ਸਟੇਜ ਦੇ ਸਾਹਮਣੇ ਬੈਠੇ ਲੋਕਾਂ ਨੇ ਕੀਤੀ ਅਜਿਹੀ ਹਰਕਤ, ਕਿ ਜੱਸੀ ਜਸਰਾਜ ਨੂੰ ਆ ਗਿਆ ਗੁੱਸਾ, ਕਹਿੰਦਾ ਜੁੱਤੀਆਂ ਨਾ ਖਾ ਲਿਓ, ਵੋਟ ਨਹੀਂ ਪਾਉਣੀ ਤਾਂ ਨਾ ਪਾਇਓ

TeamGlobalPunjab
5 Min Read

ਲਹਿਰਾਗਾਗਾ : ਲੋਕ ਸਭਾ ਹਲਕਾ ਸੰਗਰੂਰ ਤੋਂ ਪੰਜਾਬ ਜ਼ਮਹੂਰੀ ਗੱਠਜੋੜ ਦੇ ਸਾਂਝੇ ਉਮੀਦਵਾਰ ਜੱਸੀ ਜਸਰਾਜ ਬੀਤੀ ਕੱਲ੍ਹ ਵਿਧਾਨ ਸਭਾ ਹਲਕਾ ਲਹਿਰਾਗਾਗਾ ‘ਚ ਪੈਂਦੇ ਪਿੰਡ ਮੰਡਵੀ ਪਹੁੰਚੇ। ਜਿੱਥੇ ਉਹ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਤਾਂ ਇੱਕ ਅਜਿਹੀ ਘਟਨਾ ਵਾਪਰੀ ਕਿ ਜਿਸ ਨੇ, ਕੀ ਸਮਾਜਿਕ, ਤੇ ਕੀ ਸਿਆਸੀ ਹਲਕਿਆਂ ਦੇ ਲੋਕਾਂ ਦੇ ਕੰਨ ਖੜ੍ਹੇ ਕਰ ਦਿੱਤੇ। ਹੋਇਆ ਇੰਝ, ਕਿ ਜੱਸੀ ਜਸਰਾਜ ਜਦੋਂ ਸਟੇਜ਼ ਤੋਂ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਦੇ ਉਦਾਹਰਨ ਦੇਣ ਲਈ ਆਪਣੇ ਕੋਲ ਖੜ੍ਹੇ ਇੱਕ ਕਮਜੋਰ ਜਿਹੇ ਬੱਚੇ ਨੂੰ ਅੱਗੇ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ, ਕਿ ਪੰਜਾਬ ਦੇ ਸਿਆਸਤਦਾਨਾਂ ਨੇ ਸੂਬੇ ਦੀ ਇਹੋ ਜਿਹੀ ਹਾਲਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕਿ ਜੱਸੀ ਜਸਰਾਜ ਦੇ ਇਸ ਕਥਨ ‘ਤੇ ਭੜ੍ਹਕ ਕੇ ਉਹ ਬੱਚਾ ਖੁਦ ਕੁਝ ਬੋਲਦਾ, ਜੱਸੀ ਦਾ ਭਾਸ਼ਣ ਸੁਣ ਰਹੇ ਸਾਹਮਣੇ ਬੈਠੇ ਲੋਕਾਂ ਵਿੱਚੋਂ ਕੁਝ ਨੇ ਹੱਸਣਾ ਸ਼ੁਰੂ ਕਰ ਦਿੱਤਾ। ਜਿਸ ਨੂੰ ਦੇਖ ਕੇ ਜੱਸੀ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਆਪਣਾ ਭਾਸ਼ਣ ਸੁਣ ਰਹੇ ਲੋਕਾਂ ਨੂੰ ਮੂੰਹ ‘ਤੇ ਹੀ ਕਹਿ ਦਿੱਤਾ, ” ਉਹ ਮੈਥੋਂ ਨਾ ਜੁੱਤੀਆਂ ਨਾ ਖਾ ਲਿਓ? ਨਹੀਂ ਵੋਟ ਪਾਉਣੀ ਨਾ ਪਾਇਓ!” ਤੇ ਫਿਰ ਉਸ ਕਮਜੋਰ ਬੱਚੇ ਦੇ ਸਿਰ ‘ਤੇ ਹੱਥ ਰੱਖ ਕੇ ਬੋਲੋ ਕਿ “ਇਹੋ ਜਿਹੀ ਹਾਲਤ ਕਰਤੀ”, ਤੇ ਫਿਰ ਆਪਣੇ ਡੌਲੇ ਕਿਸੇ ਪਹਿਲਵਾਨ ਵਾਂਗ ਲੋਕਾਂ ਨੂੰ ਦਿਖਾਉਂਦਿਆਂ ਕਿਹਾ ਕਿ “ਕਦੇ ਐਦਾਂ ਦੇ ਹੁੰਦੇ ਸੀ, ਇਹ ਕੋਈ ਹੱਸਣ ਵਾਲੀ ਗੱਲ ਹੈ? ਇਸੇ ਕਰਕੇ ਤੁਹਾਨੂੰ ਜੁੱਤੀਆਂ ਪੈਂਦੀਆਂ ਨੇ, ਕਦੇ ਕਾਂਗਰਸ ਦੀਆਂ, ਕਦੇ ਅਕਾਲੀਆਂ ਦੀਆਂ ਤੇ ਕਦੇ ਬੀਜੇਪੀ ਦੀਆਂ। ਖਾਈ ਜਾਓ!” ਭਾਵੇਂ ਕਿ ਜੱਸੀ ਜਸਰਾਜ ਨੇ ਆਪਣੇ ਸਾਹਮਣੇ ਬੈਠੇ ਲੋਕਾਂ ਨੂੰ ਗੁੱਸੇ ਨਾਲ ਜੋ ਕੁਝ ਵੀ ਬੋਲਿਆ ਉਹ ਸ਼ਾਇਦ ਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਲਈ ਹੀ ਕਿਹਾ ਸੀ, ਪਰ ਜਿਸ ਲੈਹਿਜੇ ਨਾਲ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਗੱਲ ਕਹਿ ਦਿੱਤੀ, ਉਹ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਵਿਵਾਦ ਛੇੜ ਗਈ ਕਿਉਂਕਿ ਵਿਰੋਧੀਆਂ ਅਨੁਸਾਰ ਜਿਹੜਾ ਬੰਦਾ ਵੋਟਾਂ ਤੋਂ ਪਹਿਲਾਂ ਵੋਟਰਾਂ ਨੂੰ ਜੁੱਤੀਆਂ ਮਾਰਨ ਦੀ ਗੱਲ ਕਹਿ ਰਿਹਾ ਹੈ, ਉਹ ਜਿੱਤ ਕੇ ਕੀ ਹਾਲ ਕਰੇਗਾ ਇਹ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ।

