਾਂ ਅਸੀ ਆਪਣੇ ਘਰ ‘ਚ ਧੀਆਂ, ਭੈਣਾਂ ਨੂੰ ਸਤਿਕਾਰ ਦਿੰਦੇ ਹਾਂ ਉਸੇ ਤਰ੍ਹਾਂ ਹੀ ਬਾਹਰ ਵੀ ਬੇਗਾਨੀਆਂ ਔਰਤਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਦੂਜੀ ਗੱਲ ਇਹ ਵੀ ਹੈ ਕਿ ਸਾਡੇ ਦੇਸ਼ ‘ਚ ਅਜੇ ਵੀ ਬਚਪਨ ਤੋਂ ਬਾਅਦ ਲੜਕੇ ਲੜਕੀਆਂ ਨੂੰ ਦੋਸਤਾਂ ਵਾਂਗ ਵਿਚਰਨ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਲੜਕੀਆਂ ਇਸ ਦਾ ਇਜ਼ਹਾਰ ਨਹੀਂ ਕਰਦੀਆਂ ਪਰ ਲੜਕੇ ਗਲਤ ਤਰੀਕਿਆਂ ਨਾਲ ਲੜਕੀਆਂ ਨਾਲ ਨੇੜਤਾ ਹਾਸਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ, ਇਸ ਤਰ੍ਹਾਂ ਦੀਆਂ ਗਲਤ ਹਰਕਤਾਂ ਕਰਨ ਵਾਲੇ ਲੋਕਾਂ ਦਾ ਜਨਤਕ ਥਾਂਵਾਂ ‘ਤੇ ਵਿਚਰਨ ਵਾਲੇ ਭੱਦਰ ਮਰਦ ਵਿਰੋਧ ਨਹੀਂ ਕਰਦੇ ਸਗੋਂ ਇਸ ਤਰਾਂ ਦੇ ਅਨਸਰਾਂ ਨੂੰ ਨਜ਼ਰ ਅੰਦਾਜ਼ ਕਰਨ ਨੂੰ ਤਰਜੀਹ ਦਿੰਦੇ ਹਨ ਜਿਸ ਕਰਕੇ ਮਨਚਲੇ ਲੋਕਾਂ ਨੂੰ ਹੋਰ ਵੀ ਸ਼ਹਿ ਮਿਲ ਰਹੀ ਹੈ। ਔਰਤਾਂ ਵਾਲੇ ਪੱਖ ਤੋਂ ਦੇਖਿਆ ਜਾਵੇ ਤਾਂ ਦਿਨੋਂ ਦਿਨ ਵਧ ਰਹੀਆਂ ਬਦਤਮੀਜ਼ੀਆਂ ਦਾ ਵੱਡਾ ਕਾਰਨ ਇਹ ਵੀ ਹੈ ਕਿ ਔਰਤਾਂ ਇਸ ਦਾ ਵਿਰੋਧ ਬਹੁਤ ਘੱਟ ਕਰਦੀਆਂ ਹਨ ਜਦੋਂ ਕਿ ਲੋੜ ਹੈ ਮੌਕੇ ‘ਤੇ ਅਜਿਹੇ ਸ਼ਰਾਰਤੀ ਅਨਸਰਾਂ ਦਾ ਭੁਗਤ ਸੁਆਰਨ ਦੀ। ਜੇਕਰ ਕਿਸੇ ਇੱਕ ਔਰਤ ਨਾਲ ਕੋਈ ਬਦਤਮੀਜ਼ੀ ਕਰਦਾ ਹੈ ਤਾਂ ਉਸ ਨੂੰ ਆਪਣੇ ਨੇੜ੍ਹੇ ਤੇੜੇ ਵਿਚਰ ਰਹੀਆਂ ਔਰਤਾਂ ਦੀ ਮਦਦ ਨਾਲ ਮੌਕੇ ‘ਤੇ ਹੀ ਮਨਚਲੇ ਦਾ ਦਿਮਾਗ ਟਿਕਾਣੇ ਲਿਆ ਦੇਣਾ ਚਾਹੀਦਾ ਹੈ, ਪਰ ਅਜਿਹਾ ਬਹੁਤ ਘੱਟ ਵਾਪਰਦਾ ਹੈ। ਇਸ ਦੇ ਨਾਲ ਦੇਖਣ ‘ਚ ਆਇਆ ਹੈ ਕਿ ਔਰਤਾਂ ਲੜਕੀਆਂ ਆਪਣੇ ਨਾਲ ਵਾਪਰੀ ਛੇੜਖ਼ਾਨੀ ਦੀਆਂ ਘਟਨਾਵਾਂ ਸੰਬੰਧੀ ਪੁਲਿਸ ਕੋਲ ਪਹੁੰਚ ਨਹੀਂ ਕਰਦੀਆਂ, ਜਿਸ ਕਾਰਣ ਵੀ ਇਸ ਤਰ੍ਹਾਂ ਦੇ ਮਨਚਲੇ ਲੋਕ ਸ਼ਰੇਆਮ ਗਲਤ ਹਰਕਤਾਂ ਰਾਹੀਂ ਔਰਤਾਂ ਨੂੰ ਪਰੇਸ਼ਾਨ ਕਰਦੇ ਹਨ। ਔਰਤਾਂ ਨਾਲ ਦਿਨੋਂ ਦਿਨ ਵੱਧ ਰਹੀ ਬਦਤਮੀਜ਼ੀ ਤੇ ਛੇੜਖ਼ਾਨੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਾਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਸੁਆਣੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਦ੍ਰਿੜ ਇਰਾਦੇ ਨਾਲ ਸ਼ਰਾਰਤੀ ਅਨਸਰਾਂ ਦਾ ਟਾਕਰਾ ਕਰਨ ਦਾ ਪ੍ਰਣ ਕਰਨ। ਇਸ ਦੇ ਨਾਲ ਹੀ ਸਾਨੂੰ ਆਪਣੇ ਲੜਕਿਆਂ ਨੂੰ ਵੀ ਅਜਿਹੀਆਂ ਬੇਤੁਕਾ ਹਰਕਤਾਂ ਨਾ ਕਰਨ ਦੀ ਅਤੇ ਔਰਤਾਂ ਨੂੰ ਸਤਿਕਾਰ ਦੇਣ ਦੀ ਸਿੱਖਿਆ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਹੀ ਦਿਨੋਂ ਦਿਨ ਵਧ ਰਹੀ ਇਸ ਅਲਾਮਤ ਨੂੰ ਖਤਮ ਕਰਨਾ ਚਾਹੀਦਾ ਹੈ। ਆਖਿਰ ਮੈਂ ਇਹ ਕਹਿਣਾ ਚਾਹਾਂਗੀ ਕਿ ਮੁੰਡਿਆਂ ਵਾਂਗ ਹੀ ਕੁੜੀਆਂ ਨੂੰ ਵੀ ਜਿਉਣ ਦਾ ਪੂਰਾ ਪੂਰਾ ਅਧਿਕਾਰ ਹੈ।ਅਸੀਂ ਹਰ ਕਦਮ ਆਪਣੀਆਂ ਬੱਚਿਆਂ ਨੂੰ ਨਿਡਰ ਬਣਾਈਏ ਤਾਂ ਕਿ ਉਹ ਕਿਸੇ ਹਿੰਸਾ ਦਾ ਸ਼ਿਕਾਰ ਨਾ ਹੋ ਸਕਣ।
ਨਵਦੀਪ ਧਾਲੀਵਾਲ
[email protected]

Facebook Comments
Facebook Comment