• 5:36 pm
Go Back

ਵਾਸ਼ਿੰਗਟਨ: ਲੋਕਸਭਾ ਚੋਣਾਂ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐੱਨਡੀਏ ਨੇ ਬਹੁਮਤ ਹਾਸਲ ਕੀਤੀ ਹੈ ਇਸ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਉਨ੍ਹਾਂ ਨੂੰ ਵੱਡਾ ਸਮਰਥਨ ਮਿਲਿਆ। ਇੱਕ ਸਰਵੇ ‘ਚ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ 93.9 % ਭਾਰਤੀ ਐੱਨਆਰਆਈ ਚਾਹੁੰਦੇ ਸਨ ਕਿ ਨਰਿੰਦਰ ਮੋਦੀ ਦੁਬਾਰਾ ਪ੍ਰਧਾਨਮੰਤਰੀ ਬਣਨ ਤੇ 95.5 % ਐੱਨਆਰਆਈਆਂ ਨੇ ਭਾਰਤੀ ਵਿਦੇਸ਼ੀ ਮੰਤਰਾਲੇ ਦੇ ਕੰਮਾਂ ਨੂੰ ਸਰਾਹਿਆ ਹੈ।

ਸਰਵੇ ‘ਚ ਮੋਦੀ ਸਰਕਾਰ ਦੇ ਪ੍ਰਦਰਸ਼ਨ ਤੇ ਯੋਜਨਾਵਾਂ ਨਾਲ ਜੁੜੇ ਸਵਾਲ
ਇਹ ਸਰਵੇ ਮਈ ਮਹੀਨੇ ਦੀ ਸ਼ੁਰੂਆਤ ‘ਚ ਅਮਰੀਕਾ ਦੀ ਪਬਲਿਕ ਐਂਡ ਇੰਟਰਨੈਸ਼ਨਲ ਪਾਲਿਸੀ ਪਲੇਟਫਾਰਮ ਫਾਉਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟਡੀ ( ਐੱਫਆਈਆਈਡੀਐੱਸ ) ਨੇ ਕੀਤਾ। ਸਰਵੇ ‘ਚ ਲੋਕਾਂ ਤੋਂ ਮੋਦੀ ਸਰਕਾਰ ਦੇ ਪ੍ਰਦਰਸ਼ਨ, ਉਨ੍ਹਾਂ ਦੀ ਛਵੀ, ਯੋਜਨਾਵਾਂ ਤੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਸਵਾਲ ਪੁੱਛੇ ਗਏ ਸਨ।

92 % ਐੱਨਆਰਆਈਆਂ ਦਾ ਮੰਨਣਾ ਹੈ ਕਿ 2014 ਦੇ ਮੁਕਾਬਲੇ ਵਿਦੇਸ਼ਾਂ ‘ਚ ਭਾਰਤ ਦਾ ਸਨਮਾਨ ਵਧਿਆ ਹੈ। 93% ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਵਿੱਚ ਰੋਡ, ਰੇਲਵੇ, ਨਦੀਆਂ, ਟਰਾਂਸਪੋਰਟ ਅਤੇ ਬਿਜਲੀ ਵਰਗੇ ਵਿਕਾਸ ਕੰਮਾਂ ‘ਚ ਸ਼ਾਨਦਾਰ ਕੰਮ ਕੀਤਾ।

ਸਰਵੇ ‘ਚ ਮੋਦੀ ਸਰਕਾਰ ਦੀ ਸਵੱਛ ਭਾਰਤ ਯੋਜਨਾ ਨੂੰ 86.9 %, ਮੇਕ ਇਨ ਇੰਡੀਆ ਨੂੰ 84.6 %, ਡਿਜੀਟਲ ਇੰਡੀਆ ਨੂੰ 84.3 % ਅਤੇ 71 % ਐੱਨਆਰਆਈ ਨੇ ਸਟਾਰਟ-ਅਪ ਇੰਡੀਆ ਨੂੰ ਸਰਾਹਿਆ। ਜਦਕਿ 90.3 % ਲੋਕਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਦੀ ਅਗਵਾਈ ‘ਚ ਭਾਰਤ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੈ।

ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਅੱਤਵਾਦ ਦੇ ਖਿਲਾਫ ਸਖ਼ਤ ਰੁਖ਼ ਅਪਣਾਇਆ ਹੈ। 92 % ਐੱਨਆਰਆਈਆਂ ਨੂੰ ਇਹ ਪਸੰਦ ਵੀ ਆਇਆ। 82.5 % ਦਾ ਕਹਿਣਾ ਹੈ ਕਿ ਮੋਦੀ ਸਰਕਾਰ ‘ਚ ਧਰਮ ਅਤੇ ਜਾਤੀਗਤ ਦੰਗੇ ਵੀ ਨਾਂ ਦੇ ਬਰਾਬਰ ਹੀ ਹੋਏ ਹਨ। ਉੱਥੇ ਹੀ 63.3 % ਐੱਨਆਰਆਈ ਨੇ 2019 ਲੋਕਸਭਾ ਚੋਣਾਂ ਲਈ ਰਾਮ ਜਨਮ ਸਥਾਨ ਤੇ ਸਬਰੀਮਾਲਾ ਮਾਮਲੇ ਨੂੰ ਪ੍ਰਮੁੱਖ ਦੱਸਿਆ।

ਭਾਜਪਾ ਨੇ 303 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤੀ
ਲੋਕਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਗਏ ਹਨ। ਭਾਜਪਾ ਨੇ 542 ‘ਚੋਂ 303 ਸੀਟਾਂ ਜਿੱਤ ਕੇ ਬਹੁਮਤ ਦੇ ਨਾਲ ਦੁਬਾਰਾ ਸਰਕਾਰ ਬਣਾਈ ਹੈ। ਐੱਨਡੀਏ ਨੂੰ 352 ਸੀਟਾਂ ਮਿਲੀਆਂ, ਕਾਂਗਰਸ ਨੇ 52 ਸੀਟਾਂ ਜਿੱਤੀਆਂ ਤੇ ਯੂਪੀਏ ਇਸ ਵਾਰ 96 ਸੀਟਾਂ ਤੱਕ ਪਹੁੰਚੀ।

Facebook Comments
Facebook Comment