ਹਰਸਿਮਰਤ ਬਾਦਲ ਨੇ ਰਾਹੁਲ ਤੇ ਸੁਨੀਲ ਜਾਖੜ ਦੀ ਹਾਰ ਸਬੰਧੀ ਕਰਤਾ ਵੱਡਾ ਖੁਲਾਸਾ, ਸੱਚ ਜਾਣ ਕੇ ਤੁਸੀਂ ਵੀ ਹੋ ਜਾਓਂਗੇ ਹੈਰਾਨ!

TeamGlobalPunjab
5 Min Read

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਬਠਿੰਡਾ ਤੋਂ ਜੇਤੂ ਉਮੀਦਵਾਰ ਤੇ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ, ਕਿ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਸ ਲਈ ਹਾਰੇ ਹਨ, ਕਿਉਂਕਿ ਇਨ੍ਹਾਂ ਲੋਕਾਂ ਨੂੰ ਬੇਅਦਬੀ ਦੇ ਮਾਮਲੇ ‘ਚ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਦੁਖੀ ਮਨ ਨਾਲ ਬਦਦੁਆ ਦਿੱਤੀ ਸੀ।ਹਰਸਿਮਰਤ ਅਨੁਸਾਰ ਦੇਸ਼ ਵਿੱਚ ਕਾਂਗਰਸ ਪਾਰਟੀ ਦੀ ਇਹ 4 ਦਹਾਕਿਆਂ ਤੋਂ ਬਾਅਦ ਸਭ ਤੋਂ ਵੱਡੀ ਹਾਰ ਹੈ, ਤੇ ਹਾਲਾਤ ਇਹ ਹਨ ਕਿ ਪੰਜਾਬ ਵਿੱਚ ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਕਾਂਗਰਸੀਆਂ ਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਚੋਣ ਹਾਰ ਗਿਆ ਹੈ। ਹਰਸਿਮਰਤ ਦੇ ਇਸ ਬਿਆਨ ਤੋਂ ਬਾਅਦ ਜਿੱਥੇ ਅਕਾਲੀਆਂ ਨੇ ਛਾਤੀ ਚੌੜੀ ਕਰਕੇ ਇਸ ਬਿਆਨ ਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਸੂਝਵਾਨ ਅਤੇ ਸਿਆਸਤ ਦੇ ਮਾਹਰ ਲੋਕਾਂ ਵਿੱਚ ਇਹ ਚਰਚਾ ਛਿੜ ਗਈ ਹੈ ਕਿ, ਕੀ ਬਦਦੁਆਵਾਂ ਦੇਣ ਨਾਲ ਚੋਣ ਹਰਾਈ ਜਾਂ ਜਿੱਤੀ ਜਾ ਸਕਦੀ ਹੈ?

ਹਰਸਿਮਰਤ ਕੌਰ ਬਾਦਲ ਨੇ ਇੱਥੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ, ਕਿ ਜਿਹੜੀ ਕਾਂਗਰਸ ਪਾਰਟੀ ਸਾਲ 2015 ਤੋਂ ਸੂਬੇ ਅੰਦਰੀ ਹੋਈਆਂ ਬੇਅਦਬੀਆਂ ਦੇ ਮਾਮਲੇ ‘ਤੇ ਰਾਜਨੀਤੀ ਕਰਦੀ ਆਈ ਹੈ, ਉਹ ਦੱਸੇ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਹੁਣ ਤੱਕ ਉਨ੍ਹਾਂ ਨੇ ਇਨ੍ਹਾਂ ਮਾਮਲਿਆਂ ਦੇ ਕਿੰਨੇ ਦੋਸ਼ੀ ਫੜੇ ਹਨ? ਉਨ੍ਹਾਂ ਦਾਅਵਾ ਕੀਤਾ ਕਿ ਬੇਅਦਬੀਆਂ ਦੇ ਅਸਲੀ ਦੋਸ਼ੀ ਤਾਂ ਅਜੇ ਤੱਕ ਫੜੇ ਹੀ ਨਹੀਂ ਗਏ ਹਨ, ਜਿਹੜੇ ਕਿ ਸਿੱਖ ਹਿਰਦਿਆਂ ਨੂੰ ਦੁੱਖ ਪਹੁੰਚਾਉਣ ਦੇ ਮੁੱਖ ਕਾਰਨ ਸਨ।

