ਹੁਣ ਹੋਈਆਂ ਮੌਜਾਂ, ਛੁੱਟਿਆ ਟ੍ਰੈਫਿਕ ਪੁਲਿਸ ਤੋਂ ਖਹਿੜਾ, ਹੁਣ ਕੋਈ ਚੱਕਰ ਨਹੀਂ ਗੱਡੀ ਦੇ ਕਾਗ਼ਜ਼ਾਂ ਦਾ!

TeamGlobalPunjab
2 Min Read

ਚੰਡੀਗੜ੍ਹ : ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨੂੰ ਸਹੀ ਢੰਗ ਨਾਲ ਕਾਬੂ  ਕਰਨ ਲਈ ਵੱਖ ਵੱਖ ਉਪਰਾਲੇ ਕੀਤੇ ਜਾਂਦੇ ਹਨ, ਜਿਸ ਤਹਿਤ ਇਸ ਵਾਰ ਏਡੀਜੀਪੀ ਟ੍ਰੈਫਿਕ ਵਲੋਂ ਇੱਕ ਵੱਡਾ ਹੁਕਮ ਜਾਰੀ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਗਿਆ ਹੈ। ਇਸ ਹੁਕਮ ਤਹਿਤ ਹੁਣ ਟ੍ਰੈਫਿਕ ਪੁਲਿਸ ਵਾਲੇ ਬੇਵਜ੍ਹਾ ਕਿਸੇ ਵਾਹਨ ਚਾਲਕ ਨੂੰ ਰੋਕ ਕੇ ਕਾਗਜਾਂ ਦੀ ਚੈਕਿੰਗ ਨਹੀਂ ਕਰ ਸਕਣਗੇ। ਜੀ ਹਾਂ! ਤੁਸੀਂ ਬਿਲਕੁਲ ਠੀਕ ਪੜ੍ਹਿਆ ਹੈ। ਇਸ ਲਈ ਤੁਹਾਨੂੰ ਬੱਸ ਕਰਨਾ ਸਿਰਫ ਇਹ ਹੋਵੇਗਾ ਕਿ ਵਾਹਨ ਚਲਾਉਂਦੇ ਵਖ਼ਤ ਤੁਸੀਂ ਟ੍ਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰੋਂ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਕੋਈ ਵੀ ਟ੍ਰੈਫਿਕ ਪੁਲਿਸ ਵਾਲਾ ਕਾਗਜ ਚੈੱਕ ਕਰਨ ਦੇ ਨਾਮ ‘ਤੇ ਰੋਕ ਕੇ ਤੰਗ ਨਹੀਂ ਕਰੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਆਮ ਜਨਤਾ ਨੂੰ ਪੁਲਿਸ ਮੁਲਾਜ਼ਮਾਂ ਤੋਂ ਇਹੋ ਸ਼ਿਕਾਇਤ ਰਹਿੰਦੀ ਸੀ ਕਿ ਪੁਲਿਸ ਵਿਭਾਗ ਦੇ ਕਰਮਚਾਰੀ ਨਾਕਾ ਲਗਾ ਕੇ ਕਿਤੇ ਵੀ ਖੜ੍ਹੇ ਹੁੰਦੇ ਹਨ ਤੇ ਕਾਗਜ ਪੱਤਰ ਚੈੱਕ ਕਰਨ ਦੇ ਨਾ ਤੇ ਲੋਕਾਂ ਨੂੰ ਇਨ੍ਹਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਪਰ ਇਨ੍ਹਾਂ ਹੁਕਮਾਂ ਤੋਂ ਬਾਅਦ ਹੁਣ ਅਜਿਹਾ ਨਹੀਂ ਹੋਵੇਗਾ ਤੇ ਹੁਣ ਜੋ ਕੋਈ ਵੀ ਟ੍ਰੈਫਿਕ ਨਿਯਮ ਤੋੜੇਗਾ ਪੁਲਿਸ ਮੁਲਾਜ਼ਮ ਸਿਰਫ ਉਸ ਵਾਹਨ ਚਾਲਕ ਦੇ ਕਾਗਜ਼ਾਂ ਦੀ ਜਾਂਚ ਕਰਨਗੇ। ਟ੍ਰੈਫਿਕ ਪੁਲਿਸ ਦੇ ਏਡੀਜੀਪੀ ਐਸ ਐਸ ਚੌਹਾਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਆਮ ਲੋਕਾਂ ਨੂੰ ਹੁਣ ਇਸ ਕਦਮ ਤੋਂ ਬਾਅਦ ਭਾਰੀ ਰਾਹਤ ਮਿਲੇਗੀ।

ਏਡੀਜੀਪੀ ਟ੍ਰੈਫਿਕ ਪੁਲਿਸ ਐਸ.ਐਸ.ਚੌਹਾਨ ਕਹਿੰਦੇ ਹਨ ਕਿ ਹੁਣ ਤੋਂ ਬਾਅਦ ਜਿਹੜਾ ਵੀ ਕੋਈ ਪੁਲਿਸ ਅਧਿਕਾਰੀ ਨਾਕਾ ਲਗਾਉਂਦਾ ਹੈ ਉਹ ਭਾਵੇਂ ਕੋਈ ਕਾਂਸਟੇਬਲ ਹੋਵੇ ਜਾਂ ਫਿਰ ਕੋਈ ਹੋਰ ਰੈਂਕ ਦਾ ਅਧਿਕਾਰੀ ਉਸ ਦੀ ਮੁੱਢਲੀ ਜਿੰਮੇਵਾਰੀ ਟ੍ਰੈਫਿਕ ਨੂੰ ਕੰਟਰੋਲ ਕਰਨੀ ਹੋਵੇਗੀ ਤਾਂ ਕਿ ਹੋ ਰਹੀਆਂ ਦੁਰਘਟਨਾਵਾਂ ਦੀ ਦਰ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਕਾਗਜ ਚੈਕ ਕਰਨ ਨਾਲ ਦੁਰਘਟਨਾਵਾਂ ਨਹੀਂ ਘਟ ਜਾਂਦੀਆਂ ਅਤੇ ਆਮ ਤੌਰ ‘ਤੇ ਇਹ ਸ਼ਿਕਾਇਤਾਂ ਆਉਂਦੀਆਂ ਹਨ ਕਿ ਟ੍ਰੈਫਿਕ ਪੁਲਿਸ ਕਰਮਚਾਰੀ ਟ੍ਰੈਫਿਕ ਕੰਟਰੋਲ ਘੱਟ ਕਰਦੇ ਹਨ ਤੇ ਕਾਗਜ ਜਿਆਦਾ ਚੈਕ ਕਰਦੇ ਹਨ ਇਸੇ ਕਰਕੇ ਹੀ ਇਹ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

 

Share this Article
Leave a comment