ਸਿੱਖ ਜਥੇਬੰਦੀਆਂ ਤੇ ਪੁਲਿਸ ਫਿਰ ਆਹਮੋਂ ਸਾਹਮਣੇ, ਬੇਅਦਬੀ ਦਾ ਮੁੱਦਾ ਫਿਰ ਉੱਠ ਖਲ੍ਹੋਤਾ, ਕੇਂਦਰੀ ਗ੍ਰਹਿ ਮੰਤਰਾਲੇ ਤੱਕ ਗਈ ਗੂੰਜ!

TeamGlobalPunjab
3 Min Read

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਇਸ ਕੇਸ ਦੀ ਕਲੋਜ਼ਰ ਰਿਪੋਰਟ ਅਦਾਲਤ ‘ਚ ਦਾਖ਼ਲ ਕਰਕੇ ਮਾਮਲਾ ਬੰਦ ਕਰਨ ਦੀ ਕਵਾਇਤ ਸ਼ੁਰੂ ਕਰ ਦਿੱਤੀ ਹੈ। ਜਿਸ ਦਾ ਕਿ ਸਿੱਖ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਫੈਸਲੇ ‘ਤੇ ਰੋਸ ਪ੍ਰਗਟ ਕਰਦਿਆਂ ਸਿੱਖ ਜਥੇਬੰਦੀਆਂ ਨੇ ਸੀਬੀਆਈ ਦੇ ਚੰਡੀਗੜ੍ਹ ਸਥਿਤ ਦਫਤਰ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਸਿੱਖਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਪੰਥਕ ਆਗੂ ਭਾਈ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਵਿੱਚ ਕੀਤਾ ਜਾਵੇਗਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਭਾਈ ਸੁਖਜੀਤ ਸਿੰਘ ਖੋਸਾ ਨੇ ਦੱਸਿਆ ਕਿ ਸਰਕਾਰ ਵੱਲੋਂ ਬਲਤਕਾਰ ਅਤੇ ਕਤਲ ਮਾਮਲਿਆਂ ਦੇ ਦੋਸ਼ਾਂ ਹੇਠ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜ਼ਮਾਨਤ ‘ਤੇ ਬਾਹਰ ਕੱਢਣ ਦੀ ਪੂਰੀ ਪੂਰੀ ਤਿਆਰੀ ਕਰ ਲਈ ਹੈ। ਇਸੇ ਲਈ ਸੀਬੀਆਈ ਵੱਲੋਂ ਬੇਅਦਬੀ ਮਾਮਲਿਆਂ ਦੀ ਕਲੋਜ਼ਰ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। ਜਿਹੜੀ ਕਿ ਇਹ ਸਾਬਤ ਕਰਦੀ ਹੈ ਕਿ ਰਾਜਨੀਤਕ ਆਗੂ ਅਜਿਹੇ ਗੰਭੀਰ ਮੁੱਦਿਆਂ ‘ਤੇ ਵੀ ਸਿਆਸੀ ਰੋਟੀਆਂ ਸੇਕਣੋਂ ਬਾਜ਼ ਨਹੀਂ ਆਉਂਦੇ।

ਦੱਸ ਦਈਏ ਕਿ ਬੀਤੇ ਦਿਨੀਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਜਾਂਚ ਏਜੰਸੀ ਸੀਬੀਆਈ ਦੇ ਅਧਿਕਾਰੀਆਂ ਨੇ ਅਦਾਲਤ ‘ਚ ਇਸ ਕੇਸ ਦੀ ਕਲੋਜ਼ਰ ਰਿਪੋਰਟ ਦਾਖਲ ਕਰਕੇ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਹੁਣ ਤੱਕ ਦੀ ਜਾਂਚ ਦੌਰਾਨ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਜਿਸ ਤੋਂ ਉਨ੍ਹਾਂ ਲੋਕਾਂ ਦੇ ਖਿਲਾਫ ਜ਼ੁਰਮ ਸਾਬਤ ਹੁੰਦਾ ਹੋਵੇ ਜਿੰਨ੍ਹਾਂ ਨੂੰ ਬੇਅਦਬੀ ਮਾਮਲਿਆਂ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਲਿਹਾਜਾ ਇਸ ਕੇਸ ਨੂੰ ਬੰਦ ਕੀਤਾ ਜਾਵੇ। ਜਿਉਂ ਹੀ ਇਹ ਖ਼ਬਰ ਆਈ ਚਾਰੇ ਪਾਸੇ ਇਹ ਚਰਚਾ ਛਿੜ ਗਈ ਕਿ ਸੀਬੀਆਈ ਰਾਹੀਂ ਇਸ ਕੇਸ ਨੂੰ ਇਸ ਲਈ ਬੰਦ ਕਰਵਾਇਆ ਜਾ ਰਿਹਾ ਹੈ ਕਿਉਂਕਿ ਸਿਆਸਤਦਾਨ, ਸੱਤਾਧਾਰੀ ਲੋਕ ਆਉਂਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਪ੍ਰੇਮੀਆਂ ਤੋਂ ਫਾਇਦਾ ਲੈਣਾ ਚਾਹੁੰਦੇ ਹਨ। ਜਿਸ ਕਾਰਨ ਲਗਭਗ ਸਾਰੇ ਪਾਸੇ ਸੀਬੀਆਈ ਦੇ ਇਸ ਫੈਸਲੇ ਦੀ ਨਖੇਧੀ ਕੀਤੀ ਜਾਣ ਲੱਗ ਪਈ ਸੀ। ਇੱਥੇ ਹੀ ਬੱਸ ਨਹੀਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਸੀਬੀਆਈ ਦੇ ਫੈਸਲੇ ਨੂੰ ਉੱਪਰਲੀ ਅਦਾਲਤ ‘ਚ ਚੁਣੌਤੀ ਦੇਣ ਦੀ ਗੱਲ ਵੀ ਕਹੀ ਗਈ ਸੀ। ਹੁਣ ਖੋਸਾ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਵੱਲੋਂ ਸੀਬੀਆਈ ਵਿਰੁੱਧ ਇਹ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Share this Article
Leave a comment