ਹਰਸਿਮਰਤ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨੂੰ ਕੋਰੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਜਿਸ ‘ਚ ਕੈਪਟਨ ਨੇ ਇਹ ਦਾਅਵਾ ਕੀਤਾ ਸੀ, ਕਿ ਇਸ ਵਾਰ ਦੀਆਂ ਚੋਣਾਂ ਦੌਰਾਨ ਵੀ ਅਕਾਲੀ ਦਲ ‘ਤੇ ਬੇਅਦਬੀਆਂ ਦਾ ਮੁੱਦਾ ਭਾਰੀ ਪਿਆ ਹੈ। ਉਨ੍ਹਾਂ ਤਰਕ ਦਿੱਤਾ ਕਿ ਸਿੱਖ ਪੰਥ ਨੂੰ ਇਹ ਭਲੀ ਭਾਂਤ ਖ਼ਬਰ ਹੈ ਕਿ ਬੇਅਦਬੀਆਂ ਦੇ ਅਸਲ ਮੁਜ਼ਰਮ ਕੌਣ ਹਨ। ਹਰਸਿਮਰਤ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਇਨ੍ਹਾਂ ਮਾਮਲਿਆਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾਉਂਦੇ ਤਾਂ ਉਹ ਉਨ੍ਹਾਂ ਨੂੰ ਬਠਿੰਡਾ ਅੰਦਰ ਪਹਿਲਾਂ ਨਾਲੋਂ ਵੱਧ ਵੋਟਾਂ ਪਾ ਕੇ ਨਾ ਜਿਤਾਉਂਦੇ ਤੇ ਨਾ ਹੀ ਫਿਰੋਜ਼ਪੁਰ ‘ਚ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦਿਆਂ ਸੁਖਬੀਰ ਬਾਦਲ ਨੂੰ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਜਿਤਵਾਉਂਦਾ।

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਸ ਗੱਲ ‘ਤੇ ਮੋਹਰ ਲਾ ਦਿੱਤੀ ਹੈ, ਕਿ ਉਨ੍ਹਾਂ ਦੇ ਵਿਰੋਧੀ ਬੇਅਦਬੀ ਦੇ ਮੁੱਦੇ ਚੁੱਕ ਕੇ ਸਿਰਫ ਰਾਜਨੀਤੀ ਕਰ ਰਹੇ ਸਨ। ਜੇਕਰ ਅਜਿਹਾ ਨਾ ਹੁੰਦਾ ਤਾਂ ਬਰਗਾੜੀ ਮੋਰਚੇ ਵਾਲਿਆਂ ਦੀ ਜਮਾਨਤ ਜ਼ਬਤ ਨਾ ਹੁੰਦੀ। ਉਨ੍ਹਾਂ ਕਾਂਗਰਸ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਚੋਣ ਲੜਨ ਵਾਲੀਆਂ ਪਾਰਟੀਆਂ ਦਾ ਰਾਸ਼ਟਰੀ ਪੱਧਰ ‘ਤੇ ਸਫਾਇਆ ਹੋ ਗਿਆ ਹੈ, ਤੇ 26 ਰਾਜਾਂ ਵਿੱਚ ਇਸ ਪਾਰਟੀ ਦੇ 1 ਸੌ 11 ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਣਾ, ਇਸ ਗੱਲ ਦਾ ਵੱਡਾ ਸਬੂਤ ਹੈ। ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਨਵਜੋਤ ਸਿੰਘ ਸਿੱਧੂ ‘ਤੇ ਵੀ ਵਾਰ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਫੁੱਟ ਸਿੱਧੂ ਕਾਰਨ ਹੀ ਪਈ ਹੈ।

