ਸੌ ਸਾਲ ਬਾਅਦ ਜੱਲ੍ਹਿਆਂ ਵਾਲੇ ਬਾਗ਼ ‘ਚ ਘਟੀ ਅਜਿਹੀ ਘਟਨਾ, ਦਰ-ਦਰ ਭਟਕਣ ਲਾ ਤੇ ਸ਼ਹੀਦ ਪਰਿਵਾਰ

TeamGlobalPunjab
4 Min Read

ਅੰਮ੍ਰਿਤਸਰ : ਜੱਲ੍ਹਿਆਂ ਵਾਲਾ ਬਾਗ ਸਾਕੇ ਦੇ 100 ਸਾਲ ਪੂਰੇ ਹੋਣ ਤੇ ਪੰਜਾਬ ਸਰਕਾਰ ਵੱਲੋਂ ਬਾਗ਼ ਅੰਦਰ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਿੱਥੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਨਕਈਆ ਨਾਇਡੂ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਿਰਕਤ ਕੀਤੀ, ਉੱਥੇ ਹੋਰਨਾਂ ਤੋਂ ਇਲਾਵਾ ਇਸ ਸਾਕੇ ਵਿੱਚ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ। ਪਰ ਦੱਸ ਦਈਏ, ਕਿ ਇਹ ਸਰਕਾਰੀ ਸਮਾਗਮ ਵੀ, ਜਿਸ ਦਾ ਆਯੋਜਨ ਜਿਹੜਾ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਲਈ ਕੀਤਾ ਗਿਆ ਸੀ, ਸਿਰਫ ਸਿਆਸੀ ਸਮਾਗਮ ਹੀ  ਹੋ ਨਿੱਬੜਿਆ ਤੇ ਹਾਲਾਤ ਇਹ ਰਹੇ ਕਿ ਜਿਨ੍ਹਾਂ ਸ਼ਹੀਦ ਪਰਿਵਾਰਾਂ ਨੂੰ ਸਰਕਾਰ ਵੱਲੋਂ ਖਾਸ ਤੌਰ ‘ਤੇ ਸੱਦਾ ਦਿੱਤਾ ਗਿਆ ਸੀ, ਉਨ੍ਹਾਂ ਵਿੱਚੋਂ ਜਿਆਦਾਤਰ ਨੁੰ ਉੱਥੇ ਕਿਸੇ ਨੇ ਨਹੀਂ ਪੁੱਛਿਆ ਤੇ ਅੰਤਕਾਲ ਉੱਥੇ ਦਰ ਦਰ ਭਟਕਦੇ ਸ਼ਹੀਦ ਪਰਿਵਾਰ ਦੇ ਇਨ੍ਹਾਂ ਲੋਕਾਂ ਨੇ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ।

ਸਾਡੇ ਪੱਤਰਕਾਰ ਸੁਖਚੈਨ ਸਿੰਘ ਨਾਲ ਗੱਲਬਾਤ ਕਰਦਿਆਂ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਵਿੱਚੋਂ ਇੱਕ ਟੇਕ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਸ੍ਰੀ ਖੁਸ਼ੀ ਰਾਮ ਇਸ ਖੂਨੀ ਸਾਕੇ ਵਿੱਚ ਸ਼ਹੀਦ ਹੋਏ ਸਨ ਤੇ ਅੱਜ ਦੇ ਦਿਹਾੜੇ ਸਰਕਾਰ ਨੇ ਸਾਨੂੰ ਇੱਥੇ ਆਨ ਲਈ ਕਾਰਡ ਦੇ ਰੂਪ ਵਿੱਚ ਸੱਦਾ ਦਿੱਤਾ ਸੀ। ਪਰ ਇੱਥੇ ਆ ਕੇ ਉਨ੍ਹਾਂ ਦਾ ਹਾਲ ਇਹ ਹੈ ਕਿ ਉਹ ਜਗ੍ਹਾ ਜਗ੍ਹਾ ਭਟਕ ਰਹੇ ਹਨ, ਧੱਕੇ ਖਾ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਨਹੀਂ ਪੁੱਛ ਰਿਹਾ, ਤੇ ਅਖੀਰ ਵਿੱਚ ਆ ਕੇ ਜਿੱਥੇ ਸ਼ਹੀਦ ਸਮਾਰਕ ਬਣਿਆ ਹੋਇਆ ਹੈ ਜਦੋਂ ਉਹ ਉੱਥੇ ਪਹੁੰਚੇ ਤਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਕਹਿ ਦਿੱਤਾ ਕਿ ਤੁਹਾਡਾ ਨਾਮ ਲਿਸਟ ਵਿੱਚ ਨਹੀਂ ਹੈ। ਜਿਸ ਤੋਂ ਬਾਅਦ ਅਸੀਂ ਕਹਿ ਦਿੱਤਾ ਕਿ, ਜੇਕਰ ਇੱਥੇ ਸਾਡਾ ਹੀ ਨਹੀਂ ਸਨਮਾਨ ਹੋਣਾ ਤਾਂ ਫਿਰ ਇੱਥੇ ਕੋਈ ਫਾਇਦਾ ਨਹੀਂ ਹੈ ਖੜ੍ਹੇ ਰਹਿਣ ਦਾ। ਲਿਹਾਜਾ ਅਸੀਂ ਬਾਈਕਾਟ ਕਰਨ ਦਾ ਫੈਸਲਾ ਕੀਤਾ।

