• 12:48 pm
Go Back

“ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ”

– ਕੁਲਵੰਤ ਸਿੰਘ

ਅਜਨਾਲਾ : ਜਿਵੇਂ ਕਿ ਪਹਿਲਾਂ ਆਸ ਕੀਤੀ ਜਾ ਰਹੀ ਸੀ ਕਿ ਬਰਗਾੜੀ ਮੋਰਚੇ ਦੇ ਖਤਮ ਹੋਣ ਦੇ ਨਾਲ ਹੀ ਇਸਦੀ ਅਗਵਾਈ ਕਰ ਰਹੇ ਸਿੱਖ ਆਗੂਆਂ ਵਲੋਂ ਮੋਰਚੇ ਦੇ ਖਾਤਮੇ ਦੇ ਢੰਗ ਤਰੀਕਿਆਂ ਤੇ ਸਵਾਲ ਚੁੱਕਦਿਆਂ ਇੱਕ ਦੂਜੇ ਤੇ ਸ਼ਬਦੀ ਚਿੱਕੜ ਸੁੱਟਣਾ ਤੇਜ਼ੀ ਨਾਲ ਜਾਰੀ ਹੈ। ਤਾਜ਼ਾ ਮਾਮਲੇ ਵਿੱਚ ਇੱਕ ਪੱਤਰਕਾਰ ਸੰਮੇਲਨ ਕਰਕੇ ਮੁਤਵਾਜ਼ੀ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਜਿੰਨਾ ਚਿਰ ਧਿਆਨ ਸਿੰਘ ਮੰਡ ਨੂੰ ਦੇਸ਼-ਵਿਦੇਸ਼ ਵਿੱਚੋਂ ਮੋਟੀਆਂ ਰਕਮਾਂ ਆਉਂਦੀਆਂ ਰਹੀਆਂ ਉੰਨੀ ਦੇਰ ਉਨ੍ਹਾਂ ਇਹ ਮੋਰਚਾ ਖਤਮ ਨਹੀਂ ਹੋਣ ਦਿੱਤਾ ਤੇ ਜਿਉਂ ਹੀ ਫੰਡ ਆਉਣੇ ਬੰਦ ਹੋ ਗਏ ਤਾਂ ਮੰਡ ਹੋਰਾਂ ਨੇ ਬਿਨਾਂ ਸ਼ਰਤ ਅਚਾਨਕ ਮੋਰਚੇ ਨੂੰ ਖਤਮ ਕਰ ਦਿੱਤਾ। ਭਾਈ ਅਜਨਾਲਾ ਵਲੋਂ ਲਾਏ ਗਏ ਤਾਜ਼ਾ ਇਲਜ਼ਾਮਾਂ ਤੋਂ ਬਾਅਦ ਇੰਜ ਜਾਪਦਾ ਹੈ ਜਿਵੇਂ ਆਉਣ ਵਾਲੇ ਸਮੇਂ ਵਿੱਚ ਬਰਗਾੜੀ ਮੋਰਚੇ ਵਾਲੇ ਸਿੱਖ ਆਗੂਆਂ ਵਿਚਾਲੇ ਇਹ ਸ਼ਬਦੀ ਜੰਗ ਭਿਅੰਕਰ ਰੂਪ ਧਾਰਨ ਕਰਨ ਵਾਲੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਜਿਸ ਵੇਲੇ ਇਹ ਮੋਰਚਾ ਸ਼ੁਰੂ ਕੀਤਾ ਗਿਆ ਸੀ ਉਸ ਤੋਂ ਤੀਜੇ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਮੋਰਚੇ ਦੀਆਂ ਤਿੰਨ ਮੁੱਖ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ ਸੀ ਜਿਨ੍ਹਾਂ ਵਿੱਚ ਬੇਅਦਬੀ ਕਾਂਡ ਦੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ, ਗੋਲੀਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਅਤੇ ਆਰਥਿਕ ਮਦਦ ਤੇ ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦੀਆਂ ਮੰਗਾਂ ਸ਼ਾਮਲ ਸਨ। ਭਾਈ ਅਜਨਾਲਾ ਨੇ ਕਿਹਾ ਕਿ ਇਸਦੇ ਬਾਵਜੂਦ ਕੁਝ ਅਣਦੱਸੇ ਤੇ ਅਣਸਮਝੇ ਜਾਣ ਵਾਲੇ ਕਾਰਨਾਂ ਕਰਕੇ ਭਾਈ ਮੰਡ ਨੇ ਇਸ ਸਰਕਾਰੀ ਭਰੋਸੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਭਾਈ ਅਮਰੀਕ ਸਿੰਘ ਅਜਨਾਲਾ ਨੇ ਖੁਲਾਸਾ ਕਰਦਿਆਂ ਕਿਹਾ ਕਿ 17 ਅਗਸਤ ਵਾਲੇ ਦਿਨ ਮੋਰਚੇ ਦੇ ਸਾਰੇ ਆਗੂਆਂ ਦੀ ਇੱਕ ਵਾਰ ਫਿਰ ਮੀਟਿੰਗ ਹੋਈ ਜਿਸ ਵਿੱਚ ਤਹਿ ਕੀਤਾ ਗਿਆ ਕਿ ਅਗਲੇ ਦਿਨ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ 19 ਅਗਸਤ ਨੂੰ ਕੋਲੋਂ ਇਹ ਮੰਗਾਂ ਮੰਨੇ ਜਾਣ ਸਬੰਧੀ ਐਲਾਨ ਕਰਵਾਇਆ ਜਾਵੇਗਾ ਤੇ 22 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਇਹ ਮੋਰਚਾ ਸਮਾਪਤ ਕਰ ਦਿੱਤਾ ਜਾਵੇਗਾ। ਮੁਤਵਾਜ਼ੀ ਜੱਥੇਦਾਰ ਭਾਈ ਅਜਨਾਲਾ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਨ੍ਹਾਂ ਨੂੰ ਸਿੱਖ ਸੰਗਤਾਂ ਨੇ ਦੱਸਿਆ ਕਿ ਭਾਈ ਧਿਆਨ ਸਿੰਘ ਮੰਡ ਨੂੰ ਵਿਦੇਸ਼ਾਂ ’ਚੋਂ ਮੋਟੀਆਂ ਰਕਮਾਂ ਆ ਰਹੀਆਂ ਹਨ ਤੇ ਜਿੰਨਾ ਚਿਰ ਇਹ ਰਕਮਾਂ ਆਉਂਦੀਆਂ ਰਹੀਆਂ ਉੰਨਾ ਚਿਰ ਇਹ ਮੋਰਚਾ ਵੀ ਜਾਰੀ ਰਿਹਾ। ਜਿਵੇਂ ਹੀ ਬਾਹਰਲੇ ਦੇਸ਼ਾਂ ’ਚੋਂ ਭਾਈ ਧਿਆਨ ਸਿੰਘ ਨੂੰ ਫੰਡ ਆਉਣਾ ਬੰਦ ਹੋ ਗਿਆ ਉਨ੍ਹਾਂ ਨੇ ਮੋਰਚਾ ਖਤਮ ਕਰਨ ਲੱਗਿਆਂ ਕੋਈ ਸਮਾਂ ਨਹੀਂ ਲਾਇਆ। ਇਸ ਮੌਕੇ ਉਨ੍ਹਾਂ ਨੇ ਸਾਫ਼ ਕੀਤਾ ਕਿ ਜੱਥੇਦਾਰਾਂ ਨੂੰ ਇਕੱਠੇ ਕੀਤੇ ਜਾਣ ਸਬੰਧੀ ਭਾਈ ਮੋਹਕਮ ਸਿੰਘ ਝੂਠ ਬੋਲ ਰਹੇ ਹਨ, ਇਸ ਮਾਮਲੇ ਵਿੱਚ ਉਨ੍ਹਾਂ ਦੀ ਭਾਈ ਮੋਹਕਮ ਸਿੰਘ ਨਾਲ ਕੋਈ ਗੱਲਬਾਤ ਨਹੀਂ ਹੋਈ।

6 ਮਹੀਨੇ 6 ਦਿਨ ਤੱਕ ਚੱਲਿਆ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਲੰਬਾ ਮੋਰਚਾ ਖਤਮ ਹੋ ਚੁੱਕਿਆ ਹੈ ਤੇ ਨਾਲ ਹੀ ਖਤਮ ਹੋ ਚੁੱਕੀਆਂ ਹਨ ਸਿੱਖ ਜੱਥੇਬੰਦੀਆਂ ਰਾਹੀਂ ਇਹੋ ਜਿਹੇ ਮੋਰਚਿਆਂ ਨਾਲ ਸਿੱਖੀ ਦੇ ਵੱਡੇ ਮਸਲਿਆਂ ਦੇ ਹੱਲ ਦੀਆਂ ਆਸਾਂ। ਕਿਉਂਕਿ ਜਿੱਥੇ ਇੱਕ ਪਾਸੇ ਵਿਸ਼ਵ ਭਰ ਦਾ ਸਿੱਖ ਭਾਈਚਾਰਾ ਬਰਗਾੜੀ ਮੋਰਚੇ ਨੂੰ ਖਤਮ ਕਰਨ ਦੇ ਢੰਗ ਤਰੀਕਿਆਂ ਤੋਂ ਹੈਰਾਨ ਪਰੇਸ਼ਾਨ ਹੈ ਉੱਥੇ ਦੂਜੇ ਪਾਸੇ ਇਸੇ ਮੋਰਚੇ ਦੇ ਆਗੂਆਂ ਵਲੋਂ ਇੱਕ ਦੂਜੇ ਦੇ ਖਿਲਾਫ਼ ਲਾਏ ਜਾ ਰਹੇ ਦੋਸ਼ਾਂ ਨੇ ਲੋਕਾਂ ਦਾ ਮਨੋਬਲ ਤੋੜ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਰਹਿੰਦੀ ਖੁੰਹਦੀ ਕਸਰ ਜ਼ਿਲ੍ਹਾ ਫਰੀਦਕੋਟ ਪ੍ਰਸ਼ਾਸਨ ਨੇ ਪੂਰੀ ਕਰ ਦਿੱਤੀ ਹੈ। ਜਿਸਨੇ ਬਰਗਾੜੀ ਅੰਦਰ ਧਾਰਾ 144 ਲਾ ਕੇ ਉੱਥੋਂ ਦੀ ਅਨਾਜ ਮੰਡੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਪ੍ਰਸ਼ਾਸਨੀ ਹੁਕਮਾਂ ਅਨੁਸਾਰ ਉੱਥੇ ਹਰ ਤਰ੍ਹਾਂ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਗਤੀਵਿਧੀਆਂ ਕੀਤੇ ਜਾਣ ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਅਜਿਹੇ ਵਿੱਚ ਦੁਨੀਆਂ ਭਰ ਦੀ ਜਿਸ ਸਿੱਖ ਸੰਗਤ ਨੇ ਤਨ-ਮਨ-ਧਨ ਨਾਲ ਇਸ ਮੋਰਚੇ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕਰ ਦਿੱਤਾ ਸੀ ਉਹ ਇਸ ਸਮੇਂ ਆਪਣੇ ਆਪ ਨੂੰ ਥੱਕੀ ਹੋਈ ਤੇ ਠੱਗੀ ਹੋਈ ਮਹਿਸੂਸ ਕਰ ਰਹੀ ਹੈ। ਮਾਹਰਾਂ ਅਨੁਸਾਰ ਇਹ ਇੱਕ ਅਜਿਹੀ ਚੋਟ ਹੈ ਜਿਹੜੀ ਆਉਂਦੇ ਸਮੇਂ ਵਿੱਚ ਅਜਿਹੇ ਕਿਸੇ ਵੀ ਮੋਰਚੇ ’ਤੇ ਸਿੱਖ ਸੰਗਤ ਨੂੰ ਵਿਸ਼ਵਾਸ ਨਹੀਂ ਕਰਨ ਦੇਵੇਗੀ। ਯਾਨੀ ਕਿ ਸਰਕਾਰਾਂ ਅਤੇ ਕਾਤਲ ਇੱਕ ਵਾਰ ਫਿਰ ਬਾਗੋ ਬਾਗ ਹਨ ਅਤੇ ਇੱਕ ਵਾਰ ਫਿਰ ਕਿਹਾ ਜਾਏਗਾ ਕਿ “ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ”।

Facebook Comments
Facebook Comment