- Advertisement -

ਹਰਸਿਮਰਤ ਕੌਰ ਬਾਦਲ ਨੇ ਇੱਥੇ ਭਾਵੁਕ ਹੁੰਦਿਆਂ ਕਿਹਾ ਕਿ ਸਭ ਤੋਂ ਵੱਡੀ ਕਚਹਿਰੀ ਪਰਮ ਪਿਤਾ ਪ੍ਰਮੇਸ਼ਵਰ ਦੀ ਹੈ, ਤੇ ਜਨਤਾ ਵੱਲੋਂ ਪਾਈਆਂ ਗਈਆਂ ਵੋਟਾਂ ਰੱਬ ਵੱਲੋਂ ਦਿੱਤਾ ਗਿਆ ਫਤਵਾ ਹੈ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦਾ ਦੇਸ਼ ਅਤੇ ਪੰਜਾਬ ਵਿੱਚ ਜੋ ਹਾਲ ਹੋਇਆ ਹੈ, ਉਹ ਸੁਖਬੀਰ ਬਾਦਲ ਦੀ ਬਦਦੁਆ ਦਾ ਨਤੀਜਾ ਹੈ, ਕਿਉਂਕਿ ਵਿਰੋਧੀ ਕਾਂਗਰਸ ਪਾਰਟੀ ਵਾਲਿਆਂ ਨੇ ਉਨ੍ਹਾਂ ‘ਤੇ ਝੂਠੇ ਦੋਸ਼ ਲਾਏ ਸਨ, ਇਸ ਲਈ ਪ੍ਰਮਾਤਮਾਂ ਨੇ ਇਸ ਦਾ ਇਨਸਾਫ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦਾ ਇਸ ਤੋਂ ਵੀ ਬੁਰਾ ਹਾਲ ਹੋ ਜਾਵੇਗਾ।

ਦੱਸ ਦਈਏ ਕਿ ਲੋਕ ਸਭਾ ਚੋਣਾਂ ਦੌਰਾਨ ਸੁਖਬੀਰ ਬਾਦਲ ਨੇ ਜਗ੍ਹਾ ਜਗ੍ਹਾ ਕੀਤੀਆਂ ਰੈਲੀਆਂ ਵਿੱਚ ਦਿੱਤੇ ਭਾਸ਼ਣਾ ਦੌਰਾਨ ਬੋਲਦਿਆਂ ਕਿਹਾ ਸੀ, ਕਿ ਬੇਅਦਬੀਆਂ ਕਰਨ ਵਾਲਿਆਂ ਦਾ ਕੱਖ ਨਾ ਰਹੇ ਅਤੇ ਉਨ੍ਹਾਂ ਦਾ ਬੇੜਾ ਗਰਕ ਹੋ ਜਾਵੇ। ਹੁਣ ਹਰਸਿਮਰਤ ਦਾ ਦਾਅਵਾ ਸਹੀ ਹੈ, ਜਾਂ ਸਭ ਵਕਤ ਦਾ ਹੇਰ-ਫੇਰ ਹੈ? ਇਹ ਤਾਂ ਪਤਾ ਨਹੀਂ ਪਰ ਇੰਨਾ ਜਰੂਰ ਹੈ, ਕਿ ਦੇਸ਼ ਵਿੱਚ ਕਾਂਗਰਸ ਦੀ ਹਾਰ ਅਤੇ ਬਾਦਲ ਪਰਿਵਾਰ ਦੀ ਦੋ ਸੀਟਾਂ ‘ਤੇ ਜਿੱਤ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਜੇਕਰ ਤੁਸੀਂ ਕੁਝ ਹੋਰ ਸਿਆਸਤਦਾਨਾਂ ਨੂੰ ਵੀ ਸਟੇਜ਼ਾਂ ਤੋਂ ਆਪਣੇ ਵਿਰੋਧੀਆਂ ਨੂੰ ਬਦਦੁਆਵਾਂ ਦਿੰਦੇ ਦੇਖੋਂ ਤਾਂ ਇਸ ਵਿੱਚ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇਕਰ ਹਰਸਿਮਰਤ ਕੌਰ ਬਾਦਲ ਦੀ ਗੱਲ ਸੱਚੀ ਹੈ, ਤਾਂ ਬਦਦੁਆ ਵਾਕਿਆ ਹੀ ਬੜੀ ਕੰਮ ਦੀ ਚੀਜ਼ ਹੈ ਤੇ ਇਸ ਨਾਲ ਚੋਣ ਜਿੱਤੀ ਜਾ ਸਕਦੀ ਹੈ।

 

Share this Article
Leave a comment