• 9:21 am
Go Back

ਮੈਂ ਆਪਣਾ ਫੈਸਲਾ 16 ਸਤੰਬਰ ਨੂੰ ਦਰਬਾਰ ਸਾਹਿਬ ਜਾ ਕੇ ਸੁਣਾਵਾਂਗਾ : ਫੂਲਕਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਐਚ.ਐਸ. ਫੂਲਕਾ ਵੱਲੋਂ ਪੰਜਾਬ ਸਰਕਾਰ ਨੂੰ 15 ਸਤੰਬਰ ਤੱਕ ਬੇਅਦਬੀ ਮਾਮਲਿਆਂ ਸੰਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਕਾਰਵਾਈ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ਼ ਪਰਚਾ ਦਰਜ ਕਰਨ ਦਾ ਅਲਟੀਮੇਟਮ ਦਿੱਤਾ ਹੋਇਆ ਹੈ। ਜਿਸ ਤਹਿਤ ਫੂਲਕਾ ਨੇ ਉਕਤ ਕਾਰਵਾਈ ਨਾ ਕੀਤੇ ਜਾਣ ਤੇ 16 ਸਤੰਬਰ ਨੂੰ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ ਦੀ ਧਮਕੀ ਦਿੱਤੀ ਹੈ। ਇਸ ਅਲਟੀਮੇਟਮ ਨੇ ਨਾ ਸਿਰਫ਼ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਚਿੰਤਾ ਵਿੱਚ ਪਾ ਰੱਖਿਆ ਹੈ ਬਲਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਫੂਲਕਾ ਦੇ ਇਸ ਫੈਸਲੇ ਨਾਲ ਦੁਖੀ ਦਿਖਾਈ ਦੇ ਰਹੇ ਹਨ ਪਰ ਪਤਾ ਲੱਗਾ ਹੈ ਕਿ ਇਸਦੇ ਬਾਵਜੂਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਫੂਲਕਾ ਨੂੰ 15 ਸਤੰਬਰ ਤੋਂ ਬਾਅਦ ਅਸਤੀਫਾ ਦੇ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਐਚ.ਐਸ. ਫੂਲਕਾ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਇਹ ਫੈਸਲਾ ਗੁਰੂ ਮਹਾਰਾਜ ਦੀ ਹਜੂਰੀ ਵਿਚ ਅਰਦਾਸ ਕਰਕੇ ਲਿਆ ਹੈ ਅਤੇ ਇੱਕ ਸੱਚੇ ਸਿੱਖ ਹੋਣ ਦੇ ਨਾਤੇ ਅਰਦਾਸ ਕਰਕੇ ਲਿਆ ਗਿਆ ਫੈਸਲਾ ਉਹ ਵਾਪਸ ਨਹੀਂ ਲੈਣਗੇ ਤੇ ਹੁਣ ਉਹ ਚਾਰ ਦਿਨ ਬਾਅਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਗੁਰੂ ਚਰਨਾਂ ਵਿੱਚ ਪੇਸ਼ ਹੋ ਕੇ ਹੀ ਆਪਣਾ ਫੈਸਲਾ ਸੁਣਾਉਣਗੇ। ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਲਾਜਵਾਬ ਹੋ ਗਏ ਤੇ ਉਨ੍ਹਾਂ ਨੂੰ ਫੂਲਕਾ ਦੀ ਗੱਲ ਮੰਨਣੀ ਹੀ ਪਈ।

ਇੱਧਰ ਫੂਲਕਾ ਨੇ ਇਹ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਬਾਦਲਾਂ ਅਤੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਸਣੇ ਪੁਲਿਸ ਅਧਿਕਾਰੀਆਂ ਨੂੰ ਹੁਣ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਹੁਣ ਜੋ ਐਫਆਈਆਰ ਦਰਜ ਕੀਤੀ ਗਈ ਹੈ ਉਸ ਵਿੱਚ ਵੀ ਪੁਲਿਸ ਅਧਿਕਾਰੀਆਂ ਦੇ ਨਾਂ ਸ਼ਾਮਿਲ ਨਾ ਕਰਕੇ ਅਣਪਛਾਤੀ ਪੁਲਿਸ ਤੇ ਪਰਚਾ ਦਿੱਤਾ ਹੈ ਤੇ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਫੂਲਕਾ ਅਨੁਸਾਰ ਪਿਛਲੀ ਪੰਜਾਬ ਸਰਕਾਰ ਨੇ ਵੀ ਅਣਪਛਾਤੀ ਪੁਲਿਸ ਦੇ ਖਿਲਾਫ਼ ਪਰਚਾ ਦਰਜ ਕੀਤਾ ਸੀ ਤੇ ਹੁਣ ਵੀ ਮਿਤੀ 7 ਅਗਸਤ 2018 ਨੂੰ ਦਰਜ ਕੀਤੀ ਗਈ ਐਫਆਈਆਰ ਨੰਬਰ 129 ਵਿੱਚ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਨਾਮ ਆਉਣ ਦੇ ਬਾਵਜੂਦ ਪੁਲਿਸ ਵਾਲਿਆਂ ਨੂੰ ਐਫਆਈਆਰ ਵਿੱਚ ਪਛਾਣਨ ਤੋਂ ਇਨਕਾਰ ਕਰ ਰਹੀ ਹੈ।

ਹਲਕਾ ਦਾਖਾ ਦੇ ਵਿਧਾਇਕ ਫੂਲਕਾ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹੋਰ ਕੋਈ ਪਾਰਟੀ ਉਨ੍ਹਾਂ ਨਾਲ ਖੜੇ ਭਾਵੇਂ ਨਾ ਪਰ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਉਹ ਬੇਅਦਬੀ ਮਾਮਲਿਆਂ ਤੇ ਸਰਕਾਰ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੇ ਆਪਣਾ ਅਸਤੀਫ਼ਾ ਦੇ ਦੇਣਗੇ। ਫੂਲਕਾ ਨੇ ਆਪਣੇ ਦਿਲ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ‘ਆਪ’ ਵਾਲੇ ਆਗੂ ਬਰਗਾੜੀ ਮਾਮਲੇ ਵਿੱਚ ਇਕਜੁਟ ਹੁੰਦੇ ਪਰ ਇਹ ਲੋਕ ਆਪਸ ਵਿਚ ਹੀ ਲੜੀ ਜਾ ਰਹੇ ਨੇ।

Facebook Comments
Facebook Comment