ਹਰਸਿਮਰਤ ਖਿਲਾਫ ਚੋਣ ਲੜਨਾ ਮੇਰਾ ਕੈਰੀਅਰ ਤਬਾਹ ਕਰ ਸਕਦਾ ਹੈ, ਪਰ ਮੈਂ ਡਰਦਾ ਨਹੀਂ : ਖਹਿਰਾ

Prabhjot Kaur
4 Min Read

ਬਠਿੰਡਾ : ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਖਿਲਾਫ ਚੋਣ ਲੜਨਾ ਉਨ੍ਹਾਂ ਦੀ ਜਿੰਦਗੀ ਦਾ ਵੱਡਾ ਫੈਸਲਾ ਹੈ, ਜੋ ਕਿ ਉਨ੍ਹਾਂ (ਖਹਿਰਾ) ਦਾ ਕੈਰੀਅਰ ਤੱਕ ਤਬਾਹ ਕਰ ਸਕਦਾ ਹੈ, ਪਰ ਉਹ ਇਸ ਗੱਲ ਤੋਂ ਘਬਰਾਉਂਦੇ ਨਹੀਂ ਹਨ। ਖਹਿਰਾ ਨੇ ਇਹ ਵਿਚਾਰ ਅੰਗਰੇਜ਼ੀ ਦੇ ਇੱਕ ਅਖ਼ਬਾਰ ‘ਦਾ ਟ੍ਰਿਬਿਊਨ’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਪ੍ਰਗਟ ਕੀਤੇ।

ਇਸ ਇੰਟਰਵਿਊ ਵਿੱਚ ਜਦੋਂ ਸੁਖਪਾਲ ਖਹਿਰਾ ਨੂੰ ਇਹ ਪੁੱਛਿਆ ਗਿਆ ਕਿ ਉਹ ਬਠਿੰਡਾ ਤੋਂ ਅਕਾਲੀਆਂ ਵਿਰੁੱਧ ਪੈਣ ਵਾਲੀ ਵੋਟ ਨੂੰ ਵੰਡਣ ਲਈ ਚੋਣ ਲੜ ਰਹੇ ਨੇ, ਕੀ ਇਹ ਚੀਜ਼ ਉਸ ਹਰਸਿਮਰਤ ਕੌਰ ਬਾਦਲ ਨੂੰ ਫਾਇਦਾ ਨਹੀਂ ਪਹੁੰਚਾਵੇਗੀ, ਜਿਸ ਬਾਰੇ ਉਹ (ਖਹਿਰਾ) ਮੇਨ ਲੜਾਈ ਲੜਨ ਦਾ ਦਾਅਵਾ ਕਰ ਰਹੇ ਹਨ? ਇਸ ਦੇ ਜਵਾਬ ਵਿੱਚ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਭਰਮ ਅਤ ਗਲਤ ਫੈਮੀਆਂ ਭਗਵੰਤ ਮਾਨ ਵਰਗੇ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਹਨ, ਤੇ ਉਹ ਇਹ ਪੁੱਛਣਾ ਚਾਹੁੰਦੇ ਹਨ ਕਿ ਫਿਰ ਮਾਨ ਨੇ ਆਪ ਖੁਦ ਜਲਾਲਾਬਾਦ ਤੋਂ ਚੋਣ ਕਿਉਂ ਲੜੀ? ਕੀ ਉਹ ਉੱਥੇ ਸੁਖਬੀਰ ਬਾਦਲ ਦੀ ਜਿੱਤ ਪੱਕੀ ਕਰਨ ਗਏ ਸਨ? ਖਹਿਰਾ ਨੇ ਕਿਹਾ ਕਿ ਉਹ ਇਹ ਸਮਝਦੇ ਹਨ ਕਿ ਪੰਜਾਬ ਦੀ ਸਿਆਸਤ ‘ਤੇ 2 ਵੱਡੇ ਪਰਿਵਾਰਾਂ, ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ, ਨੇ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਦੋਵਾਂ ਪਰਿਵਾਰਾਂ ਨੂੰ ਚੁਣੌਤੀ ਦੇਣ ਦੀ ਲੋੜ ਸੀ, ਤੇ ਉਹ ਬਠਿੰਡਾ ਤੋਂ ਚੋਣ ਲੜ ਕੇ ਇਹੋ ਕਰਨਾ ਚਾਹੁੰਦੇ ਹਨ। ਖਹਿਰਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫੈਸਲਾ ਹੈ ਜੋ ਕਿ ਉਨ੍ਹਾਂ (ਖਹਿਰਾ) ਦਾ ਕੈਰੀਅਰ ਤੱਕ ਤਬਾਹ ਕਰ ਸਕਦਾ ਹੈ। ਸੁਖਪਾਲ ਖਹਿਰਾ ਅਨੁਸਾਰ ਉਹ ਭਾਂਵੇਂ ਜਿੱਤਣ ਭਾਵੇਂ ਹਾਰਨ ਪਰ ਪੰਜਾਬ ਨੂੰ ਬਾਦਲ ਪਰਿਵਾਰ ਤੋਂ ਜਰੂਰ ਛੁਟਕਾਰਾ ਮਿਲਣਾ ਚਾਹੀਦਾ ਹੈ।

