‘ਆਪ’ ਦਾ ਇੱਕ ਹੋਰ ਆਗੂ ਤੁਰਿਆ ਫੂਲਕਾ ਦੀ ਰਾਹ ‘ਤੇ, ਕਹਿੰਦਾ ਕਾਂਗਰਸ ‘ਆਪ’ ਗੱਠਜੋੜ ਦਾ ਵਿਰੋਧ ਕਰਾਂਗਾ !

TeamGlobalPunjab
3 Min Read

ਨਵੀਂ ਦਿੱਲੀ : ਆਮ ਆਦਮੀ ਪਾਰਟੀ ਇੱਕ ਤਾਂ ਦੇਸ਼ ਵਿੱਚ ਪਹਿਲਾਂ ਜਿੰਨੀ ਮਜਬੂਤ ਨਹੀਂ ਰਹੀ, ਤੇ ਦੂਜਾ ਇਸ ਪਾਰਟੀ ਦੇ  ਵਿਧਾਇਕ ਅਤੇ ਆਗੂ, ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਲਈ ਨਿੱਤ ਨਵੀਆਂ ਮੁਸੀਬਤਾਂ ਖੜ੍ਹੀਆਂ ਕਰਦੇ ਦਿਖਾਈ ਦਿੰਦੇ ਹਨ। ਪਹਿਲਾਂ ਕੇਜਰੀਵਾਲ ਨੇ ਆਪ ਖੁਦ ਕੁਝ ਸੰਸਦ ਮੈਂਬਰਾਂ ਅਤੇ ਵੱਡੇ ਆਗੂਆਂ ਨੂੰ ਅਨੁਸਾਸ਼ਨੀ ਕਾਰਵਾਈ ਦੇ ਨਾਮ ‘ਤੇ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਫਿਰ ਪੰਜਾਬ ਅੰਦਰ ਆਪਸ ਵਿੱਚ ਲੜ ਕੇ ‘ਆਪ’ ਦੇ 20 ਵਿਧਾਇਕ ਪਾਟੋ-ਧਾੜ ਹੋ ਗਏ, ਤੇ ਨਾਲ ਹੀ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਐਚ ਐਸ ਫੂਲਕਾ ਵੀ ਪਾਰਟੀ ਨੂੰ ਅਲਵਿਦਾ ਕਹਿ ਗਏ, ਤੇ ਹੁਣ ਚੋਣਾਂ ਮੌਕੇ ਜਦੋਂ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰਨ ਲਈ ਜੀਅ-ਜਾਨ ਨਾਲ ਕੋਸ਼ਿਸ਼ਾਂ ਕਰਨ ਲੱਗੀ ਹੋਈ ਹੈ, ਤਾਂ ਉਸ ਵੇਲੇ ਪਾਰਟੀ ਦੇ ਦਿੱਲੀ ਸਥਿਤ ਇੱਕ ਹੋਰ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੂੰ ਚਿਤਾਵਨੀ ਦਿੱਤੀ ਹੈ, ਕਿ ਜੇਕਰ ਕਾਂਗਰਸ ਤੇ ‘ਆਪ’ ਦਾ ਗੱਠਜੋੜ ਹੋਇਆ ਤਾਂ ਉਹ ਇਸ ਗੱਠਜੋੜ ਦਾ ਸਮਰਥਨ ਨਹੀਂ ਕਰਨਗੇ।

ਜਰਨੈਲ ਸਿੰਘ ਨੇ ‘ਆਪ’ ਸੁਪਰੀਮੋਂ ਨੂੰ ਇਹ ਸਾਫ ਕਰ ਦਿੱਤਾ ਹੈ, ਕਿ ਦਿੱਲੀ ਸਿੱਖ ਨਸਲਕੁਸ਼ੀ ਮਾਮਲੇ ਦੇ ਮੁਲਜ਼ਮ ਜਗਦੀਸ਼ ਟਾਇਟਲਰ ਤੇ ਕੁਝ ਹੋਰ ਜਦੋਂ ਤੱਕ ਕਾਂਗਰਸ ‘ਚ ਮੌਜੂਦ ਰਹਿਣਗੇ, ਤੇ ਰਾਹੁਲ ਗਾਂਧੀ ਇਨ੍ਹਾਂ ਨਸਲਕੁਸ਼ੀ ਮਾਮਲਿਆਂ ਲਈ ਮਾਫੀ ਨਹੀਂ ਮੰਗ ਲੈਂਦੇ, ਉਦੋਂ ਤੱਕ ਉਹ ਅਜਿਹੇ ਕਿਸੇ ਗੱਠਜੋੜ ਦਾ ਸਮਰਥਨ ਨਹੀਂ ਕਰਨਗੇ। ‘ਆਪ’ ਦੇ ਇਸ ਸਾਬਕਾ ਵਿਧਾਇਕ ਅਨੁਸਾਰ ਇਸ ਦੇ ਬਾਵਜੂਦ ਵੀ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰਦੀ ਹੈ ਤਾਂ ਫਿਰ ਉਸ ਤੋਂ ਬਾਅਦ ਨਾ ਤਾਂ ਉਹ ਇਸ ਗੱਠਜੋੜ ਲਈ ਚੋਣ ਪ੍ਰਚਾਰ ਕਰਨਗੇ ਤੇ ਨਾ ਹੀ ਇਸ ਦਾ ਸਮਰਥਨ ਕਰਨਗੇ।

ਦੱਸ ਦਈਏ ਕਿ ਦਿੱਲੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਰਹਿ ਚੁਕੇ ਸਾਬਕਾ ਪੱਤਰਕਾਰ ਜਰਨੈਲ ਸਿੰਘ ਨੇ ਅਪ੍ਰੈਲ 2009 ਦੌਰਾਨ ਸਮੇਂ ਦੇ ਗ੍ਰਹਿ ਮੰਤਰੀ ਪੀ ਚਿਦਾਂਬਰਮ ਨੂੰ ਉਸ ਵੇਲੇ ਜੁੱਤੀ ਮਾਰੀ ਸੀ, ਜਦੋਂ ਚਿਦਾਂਬਰਮ ਇੱਕ ਪੱਤਰਕਾਰ ਸੰਮੇਲਣ ਵਿੱਚ ਸ਼ਾਮਲ ਹੋਣ ਲਈ ਆਏ ਸਨ। ਜਰਨੈਲ ਸਿੰਘ ਨੇ ਇਹ ਜੁੱਤੀ ਦਿੱਲੀ ਸਿੱਖ ਨਸ਼ਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਵੱਲੋਂ ਲੋਕ ਸਭਾ ਟਿਕਟ ਦਿੱਤੇ ਜਾਣ ਦੇ ਵਿਰੋਧ ਵਿੱਚ ਮਾਰੀ ਸੀ। ਜਿਸ ਤੋਂ ਬਾਅਦ ਜਰਨੈਲ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ, ਤੇ ਉਨ੍ਹਾਂ ਨੇ ‘ਆਪ’ ਦੀ ਟਿਕਟ ‘ਤੇ ਚੋਣ ਲੜਕੇ ਰਾਜੌਰੀ ਗਾਰਡਨ ਇਲਾਕੇ ਤੋਂ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਰਨੈਲ ਸਿੰਘ ਨੇ ਆਪਣੀ ਦਿੱਲੀ ਦੀ ਵਿਧਾਇਕੀ ਤੋਂ ਅਸਤੀਫਾ ਦੇ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜੀ ਸੀ, ਪਰ ਉਹ ਚੋਣ ਹਾਰ ਗਏ ਸਨ।

Share this Article
Leave a comment