• 9:19 am
Go Back

ਚੰਡੀਗੜ੍ਹ( ਦਰਸ਼ਨ ਸਿੰਘ ਖੋਖਰ ): ਪੰਚਕੂਲਾ ਦਾ ਛੇ ਸਾਲ ਦਾ ਬੱਚਾ ਅਰੂਸ ਜੈਨ ਇਹ ਮੁਹਾਰਤ ਰੱਖਦਾ ਹੈ ਕਿ ਉਹ ਅੰਗਰੇਜ਼ੀ ਦੇ ਵੱਡੇ ਤੋਂ ਵੱਡੇ ਸ਼ਬਦਾਂ ਨੂੰ ਪੁੱਠੇ ਤਰੀਕੇ ਨਾਲ ਪੜ੍ਹਦਾ ਹੈ। ਇਸ ਮੁਹਾਰਤ ਕਾਰਨ ਹੁਣ ਉਸ ਦਾ ਨਾਮ ਇੰਡੀਆ ਬੁੱਕ ਵਿੱਚ ਦਰਜ ਹੋ ਚੁੱਕਿਆ ਹੈ। ਉਸ ਦੇ ਪਰਿਵਾਰ ਦੀ ਅਗਲੀ ਕੋਸ਼ਿਸ਼ ਇਹ ਹੈ ਕਿ ਉਨ੍ਹਾਂ ਦੇ ਬੱਚੇ ਦਾ ਨਾਮ ਗਿਨੀਜ਼ ਬੁੱਕ ਵਿੱਚ ਦਰਜ ਹੋ ਜਾਵੇ। ਅਜਿਹੀ ਕਲਾ ਦਾ ਮਾਲਕ ਛੋਟੀ ਉਮਰ ਦਾ ਦੁਨੀਆਂ ਵਿੱਚ ਉਹ ਇਕੱਲਾ ਬੱਚਾ ਹੈ।ਜਿਸ ਨੂੰ ਕਿ ਭਾਵੇਂ ਅੰਗਰੇਜ਼ੀ ਦੇ ਸ਼ਬਦਾਂ ਦੇ ਸਪੈਲਿੰਗ ਨਹੀਂ ਯਾਦ ਪਰ ਫਿਰ ਵੀ ਉਹ ਹਰ ਸ਼ਬਦ ਨੂੰ ਉਲਟੇ ਢੰਗ ਨਾਲ ਪੜ੍ਹ ਲੈਂਦਾ ਹੈ।
ਇਹ ਲਗਨ ਉਸ ਨੂੰ ਕਿਉਂ ਤੇ ਕਿਵੇਂ ਲੱਗੀ ਇਸ ਬਾਰੇ ਨਾ ਤਾਂ ਉਸ ਨੂੰ ਖ਼ੁਦ ਅਤੇ ਨਾ ਹੀ ਉਸ ਦੇ ਪਰਿਵਾਰ ਨੂੰ ਪਤਾ ਹੈ। ਦੋ ਮਹੀਨੇ ਪਹਿਲਾਂ ਜਦੋਂ ਅਰੂਸ ਹਰ ਸ਼ਬਦ ਉਲਟੇ ਢੰਗ ਨਾਲ ਪੜ੍ਹਦਾ ਸੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਇਸ ਲਗਨ ‘ਤੇ ਧਿਆਨ ਕੇਂਦਰਿਤ ਕੀਤਾ । ਫਿਰ ਉਨਾ ਖ਼ੁਦ ਬਹੁਤ ਔਖੇ ਸ਼ਬਦਾਂ ਬਾਰੇ ਅਰੂਸ ਪੁੱਛਿਆ ਤਾਂ ਉਸ ਨੇ ਸਾਰੇ ਸ਼ਬਦਾਂ ਨੂੰ ਉਲਟ ਬੋਲ ਦਿੱਤਾ। ਜਦੋਂ ਵੀ ਪਰਿਵਾਰ ਨੇ ਕਿਸੇ ਟੂਰ ‘ਤੇ ਜਾਣਾ ਤਾਂ ਉਹ ਸਾਈਨ ਬੋਰਡਾਂ ਅਤੇ ਦਫ਼ਤਰਾਂ ਦੁਕਾਨਾਂ ਅੱਗੇ ਲਿਖੇ ਸ਼ਬਦਾਂ ਨੂੰ ਉਲਟ ਹੀ ਪੜ੍ਹਦਾ ਸੀ। ਜਿਸ ਕਾਰਨ ਉਸ ਦੇ ਪਰਿਵਾਰ ਨੇ ਉਸ ਦਾ ਨਾਮ ਇੰਡੀਆ ਬੁੱਕ ਵਿੱਚ ਦਰਜ ਕਰਵਾਇਆ ਜਿਸ ਲਈ ਉਸ ਨੂੰ ਸਰਟੀਫਿਕੇਟ , ਮੈਡਲ ਅਤੇ ਇੱਕ ਪੈੱਨ ਇਨਾਮ ਵਜੋਂ ਦਿੱਤਾ ਗਿਆ। ਅਰੂਸ ਦੀ ਇਸ ਕਲਾ ਤੋਂ ਪੂਰਾ ਪਰਿਵਾਰ ਖੁਸ਼ੀ ਨਾਲ ਖੀਵਾ ਹੋਇਆ ਪਿਆ ਹੈ।

Facebook Comments
Facebook Comment