ਇੱਧਰ ਦੂਜੇ ਪਾਸੇ ਖਨੌਰੀ ‘ਚ ਬਹੁਜਨ ਸਮਾਜ ਪਾਰਟੀ ਦੇ ਦਫਤਰ ਅੰਦਰੋਂ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਜੱਸੀ ਜਸਰਾਜ ਨੇ ਉਕਤ ਮਾਮਲੇ ‘ਤੇ ਸਫਾਈ ਦਿੰਦਿਆਂ ਕਿਹਾ, ਕਿ ਜਿਹੜੀ ਵੀਡੀਓ ਸਬੰਧੀ ਉਨ੍ਹਾਂ (ਜੱਸੀ) ‘ਤੇ ਦੋਸ਼ ਲਾਏ ਜਾ ਰਹੇ ਹਨ, ਉਸ ਵੀਡੀਓ ਨੂੰ ਆਮ ਆਦਮੀ ਪਾਰਟੀ ਤੇ ਕੁਝ ਹੋਰ ਵਿਰੋਧੀਆਂ ਨੇ ਉਨ੍ਹਾਂ (ਜੱਸੀ) ਨੂੰ ਬਦਨਾਮ ਕਰਨ ਲਈ ਜਾਣ ਬੁੱਝ ਕੇ ਵਾਇਰਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਉਹ ਇੱਕ ਅਜਿਹੀ ਦਲਿਤ ਔਰਤ ਦੀ ਅਵਾਜ਼ ਚੁੱਕ ਰਹੇ ਸਨ, ਜਿਹੜੀ ਕਿ ਰੋ ਕੇ ਆਪਣਾ ਦੁੱਖ ਦੱਸ ਰਹੀ ਸੀ। ਜੱਸੀ ਅਨੁਸਾਰ ਉੱਥੇ ਹੀ ਕੁਝ ਜਾਣ ਬੁਝ ਕੇ ਭੇਜੇ ਗਏ ਲੋਕ ਵੀ ਮੌਕੇ ‘ਤੇ ਮੌਜੂਦ ਸਨ। ਜਿਨ੍ਹਾਂ ਨੇ ਉਸ ਦਲਿਤ ਮਾਂ ‘ਤੇ ਹੱਸਣਾ ਸ਼ੁਰੂ ਕਰ ਦਿੱਤਾ ਸੀ। ਜੱਸੀ ਜਸਰਾਜ ਅਨੁਸਾਰ ਇਸੇ ਕਾਰਨ ਉਨ੍ਹਾਂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਹੱਸਣ ਵਾਲੇ ਉਨ੍ਹਾਂ ਲੋਕਾਂ ਨੂੰ ਉਹ ਗੱਲ ਕਹੀ ਸੀ। (ਜੁੱਤੀਆਂ ਨਾ ਖਾ ਲਿਓ) ਤੇ ਇਸ ਗੱਲ ਤੋਂ ਉਹ ਮੁੱਕਰਦੇ ਨਹੀਂ ਹਨ, ਕਿਉਂਕਿ ਉਨ੍ਹਾਂ ਨੇ ਇਹ ਗੱਲ ਟਿਕਾ ਕੇ ਕਹੀ ਹੈ। ਜੱਸੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਦੀ ਵੋਟ ਦੀ ਲੋੜ ਨਹੀਂ ਜਿਹੜੇ ਇੱਕ ਮਾਂ ‘ਤੇ ਹਸਦੇ ਨੇ।

