• 3:21 am
Go Back
America Birthright Citizenship

ਵਾਸ਼ਿੰਗਟਨ: ਅਮਰੀਕਾ ‘ਚ ਵੱਧ ਰਹੀ ਪ੍ਰਵਾਸੀਆਂ ਦੀ ਆਬਾਦੀ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵੱਡਾ ਕਦਮ ਚੁੱਕਣ ਜਾ ਰਹੇ ਹਨ। ਅਮਰੀਕਾ ‘ਚ ਗੈਰ ਨਾਗਰਿਕਾਂ ਜਾਂ ਗੈਰਕਾਨੂੰਨੀ ਇਮੀਗ੍ਰੈਂਟਸ ਦੇ ਜਨਮੇ ਬੱਚੇ ਦੇ ਲਈ ਲਾਗੂ ਨਾਗਰਿਕਤਾ ਦੇ ਅਧਿਕਾਰ ਨੂੰ ਟਰੰਪ ਖਤਮ ਕਰਨ ਦੀ ਕੋਸ਼ਿਸ਼ ‘ਚ ਹਨ। ਇਸ ਸਬੰਧੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਹ ਹੁਕਮ ਦੇਣਾ ਚਾਹੁੰਦੇ ਹਨ ਕਿ ਗੈਰ-ਅਮਰੀਕੀ ਨਾਗਰਿਕਾਂ ਜਾਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ‘ਚ ਜਨਮੇ ਬੱਚਿਆਂ ਦੇ ਨਾਗਰਿਕਤਾ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕੀਤਾ ਜਾਵੇ। ਮਿਡਟਰਮ ਚੋਣਾਂ ਤੋਂ ਪਹਿਲਾਂ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਨਵੇਂ ਸਿਰੇ ਤੋਂ ਵਧਦੇ ਦਬਾਅ ਦੇ ਵਿਚਾਲੇ ‘ਐਕਸਯੋਸ ਆਨ ਐੱਚਬੀਓ’ ‘ਤੇ ਰਾਸ਼ਟਰਪਤੀ ਦੀ ਇਹ ਟਿੱਪਣੀ ਆਈ ਹੈ।

ਟਰੰਪ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ‘ਤੇ ਧਿਆਨ ਕੇਂਦਰਿਤ ਕਰਨ ਨਾਲ ਸਮਰਥਕਾਂ ਨੂੰ ਨਵੇਂ ਸਿਰੇ ਨਾਲ ਊਰਜਾ ਮਿਲੇਗੀ ਤੇ ਰਿਪਬਲਿਕਨ ਮੈਂਬਰਾਂ ਨੂੰ ਸੰਸਦ ‘ਤੇ ਆਪਣੇ ਕੰਟਰੋਲ ਬਣਾਏ ਰੱਖਣ ‘ਚ ਮਦਦ ਮਿਲੇਗੀ। ਜਨਮ ਦੇ ਆਧਾਰ ‘ਤੇ ਮਿਲੀ ਨਾਗਰਿਕਤਾ ਨੂੰ ਖਤਮ ਕਰਨ ਦੇ ਮੁੱਦੇ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਇਸ ‘ਚ ਸੰਵਿਧਾਨ ਦਾ ਸੋਧ ਨੂੰ ਬਦਲਣ ਦੀ ਰਾਸ਼ਟਰਪਤੀ ਦੀ ਇਕ ਪੱਖੀ ਸਮਰਥਾ ‘ਤੇ ਸਵਾਲ ਖੜ੍ਹੇ ਹੋ ਸਕਦੇ ਹਨ। ਅਮਰੀਕੀ ਸੰਵਿਧਾਨ ਦਾ 14ਵੀਂ ਸੋਧ ਅਮਰੀਕਾ ‘ਚ ਜਨਮੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇ ਅਧਿਕਾਰ ਦੀ ਗਾਰੰਟੀ ਦਿੰਦਾ ਹੈ।

ਅਜਿਹੇ ਕਿਸੇ ਕਾਰਜਕਾਰੀ ਹੁਕਮ ਦੀ ਜਾਇਜ਼ਤਾ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ ਕਿ ਵਾਈਟ ਹਾਊਸ ਦੇ ਵਕੀਲ ਇਸ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਹਿ ਰਹੇ ਹਨ ਕਿ ਮੈਂ ਇਸ ਨੂੰ ਕਰ ਸਕਦਾ ਹਾਂ, ਸਿਰਫ ਇਕ ਕਾਰਜਕਾਰੀ ਹੁਕਮ ਨਾਲ। ਉਨ੍ਹਾਂ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੀ ਤੇਜ਼ੀ ਨਾਲ ਉਹ ਕਾਰਜਕਾਰੀ ਹੁਕਮ ‘ਤੇ ਕਾਰਵਾਈ ਕਰਨਗੇ। ਦੱਸ ਦੇਈਏ ਕਿ ਅਮਰੀਕਾ ਵਿੱਚ ਵਰਤਮਾਨ ਕਾਨੂੰਨ ਦੇ ਅਨੁਸਾਰ, ਉੱਥੇ ਜਨਮਿਆ ਕੋਈ ਵੀ ਬੱਚਾ ਅਮਰੀਕੀ ਨਾਗਰਿਕਤਾ ਪਾਉਣ ਦਾ ਅਧਿਕਾਰ ਰੱਖਦਾ ਹੈ ਫਿਰ ਉਸਦੇ ਮਾਤਾ – ਪਿਤਾ ਗ਼ੈਰਕਾਨੂੰਨੀ ਪਰਵਾਸੀ ਹੀ ਕਿਉਂ ਨਾ ਹੋਣ।

Facebook Comments
Facebook Comment