• 4:40 pm
Go Back

ਅਦਾਲਤ ’ਚ ਵਕੀਲਾਂ ਦੇ ਵਿਰੋਧ ਤੋਂ ਬਾਅਦ ਸਿੱਖ ਕਾਰਕੁਨਾਂ ਦੀ ਜ਼ਮਾਨਤ ਚੌਥੀ ਵਾਰ ਵੀ ਹੋਈ ਖਾਰਜ

ਸੰਗਰੂਰ : ਸਿੱਖ ਜੱਥੇਬੰਦੀਆਂ ਦੇ ਜਿਨ੍ਹਾਂ ਕਾਰਕੁਨਾਂ ਨੇ 2 ਮਹੀਨੇ ਪਹਿਲਾਂ ਸੰਗਰੂਰ ’ਚੋਂ ਗੁਜ਼ਰਦੇ ਸੁਖਬੀਰ ਬਾਦਲ ਦੇ ਕਾਫ਼ਲੇ ਦਾ ਵਿਰੋਧ ਕਰਦਿਆਂ ਉਸ ਤੇ ਜੁੱਤੀ ਸੁੱਟੀ ਸੀ ਉਨ੍ਹਾਂ ਦਾ ਪਿੱਛਾ ਮੁੱਦਈ ਪੱਖ ਆਸਾਨੀ ਨਾਲ ਛੱਡਣ ਦੇ ਮੂਡ ਵਿੱਚ ਨਹੀਂ ਹਨ। ਹਾਲਾਤ ਇਹ ਹਨ ਕਿ ਪਿਛਲੇ ਦੋ ਮਹੀਨੇ ਤੋਂ ਸੰਗਰੂਰ ਦੀ ਜ਼ਿਲ੍ਹਾ ਜੇਲ ਅੰਦਰ ਬੰਦ ਇਨ੍ਹਾਂ ਕਾਰਕੁਨਾਂ ਤੋਂ ਪੁਲਿਸ ਅਧਿਕਾਰੀਆਂ ਵਲੋਂ ਬਣਾਈ ਗਈ ਐਸਆਈਟੀ ਨੇ ਇਰਾਦਾ ਕਤਲ ਦੀ ਧਾਰਾ ਹਟਾ ਲਏ ਜਾਣ ਦੇ ਬਾਵਜੂਦ ਸੁਖਬੀਰ ਬਾਦਲ ਦੇ ਹਿਤੈਸ਼ੀ ਸ਼ਿਕਾਇਤਕਰਤਾ ਦੇ ਵਕੀਲ ਇਨ੍ਹਾਂ ਲੋਕਾਂ ਦੀ ਜ਼ਮਾਨਤ ਦਾ ਅਦਾਲਤ ਵਿੱਚ ਇਸ ਕਦਰ ਵਿਰੋਧ ਕਰ ਰਹੇ ਹਨ ਕਿ ਹੁਣ ਚੌਥੀ ਵਾਰ ਵੀ ਇਨ੍ਹਾਂ ਦੀ ਜ਼ਮਾਨਤ ਅਰਜ਼ੀ ਅਦਾਲਤ ਵਲੋਂ ਖਾਰਜ ਕਰ ਦਿੱਤੀ ਗਈ ਹੈ।