ਡੇਰਾ ਸੱਚਾ ਸੌਦਾ ਵਾਲਿਆਂ ਤੋਂ ਵੋਟ ਮੰਗਣ ਦੇ ਜਵਾਬ ਵਿੱਚ ਖਹਿਰਾ ਨੇ ਕਿਹਾ ਕਿ ਇਸ ਗੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਡੇਰੇ ‘ਤੇ ਜਾਣ ਦੀ ਬਜਾਏ ਉਹ ਮੁੱਦਾ ਅਧਾਰਿਤ ਰਾਜਨੀਤੀ ਕਰਨਗੇ, ਜਿਹੜੀ ਕਿ ਇਨ੍ਹਾਂ ਚੋਣਾਂ ਵਿੱਚ ਫੈਸਲਾ ਕਰੇਗੀ। ਸੁਖਪਾਲ ਖਹਿਰਾ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਖਹਿਰਾ ਦੀ ਆਪ ਵਿਰੋਧੀ ਤਾਕਤਾਂ ਮਦਦ ਕਰ ਰਹੀਆਂ ਹਨ ਇਹ ਬਿਲਕੁਲ ਬਕਵਾਸ ਹੈ ਕਿਉਂਕਿ ਜਦੋਂ ਸੁਖਪਾਲ ਖਹਿਰਾ ਨੂੰ ਨਫਰਤ ਕਰਨ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਅਮਰਿੰਦਰ ਅਤੇ ਬਾਦਲ ਦੋਵੇਂ ਇਕੱਠੇ ਦਿਖਾਈ ਦਿੰਦੇ ਹਨ।

ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਨੇ ਕਿਹਾ ਕਿ ਜਿਉਂ ਜਿਉਂ ਚੋਣ ਪ੍ਰਚਾਰ ਭਖੇਗਾ,ਤਿਉਂ ਤਿਉਂ ਹੈਰਾਨੀ ਜਨਕ ਚੀਜ਼ਾਂ ਸਾਹਮਣੇ ਆਉਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਦੇ ਚੋਣ ਨਤੀਜੇ ਪਾਕਿਸਤਾਨ ਅੰਦਰ ਹੋਈਆਂ ਆਮ ਚੋਣਾਂ ਦੇ ਨਤੀਜਿਆਂ ਵਾਂਗ ਸਾਰਿਆਂ ਨੂੰ ਹੈਰਾਨ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਾਕਿਸਤਾਨ ਅੰਦਰ ਆਮ ਚੋਣਾਂ ਤੋਂ ਪਹਿਲਾਂ ਇਹ ਕਹਿ ਰਹੇ ਸਨ ਕਿ ਮੁੱਖ ਮੁਕਾਬਲਾ ਸਿਰਫ ਨਵਾਜ਼ ਸ਼ਰੀਫ ਅਤੇ ਭੁੱਟੋ ਪਰਿਵਾਰਾਂ ਵਿੱਚ ਹੈ ਕਿਉਂਕਿ ਇਹ ਦੋਵੇਂ ਪਰਿਵਾਰ ਹੀ ਪਾਕਿਸਤਾਨ ‘ਤੇ ਰਾਜ ਕਰ ਸਕਦੇ ਹਨ, ਉਹ ਅੱਜ ਵੇਖ ਸਕਦੇ ਹਨ ਕਿ ਇਮਰਾਨ ਖਾਨ ਦਾ ਕੱਦ ਗੁਆਂਢੀ ਮੁਲਕ ਵਿੱਚ ਕਿੰਨਾ ਵੱਡਾ ਹੋ ਕੇ ਨਿੱਕਲਿਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਨੂੰ ਤੀਜੇ ਬਦਲ ਦੀ ਲੋੜ ਹੈ ਅਤੇ ਉਹ ਲੋਕ ਇਹੋ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

- Advertisement -

 

Share this Article
Leave a comment