ਹਾਈਕਮਾਂਡ ਨੇ ਖਹਿਰਾ ਤੇ ਹੋਰ ਬਾਗ਼ੀਆਂ ਲਈ ਆਪ ਦੇ ਦਰਵਾਜ਼ੇ ਕੀਤੇ ਸਦਾ ਲਈ ਬੰਦ ?

Prabhjot Kaur
4 Min Read
ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਆਪਣੇ ਬਾਗੀ ਵਿਧਾਇਕਾਂ ਲਈ ਸੁਲਾਹ  ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 20 ਤੇ 28 ਜਨਵਰੀ ਤੋਂ ਇਲਾਵਾ 8 ਫਰਵਰੀ ਨੂੰ ਮਾਝਾ ਮਾਲਵਾ ਤੇ ਦੁਆਬਾ ਵਿੱਚ ਚੋਣ ਰੈਲੀਆਂ ਕਰਨ ਤੋਂ ਪਹਿਲਾਂ 3 ਜਨਵਰੀ ਨੂੰ ਪਾਰਟੀ ਦੇ ਪੰਜਾਬ ਵਿਚਲੇ ਸੰਸਦ ਮੈਂਬਰਾਂ, ਅਹੁਦੇਦਾਰਾਂ ਵਿਧਾਇਕਾਂ ਵੱਖ ਵੱਖ ਸੈੱਲਾਂ ਦੇ ਮੁਖੀਆਂ ਨੂੰ ਦੁਪਹਿਰ ਦੇ ਖਾਣੇ ਤੇ ਬੁਲਾ ਕੇ ਮੀਟਿੰਗ ਕਰਨ ਜਾ ਰਹੇ ਹਨ, ਪਰ ਇਸ ਮੌਕੇ ਸੁਖਪਾਲ ਖਹਿਰਾ ਕੰਵਰ ਸੰਧੂ ਤੇ ਬਾਕੀ ਪੰਜ ਹੋਰ ਬਾਗੀ ਵਿਧਾਇਕਾਂ ਨੂੰ ਕਿਸੇ ਨੇ ਵੀ ਦਿੱਲੀ ਆਉਣ ਦਾ ਸੱਦਾ ਨਹੀਂ ਦਿੱਤਾ ਹੈ ।
ਇਸ ਸਬੰਧੀ ਹਾਸਲ ਕੀਤੀ ਗਈ ਵਧੇਰੇ ਜਾਣਕਾਰੀ ਅਨੁਸਾਰ ਕੇਜਰੀਵਾਲ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਮਾਲਵਾ ਦੀ ਰੈਲੀ ਬਰਨਾਲਾ ਵਿਖੇ 20 ਜਨਵਰੀ ਨੂੰ ਕੀਤੀ ਜਾਵੇਗੀ ਤੇ ਇਸ ਲਈ ਪ੍ਰੋਗਰਾਮ ਲੱਗਭੱਗ ਮਿੱਥ ਲਿਆ ਗਿਆ ਹੈ। ਮਾਝੇ ਤੇ ਦੋਆਬੇ ਦੀਆਂ 28 ਜਨਵਰੀ ਤੇ  8 ਫਰਵਰੀ ਨੂੰ ਹੋਣ ਵਾਲੀਆਂ ਰੈਲੀਆਂ ਸਬੰਧੀ ਤਿੰਨ ਜਨਵਰੀ ਦੀ ਮੀਟਿੰਗ ਵਿੱਚ ਹੀ ਤੈਅ ਕੀਤਾ ਜਾਵੇਗਾ ਕਿ ਇਹ ਮੀਟਿੰਗਾਂ ਕਿੱਥੇ ਤੇ ਕਿਵੇਂ ਕੀਤੀਆਂ ਜਾਣੀਆਂ ਹਨ ।
ਇੱਥੇ ਅਹਿਮ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਸਿਰਫ ਆਪਣੇ ਦਮ ਤੇ ਹੀ ਲੜਨ ਦਾ ਫੈਸਲਾ ਕੀਤਾ ਹੋਇਆ ਹੈ ਤੇ ਇਸੇ ਲਈ ਪਾਰਟੀ ਨੇ ਕਈ ਹਲਕਿਆਂ ਤੋਂ ਆਪਣੇ ਉਮੀਦਵਾਰ ਵੀ ਪਹਿਲਾਂ ਤੋਂ ਹੀ ਐਲਾਨ ਦਿੱਤੇ ਹਨ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇਹ ਚਾਹੁੰਦੇ ਹਨ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਉਹ ਪੰਜਾਬ ਵਿੱਚ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰ ਦੇਣ, ਕਿਉਂਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ  ਆਪ ਦਾ ਜਿੱਥੇ ਆਪਣੇ ਵਿਰੋਧੀ ਅਕਾਲੀਆਂ ਤੇ ਕਾਂਗਰਸੀਆਂ ਨਾਲ ਮੁਕਾਬਲਾ ਹੈ ਉਥੇ ਉਸ ਨੇ ਪਾਰਟੀ ਦੇ ਆਪਣੇ ਉਨ੍ਹਾਂ ਬਾਗੀਆਂ ਨਾਲ ਵੀ ਨਜਿੱਠਣਾ ਹੈ ਜਿਨ੍ਹਾਂ ਨੂੰ ‘ਆਪ’ ਦੇ ਵਿਭੀਸ਼ਣਾ ਦਾ ਖਿਤਾਬ ਦਿੱਤਾ ਜਾ ਰਿਹਾ ਹੈ ।