ਕੁਝ ਇਹੋ ਜਿਹਾ ਹੀ ਹਾਲ ਸ਼ਹੀਦ ਪਰਿਵਾਰ ਦੇ ਇੱਕ ਹੋਰ ਮੈਂਬਰ ਨਨੀਸ਼ ਬਹਿਲ ਨੇ ਬਿਆਨ ਕੀਤਾ ਜਿਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪੜਦਾਦਾ ਹਰੀ ਰਾਮ ਬਹਿਲ ਇਸ ਖੂਨੀ ਸਾਕੇ ਵਿੱਚ ਜਨਰਲ ਡਾਇਰ ਦੇ ਸਿਪਾਹੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਏ ਸਨ। ਨਨੀਸ਼ ਅਨੁਸਾਰ ਇਹ ਸਮਾਗਮ ਇਸ ਲਈ ਕੀਤਾ ਗਿਆ ਸੀ ਕਿ ਇੱਥੇ ਸੌ ਸਾਲ ਪਹਿਲਾਂ ਹੋਏ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇੱਥੇ ਉਪ ਰਾਸ਼ਟਰਪਤੀ ਆਏ ਜਿਹੜੇ ਕਿ ਗਿਣਤੀ ਦੇ 10 ਮਿੰਟ ਹੀ ਬੈਠੇ ਹੋਣੇ ਐ। ਨਨੀਸ਼ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਜੱਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਵਾਲਾ ਸਮਾਗਮ ਨਹੀਂ, ਬਲਕਿ ਸਿਆਸੀ ਸਮਾਗਮ ਬਣ ਕੇ ਰਹਿ ਗਿਆ ਸੀ। ਕਿਉਂਕਿ ਸਿਆਸੀ ਬੰਦੇ ਹੀ ਅੱਗੇ ਬੈਠੇ ਹੋਏ ਸੀ ਸ਼ਹੀਦਾਂ ਦੇ ਪਰਿਵਾਰਾਂ ‘ਚੋਂ ਕਿਸੇ ਬੰਦੇ ਨੂੰ ਵੀ ਅੱਗੇ ਨਹੀਂ ਬਿਠਾਇਆ ਗਿਆ। ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਸ਼ਹੀਦਾਂ ਦੇ ਪਰਿਵਾਰ ਨੂੰ ਨਾ ਮਿਲ ਕੇ ਗਏ, ਤੇ ਨਾ ਹੀ ਉਨ੍ਹਾਂ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਲਈ ਕੋਈ ਭਾਸ਼ਣ ਦਿੱਤਾ ਗਿਆ। ਨਨੀਸ਼ ਅਨੁਸਾਰ ਉਨ੍ਹਾਂ ਦਾ ਖਿਆਲ ਹੈ ਕਿ ਇਸ ਸਮਾਗਮ ‘ਤੇ ਕੁੱਲ ਦੋ ਤਿੰਨ ਕਰੋੜ ਰੁਪਇਆ ਖਰਚ ਆ ਗਿਆ ਹੋਣੈ, ਤੇ ਜੇਕਰ ਇੰਨਾ ਪੈਸਾ ਇਸ ਬਾਗ਼ ‘ਤੇ ਲੱਗ ਜਾਂਦਾ ਤਾਂ ਇਸ ਦੀ ਹਾਲਤ ਸੁਧਰ ਸਕਦੀ ਸੀ। ਇਸ ਤੋਂ ਇਲਾਵਾ ਸ਼ਹੀਦ ਗੁਰ ਸਿੰਘ ਦੇ ਪੋਤਰੇ ਬੀਰ ਸਿੰਘ ਤੇ ਸ਼ਹੀਦ ਹਰਨਾਮ ਸਿੰਘ ਦੀ ਪੋਤਰੀ ਅਮ੍ਰਿਤ ਕੌਰ ਦਾ ਕਹਿਣਾ ਸੀ ਕਿ ਜਿਹੜੇ ਲੋਕ ਇਸ ਖੂਨੀ ਸਾਕੇ ਵਿੱਚ ਆਪਣੀਆਂ ਜਾਨਾਂ ਗਵਾ ਗਏ ਸਨ, ਉਨ੍ਹਾਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ।

 

- Advertisement -

Share this Article
Leave a comment