ਸੁੱਚਾ ਸਿੰਘ ਛੋਟੇਪੁਰ ਸ਼ਾਮਲ ਹੋਣਗੇ ਅਕਾਲੀ ਦਲ ‘ਚ?

TeamGlobalPunjab
2 Min Read

ਕਾਦੀਆਂ : ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਕਥਿਤ ਇਲਜ਼ਾਮਾਂ ਅਧੀਨ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ, ਤੇ ਹੁਣ ਛੋਟੇਪੁਰ ਸੂਬੇ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਕਰ ਸਕਦੇ ਨੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਆਸ ਅਰਾਈਆਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਅਕਾਲੀ ਦਲ ਬਾਦਲ  ਸੁੱਚਾ ਸਿੰਘ ਛੋਟੇਪੁਰ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦੇ ਲਈ ਉਤਸੁਕ ਹੈ। ਇਸ ਮਕਸਦ ਦੀ ਪੂਰਤੀ ਲਈ ਉਨ੍ਹਾਂ ਨੇ ਸੁੱਚਾ ਸਿੰਘ ਛੋਟੇਪੁਰ ਨਾਲ ਰਾਵਤਾ ਕਾਇਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸੁੱਚਾ ਸਿੰਘ ਦੀ ਇਮਾਨਦਾਰ ਅਤੇ ਬੇਦਾਗ ਰਵੱਈਆ ਸ਼੍ਰੋਮਣੀ ਅਕਾਲੀ ਦਲ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਹੈ ਤੇ ਇਸੇ ਲਈ ਹੀ ਅਕਾਲੀ ਛੋਟੇਪੁਰ ਨੂੰ ਅਕਾਲੀ ਦਲ ‘ਚ ਸ਼ਾਮਲ ਕਰਨਾ ਚਾਹੁੰਦੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਪਾਰਟੀ ਨੂੰ ਛੱਡ ਕੇ ਅਲੱਗ ਟਕਸਾਲੀ ਅਕਾਲੀ ਦਲ ‘ਚ ਸ਼ਾਮਲ ਹੋਏ ਹਨ, ਉਸ ਸਮੇਂ ਤੋਂ ਹੀ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਕਿਸੇ ਇਮਾਨਦਾਰ ਅਤੇ ਸੀਨੀਅਰ ਆਗੂ ਨੂੰ ਇਸ ਹਲਕੇ ਤੋਂ ਚੋਣ ਲੜਾਉਣਾ ਚਾਹੁੰਦਾ ਹੈ। ਇੱਥੇ ਇਹ ਵੀ ਕਿਆਸ ਲਾਏ ਜਾ ਰਹੇ ਹਨ, ਕਿ ਛੋਟੇਪੁਰ ਦੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਪਾਰਟੀ ਦਾ ਸਤਰ ਇਸ ਹਲਕੇ ‘ਚ ਕਾਫੀ ਮਜ਼ਬੂਤ ਹੋ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੁੰਦੇ ਹਨ ਤਾਂ ਪਾਰਟੀ ਉਨ੍ਹਾਂ ਨੂੰ ਇਸ ਵਿਧਾਨ ਸਭਾ ਹਲਕੇ ਦੀ ਕਮਾਨ ਵੀ ਸੌਂਪ ਸਕਦੀ ਹੈ ਅਤੇ ਉਨ੍ਹਾਂ ਨੂੰ ਅਗਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਇਸ ਸੀਟ ਤੋਂ ਉਮੀਦਵਾਰ ਵੀ ਐਲਾਨ ਸਕਦੀ ਹੈ।

Share this Article
Leave a comment