ਹੁਣ ਬਠਿੰਡਾ ‘ਚ ਦਿਖਣਗੇ ‘ਸਾਲੇ’ ਹੀ ‘ਸਾਲੇ’

TeamGlobalPunjab
5 Min Read

ਬਠਿੰਡਾ : ਉਰਦੂ ਦੀ ਇੱਕ ਕਹਾਵਤ ਹੈ ‘ਸਾਰੀ ਖ਼ੁਦਾਈ ਏਕ ਤਰਫ਼, ਜ਼ੋਰੂ ਦਾ ਭਾਈ ਏਕ ਤਰਫ’। ਯਾਨੀ ਕਿ ਰੱਬ ਦੀ ਸਾਰੀ ਦੁਨੀਆਂ ਇੱਕ ਪਾਸੇ ਤੇ ਪਤਨੀ ਦਾ ਭਰਾ ਦੂਜੇ ਪਾਸੇ ਹੋਵੇ, ਤਾਂ ਵੀ ਪਤਨੀ ਦਾ ਭਰਾ ਹਰ ਪਾਸੋਂ ਭਾਰੀ ਰਹੇਗਾ। ਇਹ ਕਹਾਵਤ ਕਿਸ ਨੇ ਬਣਾਈ ਤੇ ਕਿਉਂ ਬਣਾਈ? ਇਸ ਬਾਰੇ ਤਾਂ ਕੁਝ ਪਤਾ ਨਹੀਂ, ਪਰ ਇੰਨਾ ਜਰੂਰ ਹੈ ਕਿ ਅੱਜ ਕੱਲ੍ਹ ਇਹ ਕਹਾਵਤ ਬਠਿੰਡਾ ਦੀ ਰਾਜਨੀਤੀ ‘ਤੇ ਕੁਝ ਜਿਆਦਾ ਹੀ ਢੁੱਕ ਰਹੀ ਹੈ। ਜਿੱਥੇ ਚੋਣ ਲੜ ਰਹੇ ਉਮੀਦਵਾਰਾਂ ਦੇ ਸਾਲੇ ਬੜੀ ਬੁਰੀ ਤਰ੍ਹਾਂ ਸਰਗਰਮ ਹਨ, ਤੇ ਇਨ੍ਹਾਂ ਸਰਗਰਮੀਆਂ ਨੂੰ ਦੇਖ ਕੇ ਲੋਕ ਹੁਣ ਇੱਥੋਂ ਤੱਕ ਕਹਿਣ ਲੱਗ ਪਏ ਹਨ ਕਿ ਇੱਥੇ ਤਾਂ ਸਾਲਿਆਂ ਦਾ ਹੀ ਰਾਜ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਇਸ ਹਲਕੇ ਤੋਂ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਆਪਣੀ ਭੈਣ ਹਰਸਿਮਰਤ ਬਾਦਲ ਦੀ ਚੋਣ ਮੁਹਿੰਮ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ, ਉੱਥੇ ਦੂਜੇ ਪਾਸੇ ਇਸੇ ਹਲਕੇ ਦੇ ਮੰਤਰੀ ਮਨਪ੍ਰੀਤ ਬਾਦਲ ਦੇ ਸਾਲੇ ਜੈਜੀਤ ਜੌਹਲ ਉਰਫ ਜੋਜੋ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿੱਚ ਕਮਾਂਡ ਸੰਭਾਲੀ ਹੋਈ ਹੈ। ਇੱਥੇ ਇਹ ਬੱਸ ਨਹੀਂ, ਰਾਜਾ ਵੜਿੰਗ ਦੇ ਸਾਲੇ ਵੱਲੋਂ ਵੀ ਆਪਣੇ ਜੀਜਾ ਸ੍ਰੀ ਨੂੰ ਇੱਥੋਂ ਜਿਤਵਾਉਣ ਲਈ ਅੱਡੀ ਚੋਟੀ ਦਾ ਪੂਰਾ ਜੋਰ ਲਾਇਆ ਜਾ ਰਿਹਾ ਹੈ। ਸੋ ਕੁੱਲ ਮਿਲਾ ਕੇ ਕਿਹਾ ਜਾ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਇਹ ਚੋਣ ਪਾਰਟੀਆਂ ਦੇ ਉਮੀਦਵਾਰਾਂ ਦੀ ਸਿਆਸੀ ਲੜਾਈ ਹੋਵੇਗੀ, ਉੱਥੇ ਦੂਜੇ ਪਾਸੇ ਇਸ ਨੂੰ ‘ਸਾਲਿਆਂ ਦੇ ਭੇੜ’ ਦਾ ਨਾਮ ਵੀ ਦਿੱਤਾ ਜਾ ਰਿਹਾ ਹੈ।

ਇਹ ਗੱਲ ਕਿਉਂ ਕਹੀ ਜਾ ਰਹੀ ਹੈ? ਇਸ ਨੂੰ ਸਮਝਣ ਲਈ ਆਪਾਂ ਨੂੰ ਫਲੈਸ਼ਬੈਕ ਵਿੱਚ ਜਾਣਾ ਪਵੇਗਾ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਇਹ ਭਲੀਭਾਂਤ ਯਾਦ ਹੋਵੇਗਾ, ਕਿ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਤੋਂ ਚੋਣ ਲੜਨ ਮੌਕੇ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੇ ਇਸ ਹਲਕੇ ਵਿੱਚ ਪੈਰ ਪਾਏ ਸਨ। ਉਸ ਤੋਂ ਬਾਅਦ 10 ਸਾਲ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਰਹੀ ਤੇ 10 ਸਾਲ ਹੀ ਇਸ ਹਲਕੇ ਵਿੱਚ ਹਰ ਪਾਸੇ ਪੋਸਟਰਾਂ, ਬੈਨਰਾਂ ਤੇ ਕੰਧਾਂ ‘ਤੇ ਬਿਕਰਮ ਸਿੰਘ ਮਜੀਠੀਆ ਹੀ ਛਾਏ ਰਹੇ। ਫਿਰ ਜਦੋਂ ਮਨਪ੍ਰੀਤ ਬਾਦਲ ਨੇ ਬਠਿੰਡਾ ਹਲਕੇ ਵਿੱਚੋਂ ਚੋਣ ਲੜੀ ਤਾਂ ਉਨ੍ਹਾਂ ਦੇ ਸਾਲੇ ਜੈਜੀਤ ਜੌਹਲ ਉਰਫ ਜੋਜੋ ਇਸ ਹਲਕੇ ‘ਚ ਛਾਅ ਗਏ। ਮਨਪ੍ਰੀਤ ਬਾਦਲ ਦੀ ਜਿੱਤ ਨੇ ਜੈਜੀਤ ਜੌਹਲ ਨੂੰ ਇਸ ਹਲਕੇ ਵਿੱਚ ਉਹ ਥਾਂ ਦੇ ਦਿੱਤੀ ਜਿਹੜੀ ਥਾਂ ਸੱਤਾਧਾਰੀ ਅਕਾਲੀਆਂ ਨੇ ਬਿਕਰਮ ਮਜੀਠੀਆ ਨੂੰ ਦੇ ਰੱਖੀ ਸੀ। ਯਾਨੀ ਕਿ ਉਸ ਮਗਰੋਂ ਚਾਰੇ ਪਾਸੇ ਜੈਜੀਤ ਜੌਹਲ ਹੀ ਛਾਅ ਗਏ। ਹੁਣ ਇਸ ਹਲਕੇ ਤੋਂ ਕਾਂਗਰਸ ਦੇ ਤੇਜ ਤਰਾਰ, ਨੌਜਵਾਨ ਆਗੂ ਤੇ ਵਿਧਾਇਕ ਰਾਜਾ ਵੜਿੰਗ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਉਨ੍ਹਾਂ ਨੂੰ ਟਿਕਟ ਮਿਲਦਿਆਂ ਹੀ ਰਾਜਾ ਵੜਿੰਗ ਦੇ ਸਾਲਾ ਸਾਬ੍ਹ ਵੀ ਇਸ ਚੋਣ ਮੈਦਾਨ ਵਿੱਚ ਕੁੱਦ ਪਏ ਹਨ। ਉਨ੍ਹਾਂ ਨੇ ਵੀ ਆਪਣੇ ਜੀਜਾ ਸ੍ਰੀ ਨੂੰ ਜਿਤਾਉਣ ਲਈ ਥਾਂ-ਥਾਂ ਨੁੱਕੜ ਮੀਟਿੰਗਾਂ ਤੇ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਬਾਦਲ ਦੇ ਸਾਲੇ ਜੈਜੀਤ ਜੌਹਲ ਨੇ ਤਾਂ ਬਿਕਰਮ ਮਜੀਠੀਆ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ, ਕਿ ਮਜੀਠੀਆ ਜੇਕਰ ਇਸ ਹਲਕੇ ਵਿੱਚ ਬੰਦੇ ਲੈ ਕੇ ਆਇਆ ਤਾਂ ਉਸ ਨੂੰ ਵਾਪਸ ਮਾਝੇ ਭਜਾਇਆ ਜਾਵੇਗਾ। ਹਾਲਾਂਕਿ ਮਜੀਠੀਆ ਨੇ ਇਸ ਸਬੰਧ ਵਿੱਚ ਅਜੇ ਕੋਈ ਜਵਾਬ ਨਹੀਂ ਦਿੱਤਾ, ਪਰ ਇੰਨਾ ਜਰੂਰ ਹੈ ਕਿ ਉਹ ਇਸ ਤੋਂ ਪਹਿਲਾਂ ਜੈਜੀਤ ਜੌਹਲ ਨਾਲ ਇੱਥੋਂ ਤੱਕ ਭਿੜ ਚੁਕੇ ਹਨ ਕਿ ਮਨਪ੍ਰੀਤ ਬਾਦਲ ਦੇ ਸਾਲੇ ਜੈਜੀਤ ਜੌਹਲ ਨੇ ਤਾਂ ਮਜੀਠੀਆ ਖਿਲਾਫ ਅਦਾਲਤ ਵਿੱਚ ਮਾਨਹਾਨੀ ਦਾ ਮਾਮਲਾ ਤੱਕ ਦਾਇਰ ਕੀਤਾ ਹੋਇਆ ਹੈ। ਇਨ੍ਹਾਂ ਦੋ ਸਿਆਸਤਦਾਨਾਂ ਦੇ ਸਾਲਿਆਂ ਦੀ ਆਪਸੀ ਭੇੜ ਅਜੇ ਜਾਰੀ ਹੀ ਸੀ, ਕਿ ਰਾਜਾ ਵੜਿੰਗ ਦੇ ਸਾਲੇ ਨੇ ਵੀ ਹੁਣ ਮੈਦਾਨ ‘ਚ ਐਂਟਰੀ ਮਾਰੀ ਹੈ, ਤੇ ਹੁਣ ਹਲਕਾ ਬਠਿੰਡਾ ਦੇ ਲੋਕ ਉਕਤ ਸਿਆਸਤਦਾਨਾਂ ਦੇ ਸਾਲਿਆਂ ਦਾ ਭੇੜ ਦੇਖਣ ਲਈ ਉਤਾਵਲੇ ਹਨ। ਇਸ ਭੇੜ ਵਿੱਚ ਕਿਸ ਸਿਆਸਤਦਾਨ ਦਾ ਸਾਲਾ ਜਿੱਤ ਕੇ ਝੰਡੀ ਪੁੱਟੇਗਾ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ, ਪਰ ਇੰਨਾ ਜਰੂਰ ਹੈ ਕਿ ਜਿੱਥੇ ਸਾਰੇ ਪੰਜਾਬ ਵਿੱਚ ਉਮੀਦਵਾਰਾਂ ਦੀ ਜਿੱਤ ਹਾਰ ਹੋਵੇਗੀ, ਉੱਥੇ ਬਠਿੰਡਾ ਵਿੱਚ ਕਿਸੇ ਸਿਆਸਤਦਾਨ ਦੇ ਸਾਲੇ ਦੀ।

Share this Article
Leave a comment