ਸੰਗਰੂਰ ਪੁਲਿਸ ਵਲੋਂ ਇਸ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਜੇਲ ਵਿੱਚ ਭੇਜੇ ਗਏ ਛੇ ਸਿੱਖ ਕਾਰਕੁਨ ਭਾਈ ਬਚਿੱਤਰ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ ਅਤੇ ਗੁਰਜੰਟ ਸਿੰਘ ਦੇ ਖਿਲਾਫ਼ 4 ਦਸੰਬਰ ਨੂੰ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਮੁਲਜ਼ਮ ਪੱਖ ਦੇ ਵਕੀਲਾਂ ਵਲੋਂ ਇੱਕ ਵਾਰ ਫਿਰ ਉਨ੍ਹਾਂ ਦੀ ਨਿਯਮਿਤ ਜ਼ਮਾਨਤ ਕਰਾਉਣ ਲਈ ਸੀਆਰਪੀਸੀ ਦੀ ਧਾਰਾ 439 ਤਹਿਤ ਸੰਗਰੂਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਅਰਜ਼ੀ ਪਾਈ ਗਈ ਸੀ ਜਿਸ ਦਾ ਮੁੱਦਈ ਪੱਖ ਦੇ ਵਕੀਲਾਂ ਸੁਖਬੀਰ ਸਿੰਘ ਪੂਨੀਆ ਅਤੇ ਦਲਜੀਤ ਸਿੰਘ ਸੇਖੋਂ ਵਲੋਂ ਇਹ ਕਹਿੰਦਿਆਂ ਦੱਬ ਕੇ ਵਿਰੋਧ ਕੀਤਾ ਗਿਆ ਕਿ ਇਸ ਕੇਸ ਵਿੱਚ ਸ਼ਾਮਲ ਇੱਕ ਮੁਲਜ਼ਮ ਅਮਰਜੀਤ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਇਸ ਲਈ ਇਨ੍ਹਾਂ ਦੀ ਜ਼ਮਾਨਤ ਅਰਜ਼ੀ ਅਜੇ ਨਾ ਮਨਜ਼ੂਰ ਕੀਤੀ ਜਾਵੇ। ਅਦਾਲਤ ਨੇ ਦੋਵਾਂ ਪਾਸਿਆਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਹੁਣ ਇਸ ਕੇਸ ਦੀ ਅਗਲੀ ਸੁਣਵਾਈ 14 ਦਸੰਬਰ ਨੂੰ ਤੈਅ ਕੀਤੀ ਗਈ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਦੋ ਮਹੀਨੇ ਪਹਿਲਾਂ ਬੇਅਦਬੀ ਮਾਮਲਿਆਂ ਅਤੇ ਉਸ ਤੋਂ ਬਾਅਦ ਵਾਪਰੇ ਗੋਲੀਕਾਂਡ ’ਚ ਸ਼ਹੀਦ ਹੋਏ ਲੋਕਾਂ ਨਾਲ ਸਬੰਧਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਖਾਸ ਕਰ ਬਾਦਲਾਂ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਸੰਗਰੂਰ ਵਿੱਚ ਗੱਡੀਆਂ ਦੇ ਕਾਫ਼ਲੇ ਨਾਲ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਉਕਤ ਛੇ ਸਿੱਖ ਕਾਰਕੁਨਾਂ ਸਣੇ 35-40 ਹੋਰ ਲੋਕਾਂ ਨੇ ਵੀ ਸੜਕ ਤੇ ਖਲੋ ਕੇ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਸੀ। ਇਸ ਮੌਕੇ ਇੱਕ ਕਾਰਕੁਨ ਵਲੋਂ ਸੁਖਬੀਰ ਦੀ ਗੱਡੀ ਵੱਲ ਜੁੱਤੀ ਵੀ ਵਗਾਹ ਮਾਰੀ ਗਈ ਸੀ। ਭਾਵੇਂ ਕਿ ਉਸ ਤੋਂ ਬਾਅਦ ਸੰਗਰੂਰ ਦੇ ਐਸਐਸਪੀ ਦਾ ਇਹ ਬਿਆਨ ਆਇਆ ਸੀ ਕਿ ਉਨ੍ਹਾਂ ਨੇ ਸੁਖਬੀਰ ਦੇ ਸੁਰੱਖਿਆ ਅਮਲੇ ਨੂੰ ਇਸ ਰੋਸ ਸਬੰਧੀ ਅਗਾਊਂ ਸੂਚਨਾ ਦੇ ਦਿੱਤੀ ਸੀ ਤੇ ਉਨ੍ਹਾਂ ਨੂੰ ਰਸਤਾ ਬਦਲ ਕੇ ਦੂਜੇ ਰੂਟ ਤੋਂ ਜਾਣ ਦੀ ਸਲਾਹ ਦਿੱਤੀ ਸੀ ਪਰ ਇਸਦੇ ਬਾਵਜੂਦ ਵੀ ਉਨ੍ਹਾਂ ਨੇ ਸੰਗਰੂਰ ਪੁਲਿਸ ਦੀ ਸਲਾਹ ਨਹੀਂ ਮੰਨੀ ਇਸ ਲਈ ਇਹ ਘਟਨਾ ਵਾਪਰੀ ਹੈ। ਪਰ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਇਹ ਕਹਿ ਕੇ ਸੰਗਰੂਰ ਪੁਲਿਸ ਦੇ ਐਸਐਸਪੀ ਦੀ ਸ਼ਰੇਆਮ ਮੀਡੀਆ ਕੋਲ ਨਿੰਦਾ ਕੀਤੀ ਸੀ ਕਿ ਇਹ ਸਭ ਪੁਲਿਸ ਦੀ ਸ਼ਹਿ ਤੇ ਹੀ ਹੋਇਆ ਹੈ।