ਦੱਸ ਦਈਏ ਕਿ ਆਪ ਹਾਈਕਮਾਂਡ ਵੱਲੋਂ ਤਿੰਨ ਜਨਵਰੀ ਨੂੰ ਦਿੱਲੀ ਦੇ ਸਿਵਲ ਲਾਈਨ ਇਲਾਕੇ ਵਿੱਚ ਸਥਿਤ ਫਲੌਰਾ ਸਟਾਫ ਰੋਡ ਦੇ ਬੰਗਲਾ ਨੰਬਰ 6 ਵਿੱਚ ਇਹ ਮੀਟਿੰਗ ਸੱਦੀ ਗਈ ਹੈ ਤੇ ਉਸ ਦੌਰਾਨ ਪੰਜਾਬ ਵਿੱਚੋਂ ਆਏ ਹੋਏ ਸਾਰੇ ਹੀ ਪਾਰਟੀ ਅਹੁਦੇਦਾਰਾਂ ਤੇ ਵਿਧਾਇਕਾਂ ਨੂੰ ਦਿੱਲੀ ਦੇ ਸਕੂਲਾਂ ਤੇ ਹਸਪਤਾਲਾਂ ਤੋਂ ਇਲਾਵਾ ਉਨ੍ਹਾਂ ਹੋਰਾਂ ਥਾਵਾਂ ਦਾ ਦੌਰਾ ਵੀ ਕਰਵਾਇਆ ਜਾਵੇਗਾ ਜਿਨ੍ਹਾਂ ਵਿੱਚ ਦਿੱਲੀ ਦੀ ਆਪ ਸਰਕਾਰ ਨੇ ਵਿਕਾਸ ਕਾਰਜ ਕਰਵਾਏ ਹਨ, ਤਾਂ ਕਿ ਪੰਜਾਬ ਜਾ ਕੇ ਚੋਣ ਮੀਟਿੰਗਾਂ ਤੇ ਰੈਲੀਆਂ ਵਿੱਚ ਇਹ ਲੋਕ ਪੰਜਾਬੀਆਂ ਨੂੰ ਇਹ ਦੱਸ ਸਕਣ ਕਿ ਜੇ ਤੁਸੀਂ ਆਪ ਨੂੰ ਵੋਟਾਂ ਪਾਉਗੇ ਤਾਂ ਤੁਹਾਡੇ ਇਲਾਕਿਆਂ ‘ਚ ਵੀ ਦਿੱਲੀ ਵਰਗਾ ਵਿਕਾਸ ਕਰਵਾਇਆ ਜਾਵੇਗਾ । ਇਸ ਦੌਰਾਨ ਉੱਥੋਂ ਉਨ੍ਹਾਂ ਨੂੰ ਇਹ ਗੁਰ ਵੀ ਦਿੱਤੇ ਜਾਣਗੇ ਕਿ ਪੰਜਾਬ ‘ਚ ਲੋਕਾਂ ਨੂੰ ਦਿੱਲੀ ਦੀ ਤਰੱਕੀ ਤੋਂ ਕਿਵੇਂ ਪ੍ਰਭਾਵਿਤ ਕੀਤਾ ਜਾ ਸਕਦਾ ਹੈ ।
ਇਸ ਸਬੰਧ ਵਿੱਚ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਪਾਰਟੀ ਹਾਈ ਕਮਾਂਡ ਵੱਲੋਂ ਸੱਦੀ ਗਈ ਇਸ ਮੀਟਿੰਗ ਦੀ ਪੁਸ਼ਟੀ ਕੀਤੀ ਹੈ ।ਉਨ੍ਹਾਂ ਕਿਹਾ ਕਿ ਇਹ ਮੀਟਿੰਗ ਪਾਰਟੀ ਨਾਲ ਜੁੜੇ ਵਿਧਾਇਕਾਂ ਤੇ ਅਹੁਦੇਦਾਰਾਂ ਲਈ ਸੱਦੀ ਗਈ ਹੈ ਜਿਸ ਵਿੱਚ ਆਉਂਦੀਆਂ ਲੋਕ ਸਭਾ ਚੋਣਾਂ ਸਬੰਧੀ ਰਣਨੀਤੀ ਵਿਚਾਰੀ ਜਾਵੇਗੀ ।
ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਨਾ ਦਿੱਤੇ ਜਾਣ ਸਬੰਧੀ  ਪੁਸ਼ਟੀ ਕਰਦਿਆਂ ਪਾਰਟੀ ਦੇ ਬਾਗ਼ੀ ਵਿਧਾਇਕ ਸੁਖਪਾਲ ਖਹਿਰਾ, ਜਗਦੇਵ ਸਿੰਘ ਤੇ ਕੰਵਰ ਸੰਧੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਕਿ ਕਿਸ ਨੇ ਕਿੱਥੇ ਮੀਟਿੰਗ ਰੱਖੀ ਹੈ । ਖਹਿਰਾ ਅਨੁਸਾਰ ਜਦੋਂ ਤੋਂ ਆਪ ਨੇ ਉਨ੍ਹਾਂ ਨੂੰ ਮੁਅੱਤਲ ਕੀਤਾ ਹੈ ਉਦੋਂ ਤੋਂ ਉਨ੍ਹਾਂ ਦਾ ਰਾਬਤਾ ਪਾਰਟੀ ਆਗੂਆਂ ਨਾਲੋਂ ਟੁੱਟ ਗਿਆ ਹੈ । ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਬਿਨਾਂ ਸੱਦੇ ਤੋਂ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ।
ਇੰਝ ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਬਾਗੀ ਵਿਧਾਇਕਾਂ ਲਈ ਸੁਲਾਹ ਦੇ ਸਾਰੇ ਦਰਵਾਜੇ ਬੰਦ ਕਰ ਦਿੱਤੇ ਹਨ।

Share this Article
Leave a comment