ਇਹ ਤਾਂ ਸੀ ਉਹ ਸਫਾਈ ਜਿਹੜੀ ਜੱਸੀ ਜਸਰਾਜ ਨੇ ਦਿੱਤੀ ਤੇ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੀ। ਪਰ ਜੇਕਰ ਉਸ ਵੀਡੀਓ ਨੂੰ ਮੁੜ ਚਲਾ ਕੇ ਵੇਖਿਆ ਜਾਵੇ, ਜਿਸ ਵਿੱਚ ਜੱਸੀ ਜਸਰਾਜ ਸਾਹਮਣੇ ਬੈਠੇ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਗੱਲ ਕਰ ਰਹੇ ਹਨ, ਤਾਂ ਪਤਾ ਲੱਗੇਗਾ ਕਿ ਸਾਹਮਣੇ ਬੈਠੇ ਲੋਕ ਉਸ ਗੱਲ ਵਿੱਚ ਸਿਰਫ ਇੱਕ ਵਾਰ ਹਸਦੇ ਹਨ, ਤੇ ਉਹ ਵੀ ਉਸ ਵੇਲੇ ਜਦੋਂ ਜੱਸੀ ਜਸਰਾਜ ਮੋਡੇ ਤੋਂ ਫੜ ਕੇ ਉਸ ਕਮਜੋਰ ਬੱਚੇ ਨੂੰ ਉਦਾਹਰਨ ਦੇ ਤੌਰ ‘ਤੇ ਸਾਹਮਣੇ ਬੈਠੇ ਲੋਕਾਂ ਅੱਗੇ ਪੇਸ਼ ਕਰਦੇ ਹਨ। ਹੁਣ ਇਸ ਵਿੱਚ ਸੱਚਾ ਕੌਣ ਹੈ ਤੇ ਝੂਠਾ ਕੌਣ? ਇਹ ਤਾਂ ਅਜੇ ਪਤਾ ਨਹੀਂ, ਪਰ ਵੋਟਾਂ ਮੰਗਣ ਗਿਆ ਕੋਈ ਉਮੀਦਵਾਰ ਵੋਟਰਾਂ ਨੂੰ ਸਟੇਜ ਤੋਂ ਜੁੱਤੀਆਂ ਮਾਰਨ ਵਾਲਾ ਬਿਆਨ ਦਿੰਦਾ ਪਹਿਲੀ ਵਾਰ ਦਿਖਾਈ ਦਿੱਤਾ ਸੀ। ਲਿਹਾਜਾ ਰੌਲਾ ਤਾਂ ਪੈਣਾ ਈ ਸੀ! ਸੋ ਪੈ ਗਿਆ। ਹੁਣ ਇਹ ਰੌਲਾ ਅੱਗੇ ਚੱਲ ਕੇ ਕੀ ਚੰਨ ਚਾੜ੍ਹੇਗਾ, ਇਹ ਤਾਂ ਪਤਾ ਨਹੀਂ, ਪਰ ਫਿਲਹਾਲ ਇਸ ਮੁੱਦੇ ਨੇ ਵਿਰੋਧੀਆਂ ਦੇ ਪੈਰ ਥੱਲੇ ਬਟੇਰ ਜਰੂਰ ਦੇ ਦਿੱਤੀ ਹੈ।

 

- Advertisement -

Share this Article
Leave a comment