• 7:10 am
Go Back

ਗੁਰਦਾਸਪੁਰ: ਸੀ.ਬੀ.ਆਈ. ਦੀ ਅਦਾਲਤ ਨੇ ਇੱਕ ਅਜਿਹੀ ਮਾਂ ਨੂੰ ਇਨਸਾਫ ਦਿੱਤਾ ਹੈ, ਜਿਹੜੀ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਲਈ, 1992 ਤੋਂ ਠੋਕਰਾਂ ਖਾ ਰਹੀ ਸੀ। ਗੁਰਦਾਸਪੁਰ ਦੇ ਪਿੰਡ ਕੋਟਲਾ ਬਖਤਾ ਦੇ ਇਸ ਘਰ ਵਿੱਚ 26 ਸਾਲ ਦੇ ਮਾਤਮ ਤੋਂ ਬਾਅਦ, ਰਤਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਖੁਸ਼ੀ ਇਸ ਘਰ ਦੇ 15 ਸਾਲਾ ਮਾਸੂਮ ਪੁੱਤਰ ਹਰਪਾਲ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦੇਣ ਵਾਲੇ ਦਰਿੰਦੇ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਦੀ ਹੈ। ਅਦਾਲਤ ਨੇ ਭਾਵੇਂ ਇਸ ਦੇ ਪੁੱਤਰ ਨੂੰ ਕਤਲ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਉਮਰ ਭਰ ਲਈ ਜੇਲ੍ਹ ਭੇਜ਼ ਦਿੱਤਾ ਹੈ, ਪਰ ਉਸ ਮਾਂ ਦਾ ਕਾਲਜਾ ਅੱਜ ਵੀ ਆਪਣੇ ਜਵਾਨ ਪੁੱਤਰ ਨੂੰ ਗਵਾਉਣ ਦਾ ਗਮ ਨਹੀਂ ਭੁੱਲ ਪਾ ਰਿਹਾ।


ਬਲਵਿੰਦਰ ਕੌਰ ਅੱਜ ਆਪਣੀ ਧੀ ਅਤੇ ਜਵਾਈ ਦੇ ਘਰ ਰਹਿ ਰਹੀ ਹੈ। ਅਦਾਲਤ ਦੇ ਫੈਸਲੇ ਤੋਂ 26 ਸਾਲ ਪਹਿਲਾਂ ਇਸ ਪਰਿਵਾਰ ਨੇ ਜੋ ਸੰਤਾਪ ਹੰਢਾਇਆ ਸੀ ਉਸਨੂੰ ਧੀ ਰਾਜਬੀਰ ਕੌਰ ਅੱਜ ਵੀ ਭੁਲਾ ਨਹੀਂ ਪਾ ਰਹੀ। ਕਹਿੰਦੀ ਹੈ ਮੈਂ ਕਿੱਥੋਂ ਲਿਆਵਾਂ ਆਪਣਾ ਵੱਡਾ ਵੀਰ, ਦਰਿੰਦਿਆਂ ਨੇ ਜਾਂਦੀ ਵਾਰ ਮੈਨੂੰ ਉਸਦਾ ਮੂੰਹ ਵੀ ਦੇਖਣ ਨਹੀਂ ਦਿੱਤਾ। ਇਹ ਉਸ ਦੌਰ ਦੀ ਕਹਾਣੀ ਹੈ, ਜਿਥੇ ਪੰਜਾਬ ਅੰਦਰ ਹਜ਼ਾਰਾਂ ਘਰਾਂ ਵਿੱਚ ਮਾਰੇ ਗਏ ਹਰਪਾਲ ਸਿੰਘ ਵਰਗੇ ਪੁੱਤਰਾਂ ਦੇ ਸੱਥਰ ਤਾਂ ਵਿਛੇ, ਪਰ ਉਹ ਦਹਾਕੇ ਬੀਤ ਜਾਣ ਬਾਅਦ ਇਨਸਾਫ ਲਈ ਅੱਜ ਵੀ ਭਟਕ ਰਹੇ ਹਨ। ਹਰਪਾਲ ਸਿੰਘ ਦੇ ਪਰਿਵਾਰ ਨੂੰ ਤਾਂ ਅਦਾਲਤ ਵੱਲੋਂ ਇਨਸਾਫ ਮਿਲ ਗਿਆ, ਪਰ ਅਜਿਹੀਆਂ ਕਈ ਹੋਰ ਕਹਾਣੀਆਂ ਅੱਜ ਵੀ ਅਧੂਰੀਆਂ ਨੇ, ਜਿਨ੍ਹਾਂ ਦੇ ਕਾਤਲ ਸ਼ਰੇਆਮ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ, ਤੇ ਦੁਖੀ ਮਾਵਾਂ ਪੱਥਰ ਬਣੀਆਂ ਕੰਧਾਂ ਵੱਲ ਝਾਕ ਰਹੀਆਂ ਨੇ।

Facebook Comments
Facebook Comment