ਉਸ ਤੋਂ ਬਾਅਦ ਅਗਲੇ ਹੀ ਦਿਨ ਸੰਗਰੂਰ ਪੁਲਿਸ ਨੇ ਸੁਖਬੀਰ ਦਾ ਵਿਰੋਧ ਕਰਨ ਵਾਲੇ ਸਿੱਖ ਕਾਰਕੁਨਾਂ ਤੇ ਕਤਲ ਦੀ ਧਾਰਾ ਲਗਾ ਕੇ ਇੱਥੋਂ ਤੱਕ ਨਵੀਂ ਚਰਚਾ ਛੇੜ ਦਿੱਤੀ ਸੀ ਕਿ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੂੰ ਵੀ ਦਖਲ ਦੇਣਾ ਪਿਆ ਜਿਨ੍ਹਾਂ ਨੇ ਪਟਿਆਲਾ ਦੇ ਆਈ.ਜੀ. ਏ.ਐਸ.ਰਾਏ ਨੂੰ ਮਿਲ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਸੀ ਜਿਨ੍ਹਾਂ ਨੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਇੱਕ ਐਸਆਈਟੀ ਦਾ ਗਠਨ ਕੀਤਾ ਸੀ ਤੇ ਆਪਣੀ ਜਾਂਚ ਵਿੱਚ ਇਹ ਪਾਇਆ ਸੀ ਕਿ ਉਸ ਵੇਲੇ ਵਿਰੋਧ ਕਰਨ ਵਾਲੇ ਕਾਰਕੁਨਾਂ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਸੀ ਜਿਸ ਕਾਰਨ ਉਨ੍ਹਾਂ ਤੇ ਇਰਾਦਾ ਕਤਲ ਦੀ ਧਾਰਾ ਤਹਿਤ ਪਰਚਾ ਦਰਜ ਕੀਤਾ ਜਾਂਦਾ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜੇਲ੍ਹ ਵਿੱਚ ਬੰਦ ਉਕਤ ਛੇ ਸਿੱਖ ਕਾਰਕੁਨਾਂ ਤੋਂ ਇਰਾਦਾ ਕਤਲ ਦੀ ਧਾਰਾ ਤਾਂ ਹਟਾ ਦਿੱਤੀ ਪਰ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਕਾਰਕੁਨਾਂ ਤੇ ਪਰਚਾ ਦਰਜ ਕਰਾਇਆ ਸੀ ਉਹ ਉਸ ਹਾਲਤ ਵਿਚ ਵੀ ਉਕਤ ਲੋਕਾਂ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਹਨ ਜਿਸ ਹਾਲਤ ਵਿਚ ਉਨ੍ਹਾਂ ਦੀ ਪਾਰਟੀ ਦੇ ਲੋਕ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ-ਚੁੱਕਾਂ ਦੀ ਮਾਫ਼ੀ ਮੰਗਣ ਲਈ ਦਰਬਾਰ ਸਾਹਿਬ ਵਿੱਚ ਜਾ ਕੇ ਭਾਂਡੇ ਮਾਂਜ ਰਹੇ ਹਨ।

Facebook Comments
Facebook Comment